PreetNama
ਰਾਜਨੀਤੀ/Politics

ਮੋਦੀ ਦੀ ਨਵੀਂ ਕੈਬਨਿਟ ‘ਚ ਕਿਨ੍ਹਾਂ ਨੂੰ ਮਿਲੇਗੀ ਥਾਂ ਤੇ ਕਿਨ੍ਹਾਂ ਦੀ ਹੋਏਗੀ ਛੁੱਟੀ, ਜਾਣੋ ਵੇਰਵਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਗਲੇ ਕਾਰਜਕਾਲ ਲਈ 30 ਮਈ ਨੂੰ ਸਹੁੰ ਚੁੱਕਣਗੇ। ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਨਾਲ ਹੋਰ ਕੌਣ-ਕੌਣ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ? ਕੀ ਪ੍ਰਧਾਨ ਮੰਤਰੀ ਆਪਣੇ ਕੈਬਨਿਟ ਵਿੱਚ 2014 ਤੋਂ 2019 ਤਕ ਕੰਮ ਕਰਨ ਵਾਲਿਆਂ ਨੂੰ ਦੁਬਾਰਾ ਥਾਂ ਦੇਣਗੇ ਜਾਂ ਨਵਿਆਂ ਨੂੰ ਮੌਕਾ ਦੇਣਗੇ?

ਦਰਅਸਲ ਇਸ ਬਾਰੇ ਦੋ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਬੀਜੇਪੀ ਨੂੰ ਆਪਣੀ ਅਗਵਾਈ ‘ਚ ਵੱਡੀ ਜਿੱਤ ਹਾਸਲ ਕਰਾਉਣ ਵਾਲੇ ਅਮਿਤ ਸ਼ਾਹ ਪਹਿਲੀ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਪਾਰਲੀਮੈਂਟ ਪਹੁੰਚੇ ਹਨ। ਇੱਕ ਚਰਚਾ ਇਹ ਹੈ ਕਿ ਨਵੀਂ ਸਰਕਾਰ ਵਿੱਚ ਅਮਿਤ ਸ਼ਾਹ ਨੂੰ ਵੱਡਾ ਮੰਤਰਾਲਾ ਮਿਲ ਸਕਦਾ ਹੈ।

ਸੀਨੀਅਰ ਬੀਜੇਪੀ ਲੀਡਰ ਸੁਸ਼ਮਾ ਸਵਰਾਜ ਨੇ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੀਆਂ। ਉਹ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ। ਚਰਚਾਵਾਂ ਹਨ ਕਿ ਉਨ੍ਹਾਂ ਨੂੰ ਨਵੀਂ ਕੈਬਨਿਟ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਦਾ ਅੰਦਾਜ਼ਾ ਵਿੱਤ ਮੰਤਰੀ ਅਰੁਣ ਜੇਤਲੀ ਬਾਰੇ ਲਾਇਆ ਜਾ ਰਿਹਾ ਹੈ। ਜੇਤਲੀ ਪਿਛਲੇ ਕੁਝ ਦਿਨਾਂ ਤੋਂ ਸਿਹਤ ਲਾਭ ਲੈ ਰਹੇ ਹਨ। ਜੇਤਲੀ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਤੇ ਸੁਸ਼ਮਾ ਸਵਰਾਜ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸਨ। ਜੇ ਦੋਵੇਂ ਲੀਡਰ ਸਹੁੰ ਨਹੀਂ ਚੁੱਕਣਗੇ ਤਾਂ ਸਪੱਸ਼ਟ ਹੈ ਕਿ ਕੋਈ ਹੋਰ ਉਨ੍ਹਾਂ ਦੀ ਥਾਂ ਲਏਗਾ। ਕਿਆਸ ਹਨ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਪੋਰਟਫੋਲੀਓ ਬਦਲਿਆ ਜਾ ਸਕਦਾ ਹੈ।

