61.97 F
New York, US
October 4, 2024
PreetNama
ਸਮਾਜ/Social

ਮਨੁੱਖ ਦਾ ਦਿਮਾਗ ਬਹੁਤ ਹੀ ਗੁੰਝਲਦਾਰ ਚੀਜ਼

ਮਨੁੱਖ ਦਾ ਦਿਮਾਗ ਬਹੁਤ ਹੀ ਗੁੰਝਲਦਾਰ ਚੀਜ਼ ਹੈ । ਅੱਜ ਤੱਕ ਇਸ ਨੂੰ ਸਾਇੰਸ ਵੀ ਪੂਰੀ ਤਰ੍ਹਾਂ ਨਾਲ ਨਹੀਂ ਸਮਝ ਸਕੀ । ਸਾਡੀ ਸੋਚ ਸਾਡੇ ਦਿਮਾਗ ਦੀ ਹੀ ਇੱਕ ਉਪਜ ਹੈ। ਸਾਡੀ ਯਾਦਦਾਸ਼ਤ ਸ਼ਕਤੀ ਇਤਨੀ ਤੇਜ਼ ਹੁੰਦੀ ਹੈ ਕਿ ਉਹ ਪੂਰੇ ਬ੍ਰਹਿਮੰਡ ਨੂੰ ਵੀ ਆਪਣੇ ਅੰਦਰ ਸਮਾ ਸਕਦੀ ਹੈ । ਅਸੀਂ ਮਨੁੱਖੀ ਸੋਚ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹਾਂ- ਨਕਾਰਾਤਮਕ ਅਤੇ ਸਕਰਾਤਮਕ।

ਅੱਜ ਅਸੀਂ ਪਹਿਲਾਂ ਤਾਂ ਗੱਲ ਕਰਾਂਗੇ ਕਿ ਸਾਡੀ ਸੋਚ ਬਣਦੀ ਕਿਵੇਂ ਹੈ ? ਜੜ੍ਹ ਤੋਂ ਦੇਖਿਆ ਜਾਵੇ ਤਾਂ ਇੱਕ ਬੱਚਾ ਆਪਣੀ ਮਾਂ ਦੀ ਕੁੱਖ ਤੋਂ ਹੀ ਸਭ ਕੁਝ ਸਿੱਖਣਾ ਸ਼ੁਰੂ ਕਰ ਦਿੰਦਾ ਹੈ । ਧਾਰਮਿਕ ਜਗਤ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਕਹਿੰਦੇ ਹਨ ਕਿ ਮਾਂ ਦੀ ਸੋਚ ਅਤੇ ਉਸ ਦੇ ਸੰਸਕਾਰ ਹੀ ਅੱਗੇ ਬੱਚੇ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਭੂਮਿਕਾ ਅਦਾ ਕਰਦੇ ਹਨ । ਇਸ ਲਈ ਗਰਭ ਦੌਰਾਨ ਇੱਕ ਔਰਤ ਦਾ ਚੰਗੇ ਮਾਹੌਲ ਵਿੱਚ ਰਹਿਣਾ ਬਾਅਦ ਜ਼ਰੂਰੀ ਹੁੰਦਾ ਹੈ। ਜਨਮ ਤੋਂ ਬਾਅਦ ਗੱਲ ਆਉਂਦੀ ਹੈ ਤੁਹਾਡੇ ਆਸ – ਪਾਸ ਦੇ ਵਾਤਾਵਰਣ ਦੀ । ਤੁਹਾਨੂੰ ਘਰ ਅਤੇ ਬਾਹਰੋਂ ਮਿਲ ਰਹੀ ਸਿੱਖਿਆ ਦੀ ਅਤੇ ਸੰਸਕਾਰਾਂ ਦੀ । ਜਦੋਂ ਬੱਚਾ ਸਕੂਲ ਜਾਣ ਲਗਦਾ ਹੈ ਤਾਂ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਉਹ ਕਿਸ ਪ੍ਰਕਾਰ ਦੇ ਮਾਹੌਲ ਅਤੇ ਲੋਕਾਂ ਵਿੱਚ ਉੱਠ ਬੈਠ ਰਿਹਾ ਹੈ ਕਿਉਂਕਿ ਸਕੂਲ ਇੱਕ ਇਨਸਾਨ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ । ਜਿੱਥੇ ਉਹ ਕੇਵਲ ਵਿੱਦਿਆ ਹੀ ਨਹੀਂ ਲੈਂਦਾ ਬਲਕਿ ਉਸ ਦਾ ਇੱਕ ਚਰਿੱਤਰ ਵੀ ਬਣਦਾ ਹੈ ਇਸ ਲਈ ਦੋਸਤਾਂ ਮਿੱਤਰਾਂ ਦੀ ਸਹੀ- ਗਲਤ ਸੰਗਤ ਤੁਹਾਡੀ ਸੋਚ ਨੂੰ ਜਨਮ ਦੇਵੇਗੀ ।

