ਨਵੀਂ ਦਿੱਲੀ: ਏਅਰ ਇੰਡੀਆ ਦੇ ਸੀਨੀਅਰ ਪਾਈਲਟ ਖਿਲਾਫ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਏਅਰਲਾਈਨ ਦੀ ਮਹਿਲਾ ਪਾਈਲਟ ਨੇ ਸੀਨੀਅਰ ਖਿਲਾਫ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਸਰੀਰਕ ਸਬੰਧਾਂ ਨਾਲ ਜੁੜੇ ਗਲਤ ਸਵਾਲ ਕੀਤੇ ਸੀ।
ਪੀੜਤ ਮਹਿਲਾ ਪਾਈਲਟ ਦਾ ਕਹਿਣਾ ਹੈ ਕਿ ਕਿਸੇ ਦੀ ਸਲਾਹ ਨਾਲ ਉਹ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਮੁਲਜ਼ਮ ਨਾਲ ਹੈਦਰਾਬਾਦ ਦੇ ਇੱਕ ਰੈਸਟੋਰੈਂਟ ‘ਚ ਡਿਨਰ ‘ਤੇ ਗਈ ਸੀ। ਉਹ ਇਸ ਲਈ ਰਾਜੀ ਹੋਈ ਕਿਉਂਕਿ ਕੁਝ ਉਡਾਣਾਂ ‘ਚ ਦੋਵੇਂ ਇਕੱਠੇ ਰਹੇ ਤੇ ਮੁਲਜ਼ਮ ਆਪਣੀ ਮਰਿਆਦਾ ਦਿਖਾਉਂਦਾ ਸੀ।
ਔਰਤ ਮੁਤਾਬਕ ਉਹ ਮੁਲਜ਼ਮ ਨਾਲ 5 ਮਈ ਦੀ ਸ਼ਾਮ ਕਰੀਬ 8 ਵਜੇ ਰੈਸਟੋਰੈਂਟ ਪਹੁੰਚੀ ਜਿੱਥੇ ਉਸ ਨੂੰ ਖ਼ਰਾਬ ਤਜ਼ਰਬੇ ਤੋਂ ਲੰਘਣਾ ਪਿਆ। ਮਹਿਲਾ ਦਾ ਕਹਿਣਾ ਹੈ, “ਮੁਲਜ਼ਮ ਨੇ ਆਪਣੀ ਨਾਖੁਸ਼ ਤੇ ਨਿਰਾਸ਼ ਵਿਆਹੁਤਾ ਜ਼ਿੰਦਗੀ ਦਾ ਜ਼ਿਕਰ ਸ਼ੁਰੂ ਕੀਤਾ। ਉਸ ਨੇ ਮੈਨੂੰ ਪਤੀ ਨਾਲ ਨਿੱਜੀ ਸਬੰਧਾਂ ਬਾਰੇ ਸਵਾਲ ਕੀਤੇ ਜਿਸ ‘ਤੇ ਮੈਂ ਕਿਹਾ ਕਿ ਅਜਿਹੇ ਮਾਮਲਿਆਂ ‘ਤੇ ਗੱਲ ਨਹੀਂ ਕਰਨੀ ਚਾਹੀਦੀ।”