ਕਈ ਲੀਡਰਾਂ ਦਾ ਮੰਨਣਾ ਹੈ ਕਿ ਪਿਛਲੀ ਸਰਕਾਰ ਦੇ ਕੁਝ ਅਹਿਮ ਮੈਂਬਰਾਂ ਨੂੰ ਮੰਤਰੀ ਮੰਡਲ ਵਿੱਚ ਬਰਕਰਾਰ ਰੱਖਿਆ ਜਾਵੇਗਾ। ਨਵੀਂ ਕੈਬਨਿਟ ਵਿੱਚ ਰਾਜਨਾਥ ਸਿੰਘ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਣ, ਰਵੀ ਸ਼ੰਕਰ ਪ੍ਰਸਾਦ, ਪਿਊਸ਼ ਗੋਇਲ, ਨਰਿੰਦਰ ਸਿੰਘ ਤੋਮਰ ਤੇ ਪ੍ਰਕਾਸ਼ ਜਾਵੜੇਕਰ ਵਰਗੇ ਪੁਰਾਣੇ ਚਿਹਰੇ ਬਣੇ ਰਹਿ ਸਕਦੇ ਹਨ। ਸੂਤਰਾਂ ਮੁਤਾਬਕ ਬੀਜੇਪੀ ਦੀ ਭਾਈਵਾਲ ਐਲਜੇਪੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਨੇ ਆਪਣੇ ਸੰਸਦ ਮੈਂਬਰ ਬੇਟੇ ਚਿਰਾਗ ਪਾਸਵਾਨ ਨੂੰ ਮੰਤਰੀ ਬਣਾਉਣ ਦੀ ਵਕਾਲਤ ਕੀਤੀ ਹੈ। ਪਾਸਵਾਨ ਪਿਛਲੇ ਸਰਕਾਰ ‘ਚ ਕੈਬਨਿਟ ਮੰਤਰੀ ਰਹੇ ਹਨ।

ਏਆਈਏਡੀਐਮਕੇ ਨੂੰ ਇਸ ਵਾਰ ਇੱਕ ਸੀਟ ਮਿਲੀ ਹੈ। ਤਾਮਿਲਨਾਡੂ ‘ਚ ਸੱਤਾ ‘ਚ ਹੋਣ ਕਰਕੇ ਉਨ੍ਹਾਂ ਨੂੰ ਇੱਕ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ। ਨਿਤਿਸ਼ ਕੁਮਾਰ ਦੀ ਪਾਰਟੀ ਜੇਡੀਯੂ ਨੂੰ ਵੀ ਸਹੀ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ। ਬੀਜੇਪੀ ਨੇ ਪੱਛਮੀ ਬੰਗਾਲ ਦੀਆਂ 18 ਸੀਟਾਂ ਤੇ ਤੇਲੰਗਾਨਾ ਵਿੱਚ ਚਾਰ ਸੀਟਾਂ ਜਿੱਤੀਆਂ ਹਨ। ਇਸ ਕਰਕੇ ਪਾਰਟੀ ਨਵੀਂ ਸਰਕਾਰ ਵਿੱਚ ਦੋਵਾਂ ਸੂਬਿਆਂ ਨੂੰ ਵਧੇਰੇ ਪ੍ਰਤੀਨਿਧਤਾ ਦੇ ਸਕਦੀ ਹੈ।

Related posts

ਮਹਾਰਾਸ਼ਟਰ ‘ਚ ਸਿਆਸੀ ਡਰਾਮਾ, ਹੁਣ ਤੱਕ ਤਿੰਨ ਪਾਰਟੀਆਂ ਨੂੰ ਸਰਕਾਰ ਬਣਾਉਣ ਦਾ ਸੱਦਾ

On Punjab

ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਦਾ ਸਨਮਾਨ

On Punjab

ਚੋਣ ਪ੍ਰਚਾਰ ਲਈ ਅੱਜ ਆਖ਼ਰੀ ਦਿਨ, 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ

On Punjab