ਸਾਡੇ ਚਰਿੱਤਰ ਦਾ ਇੱਕ ਅਹਿਮ ਹਿੱਸਾ ਸਾਡੀਆਂ ਰੁਚੀਆਂ ਵੀ ਹੁੰਦੀਆਂ ਹਨ । ਸਾਡਾ ਕਿਸ ਕੰਮ ਵਿੱਚ ਜ਼ਿਆਦਾ ਮਨ ਲੱਗਦਾ ਹੈ , ਕੀ ਕਰਨਾ ਸਾਨੂੰ ਵਧੇਰੇ ਪਸੰਦ ਹੈ , ਇਸ ਨਾਲ ਵੀ ਮਨੁੱਖੀ ਚਰਿੱਤਰ ਦਰਸਾਇਆ ਜਾਂਦਾ ਹੈ ਇਸ ਅਤੇ ਇਹ ਸਭ ਸੋਚ ਦੀ ਹੀ ਉੱਪਜ ਹੈ । ਜੇਕਰ ਤੁਹਾਡੀ ਸੋਚ ਸਹੀ ਦਿਸ਼ਾ ਵੱਲ ਹੈ ਤਾਂ ਤੁਹਾਡੀਆਂ ਰੁਚੀਆਂ ਵੀ ਚੰਗੀਆਂ ਚੀਜ਼ਾਂ ਵੱਲ ਹੋਣਗੀਆਂ ।

ਸਭ ਤੋਂ ਵੱਡੇ ਪੱਧਰ ਤੇ ਦੇਖਿਆ ਜਾਵੇ ਤਾਂ ਸਾਡਾ ਧਰਮ ਸਾਡੀ ਸੋਚ ਤੇ ਸਭ ਤੋਂ ਵੱਧ ਪ੍ਰਭਾਵ ਪਾਉਂਦਾ ਹੈ। ਸਾਨੂੰ ਜਨਮ ਤੋਂ ਹੀ ਇੱਕ ਧਰਮ ਵਿੱਚ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਸਖਤ ਹਦਾਇਤ ਨਾਲ ਉਸ ਨੂੰ ਅਪਣਾਉਣ ਲਈ ਵੀ ਕਿਹਾ ਜਾਂਦਾ ਹੈ ਸਾਡੇ ਧਰਮ ਪੈਗੰਬਰਾਂ ਦੇ ਵਿਚਾਰਾਂ ਨੂੰ ਸਾਡੇ ਤੇ ਥੋਪਿਆ ਜਾਂਦਾ ਹੈ । ਫਿਰ ਸਾਡੇ ਰੀਤੀ ਰਿਵਾਜ ਅਤੇ ਸੱਭਿਆਚਾਰ ਵੀ ਸਾਡੀ ਸੋਚ ਨੂੰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ । ਅਸੀਂ ਬਚਪਨ ਤੋਂ ਜਿਸ ਸੱਭਿਆਚਾਰ ਜਾਂ ਮਾਹੌਲ ਵਿਚ ਪਲੇ ਵਧੇ ਹੁੰਦੇ ਹਾਂ ਸਾਨੂੰ ਉਹੀ ਜ਼ਿਆਦਾ ਵਧੀਆ ਲੱਗਦਾ ਹੈ । ਸਾਡੀ ਸੋਚ ਸ਼ੁਰੂ ਤੋਂ ਹੀ ਉਸ ਵਿੱਚ ਢਲ ਜਾਂਦੀ ਹੈ । ਕਈ ਲੋਕ ਧਰਮ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਦੇ ਇਤਨੇ ਕੱਟੜ ਬਣ ਜਾਂਦੇ ਹਨ ਕਿ ਉਨ੍ਹਾਂ ਨੂੰ ਦੂਸਰੇ ਧਰਮ ਇਤ ਆਦਿ ਸਭ ਬੁਰੇ ਹੀ ਲੱਗਦੇ ਹਨ ।
ਮੇਰੀ ਮੱਤ ਅਨੁਸਾਰ ਤਾਂ ਸੋਚ ਇੱਕ ਅਜਿਹੀ ਸ਼ਕਤੀ ਹੈ ਜਿਸ ਨੂੰ ਤੁਸੀਂ “ਰੱਬ ਦੀ ਦਾਈ” ਵੀ ਆਖ ਸਕਦੇ ਹੋ ਕਿਉਂਕਿ ਰੱਬ ਆਦਿ ਚੀਜ਼ਾਂ ਸਿਰਫ ਅਸੀਂ ਆਪਣੀ ਸੋਚ ਵਿੱਚ ਹੀ ਇੱਕ ਵਿਸ਼ਵਾਸ ਪੈਦਾ ਕੀਤਾ ਹੋਇਆ ਹੈ ।

ਸਭ ਤੋਂ ਮੂਲ ਕਾਰਨ ਜਿਸ ਨਾਲ ਇੱਕ ਮਨੁੱਖ ਦੀ ਸੋਚ ਬਣਦੀ ਹੈ ਉਹ ਹੈ ਸੁਣਨਾ , ਪੜ੍ਹਨਾ ਅਤੇ ਦੇਖਣਾ । ਤੁਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਪੜ੍ਹ , ਸੁਣ ਜਾਂ ਦੇਖ ਰਹੇ ਹੋ ਇਸ ਤੋਂ ਹੀ ਤੁਹਾਡੀ ਅੱਗੇ ਸੋਚ ਪੈਦਾ ਹੋਵੇਗੀ । ਤੁਹਾਡੀਆਂ ਰੁਚੀਆਂ ਬਣਨਗੀਆਂ ਅਤੇ ਫਿਰ ਉਨ੍ਹਾਂ ਮੁਤਾਬਿਕ ਤੁਸੀਂ ਆਪਣੀ ਜ਼ਿੰਦਗੀ ਜਿਉਂਵਗੇ । ਤੁਹਾਡੇ ਰਿਸ਼ਤੇ , ਤੁਹਾਡੇ ਆਸ ਪਾਸ ਦਾ ਮਾਹੌਲ , ਤੁਹਾਡਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਤੁਹਾਡੀ ਜ਼ਿੰਦਗੀ ਨੂੰ ਸਕਰਾਤਮਕ ਜਾ ਨਕਰਾਤਮਕ ਬਣਾਉਂਦਾ ਹੈ । ਇਹ ਤਾਂ ਅਸੀਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਸੋਚ ਕਿਵੇਂ ਬਣਦੀ ਹੇੈ । ਪਰ ਇਹ ਇੱਕ ਗੁੰਝਲਦਾਰ ਵਿਸ਼ਾ ਹੈ ਇਸ ਨੂੰ ਤੁਸੀਂ ਇਤਨੇ ਘੱਟ ਸ਼ਬਦਾਂ ਵਿੱਚ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ ਕਿਉਂਕਿ ਸੋਚ ਹੀ ਰੱਬ ਹੈ ਅਤੇ ਰੱਬ ਦੀ ਡੂੰਗਾਈ ਆਪਣੇ ਆਪ ਵਿੱਚ ਇਤਨੀ ਹੈ ਕਿ ਤੁਸੀਂ ਇਸ ਨੂੰ ਜਿਨ੍ਹਾਂ ਸਮਝੋਗੇ ਇਹ ਉਤਨੀ ਹੀ ਵਿਸ਼ਾਲ ਅਤੇ ਡੂੰਘੀ ਹੁੰਦੀ ਜਾਵੇਗੀ ।

ਹੁਣ ਅਸੀਂ ਗੱਲ ਕਰਾਂਗੇ ਮਨੁੱਖੀ ਸੋਚ ਦੇ ਦੋਨਾਂ ਪੱਖਾਂ ਬਾਰੇ ਸਕਾਰਾਤਮਕ ਅਤੇ ਨਕਾਰਾਤਮਕ । ਇਹ ਕੁਦਰਤੀ ਨਿਯਮ ਹੀ ਹੈ ਕਿ ਅਸੀਂ ਜਦੋਂ ਵੀ ਕੁਝ ਸੋਚਦੇ ਜਾਂ ਵਿਚਾਰਦੇ ਹਾਂ ਤਾਂ ਸਾਡੇ ਅੰਦਰ ਨਕਰਾਤਮਕ ਭਾਵ ਪਹਿਲਾਂ ਆ ਜਾਂਦੇ ਹਨ ਅਸੀਂ ਉਨ੍ਹਾਂ ਪ੍ਰਤੀ ਜ਼ਿਆਦਾ ਖਿੱਚੇ ਚਲੇ ਜਾਂਦੇ ਹਾਂ । ਪਰ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਸਕਾਰਾਤਮਕ ਨਹੀਂ ਹੋ ਸਕਦੇ ਇਹ ਬੱਸ ਥੋੜ੍ਹੇ ਸਮੇਂ ਲਈ ਸਾਡੇ ਦਿਮਾਗ਼ ਅੰਦਰ ਕੈਮੀਕਲ ਰੈਕਸ਼ਨ ਹੁੰਦੇ ਹਨ । ਜਿਨ੍ਹਾਂ ਨੂੰ ਅਸੀਂ ਪੂਰਨ ਤੌਰ ਤੇ ਆਪਣੇ ਵੱਸ ਵਿਚ ਰੱਖ ਸਕਦੇ ਹਾਂ । ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਨਕਾਰਾਤਮਿਕ ਹੋ ਰਹੇ ਹੋ ਤਾਂ ਤੁਹਾਨੂੰ ਇਸ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਨੂੰ ਖਤਮ ਕਰ ਸਕਦੀ ਹੈ। ਮਨੁੱਖ ਡਿਪਰੈਸ਼ਨ ਅਤੇ ਹੋਰ ਮਾਨਸਿਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਸਕਦਾ ਹੈ ।

ਕਈ ਮਨੁੱਖ ਤਾਂ ਆਤਮ ਹੱਤਿਆ ਤੱਕ ਵੀ ਕਰ ਲੈਂਦੇ ਹਨ । ਇਸ ਲਈ ਇਸ ਨਵੀਂ ਸੋਚ ਤੋਂ ਬਚਣਾ ਸਾਡੇ ਲਈ ਬਹੁਤ ਜ਼ਰੂਰੀ ਹੈ ।
ਹੇਠ ਲਿਖੇ ਕੁਝ ਟਿੱਪਸ ਤੁਹਾਨੂੰ ਨਕਾਰਾਤਮਕ ਵਿਚਾਰਾਂ ਤੋਂ ਦੂਰ ਲੈ ਕੇ ਜਾਣ ਵਿੱਚ ਸਹਾਇਕ ਹੋਣਗੇ ।
ਨਕਾਰਾਤਮਕ ਵਿਚਾਰਾਂ ਤੋਂ ਕਿਵੇਂ ਬਚਿਆ ਜਾਵੇ ?

1 ਸਭ ਤੋਂ ਪਹਿਲਾਂ ਤਾਂ ਤੁਸੀਂ ਜਿੱਥੇ ਬੈਠੇ ਹੋ ਉਸ ਜਗ੍ਹਾ ਤੋਂ ਇਧਰ ਉਧਰ ਹੋਣ ਦੀ ਕੋਸ਼ਿਸ਼ ਕਰੋ ਕਿਉਂਕਿ ਤੁਹਾਡੇ ਵਿਚਾਰਾਂ ਦੇ ਨਾਲ ਨਾਲ ਤੁਹਾਡੇ ਆਸ ਪਾਸ ਦੀ ਐਨਰਜ਼ੀ ਵੀ ਨਕਾਰਾਤਮਕ ਹੋ ਚੁੱਕੀ ਹੁੰਦੀ ਹੈ । ਇਸ ਲਈ ਆਪਣਾ ਸਥਾਨ ਬਦਲੋ।

2 ਸੈਰ ਸਪਾਟਾ ਕਰਨ ਨਿਕਲ ਜਾਓ ਜਾਂ ਫਿਰ ਕਿਸੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿਓ । ਇਸ ਨਾਲ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਵੱਲ ਜਾਵੇਗਾ ।

3 ਆਪਣੇ ਵਿਚਾਰਾਂ ਨੂੰ ਦੂਸਰੇ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰੋ । ਕੁਝ ਮਨੋਰੰਜਨ ਇਤ ਆਦਿ ਦੇਖੋ ਜਿਵੇਂ ਟੀ- ਵੀ ,ਰੇਡੀਓ ਆਦਿ ।

4 ਆਪਣੇ ਕਿਸੇ ਨਿੱਜੀ ਦੋਸਤ ਜਾਂ ਰਿਸ਼ਤੇਦਾਰ ਨਾਲ ਗੱਲਾਂ ਕਰੋ ਅਤੇ ਆਪਣੀਆਂ ਸਮੱਸਿਆਵਾਂ ਜਾਂ ਉੱਠ ਰਹੇ ਨਕਾਰਾਤਮਿਕ ਭਾਵਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ।

5 ਜੇਕਰ ਤੁਹਾਨੂੰ ਕੋਈ ਚੰਗਾ ਦੋਸਤ ਜਾਂ ਗੱਲ ਕਰਨ ਨੂੰ ਕੋਈ ਚੰਗਾ ਬੰਦਾ ਨਹੀਂ ਮਿਲ ਰਿਹਾ ਤਾਂ ਆਪਣੇ ਵਿਚਾਰ ਅਤੇ ਮਨ ਦੀ ਗੱਲ ਨੂੰ ਇੱਕ ਕਾਂਗਜ ਤੇ ਲਿੱਖ ਲਓ ਅਤੇ ਫਿਰ ਉਸ ਨੂੰ ਪਾੜ ਕੇ ਸੁੱਟ ਦੇਉ । ਇਹ ਜਰੂਰੀ ਹੈ ਕਿ ਤੁਹਾਡੇ ਅੰਦਰ ਦੇ ਭਾਵ ਬਾਹਰ ਆਉਣ ।

6 ਆਪਣੇ ਆਪ ਨੂੰ ਵਿਅਸਤ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਕੋਈ ਕੰਮ ਨਹੀਂ ਮਿਲ ਰਿਹਾ ਤਾਂ ਯੋਗਾ ਜਾਂ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰੋ ।

7 ਜੇਕਰ ਤੁਹਾਨੂੰ ਫਿਰ ਵੀ ਚੰਗਾ ਨਹੀਂ ਮਹਿਸੂਸ ਹੋ ਰਿਹਾ ਤਾਂ ਆਪਣੇ ਆਪ ਨਾਲ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਗੱਲ ਕਰੋ । ਆਪਣੀ ਸਮੱਸਿਆ ਦੇ ਆਪਣੇ ਵਿਚਾਰ ਖੁਦ ਨਾਲ ਹੀ ਸਾਂਝੇ ਕਰੋ ਤੁਸੀਂ ਬਿਹਤਰ ਮਹਿਸੂਸ ਕਰੋਗੇ ।

8 ਆਪਣੀਆਂ ਰੁਚੀਆਂ ਵੱਲ ਧਿਆਨ ਦਿਓ ਅਤੇ ਉਹ ਕੰਮ ਕਰੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੋਵੇ ।

ਇਨ੍ਹਾਂ ਕੁੁਝ ਸੁਝਾਵਾਂ ਨੂੰ ਅਪਣਾ ਕੇ ਤੁਸੀਂ ਆਪਣੇ ਅੰਦਰ ਆ ਰਹੀ ਨਕਾਰਾਤਮਕ ਊਰਜਾ ਨੂੰ ਰੋਕ ਸਕਦੇ ਹੋ। ਜਿਸ ਨਾਲ ਤੁਸੀਂ ਚੰਗੀ ਊਰਜਾ ਵੱਲ ਜਾਣਾ ਸ਼ੁਰੂ ਹੋ ਜਾਵੋਗੇ ਅਤੇ ਤੁਹਾਡੇ ਅੰਦਰ ਜ਼ਿੰਦਗੀ ਨੂੰ ਜਿਊਣ ਦਾ ਇੱਕ ਨਵਾਂ ਚਾਹ ਅਤੇ ਹੌਸਲਾ ਆ ਜਾਵੇਗਾ । ਤੁਹਾਨੂੰ ਆਪਣੇ ਆਪ ਵਿੱਚ ਇੱਕ ਨਵਾਂ ਜੋਸ਼ ਅਤੇ ਰੌਸ਼ਨੀ ਮਹਿਸੂਸ ਹੋਵੇਗੀ। ਜਿਸ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਬਹੁਤ ਪਿਆਰੀ ਲੱਗਣੀ ਸ਼ੁਰੂ ਹੋ ਜਾਵੇਗੀ । ਤੁਹਾਡਾ ਦੁਨੀਆਂ ਨੂੰ ਦੇਖਣ ਅਤੇ ਸਮਝਣ ਦਾ ਦ੍ਰਿਸ਼ਟੀਕੋਣ ਹੀ ਬਦਲ ਜਾਵੇਗਾ। ਤੁਹਾਡੇ ਅੰਦਰ ਨਵੇਂ ਚਾਹ ਅਤੇ ਸੁਪਨੇ ਹੁੰਗਾਰਾ ਭਰਨਗੇ ਅਤੇ ਜੀਵਨ ਸੋਹਣਾ ਅਤੇ ਸੁਚੱਜਾ ਹੋ ਜਾਵੇਗਾ।

ਕਿਰਨਪ੍ਰੀਤ ਕੌਰ

Related posts

ਰਿਹਾਈ ਤੋਂ ਬਾਅਦ ਨਵਜੋਤ ਸਿੱਧੂ ਦਾ ਸਰਕਾਰ ‘ਤੇ ਹਮਲਾ, ਕਿਹਾ- ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼

On Punjab

ਕਿਸੇ ਨੇ ਦੇਸ਼ ਛੱਡਿਆ ਤਾਂ ਕੋਈ ਕੈਦ, 2024 ਦੀਆਂ ਰਾਸ਼ਟਰਪਤੀ ਚੋਣਾਂ ‘ਚ ਪੁਤਿਨ ਦੀ ਜਿੱਤ ਯਕੀਨੀ ! ਹੁਣ ਕੀ ਹੈ ਵਿਰੋਧੀ ਧਿਰ ਦਾ Plan

On Punjab

ਵਿਦੇਸ਼ ਪਾਇਲਟਾਂ ਦੀ ਹੜਤਾਲ: ਏਅਰ ਕੈਨੇਡਾ ਨੇ ਸਰਕਾਰ ਤੋਂ ਦਖਲ ਮੰਗਿਆ

On Punjab