28.4 F
New York, US
November 29, 2023
PreetNama
ਸਮਾਜ/Social

ਭਾਰਤ ਦੀ ਉਡਣ ਪਰੀ-ਉਲੰਪੀਅਨ ਮਨਦੀਪ ਕੌਰ

ਮਨਦੀਪ ਕੌਰ ਦਾ ਜਨਮ 19 ਅਪ੍ਰੈਲ, 1988 ਈ: ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਵਿਖੇ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਹੋਇਆ। ਉਸ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਸਮੇਂ ਦੌਰਾਨ ਹੀ ਉਸ ਦਾ ਝੁਕਾਅ ਖੇਡਾਂ ਵੱਲ ਹੋ ਗਿਆ। ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਨੇ ਮਨਦੀਪ ਦੀ ਰੁਚੀ ਨੂੰ ਦੇਖਦਿਆਂ ਉਸ ਨੂੰ ਕੈਰੋਂ ਸਕੂਲ ਦੇ ਖੇਡ-ਵਿੰਗ ਵਿਚ ਭੇਜ ਦਿੱਤਾ। ਕੈਰੋਂ ਦੇ ਖੇਡ-ਵਿੰਗ ਵਿਚੋਂ ਅਨੇਕਾਂ ਖਿਡਾਰਨਾਂ ਅੰਤਰਰਾਸ਼ਟਰੀ ਪੱਧਰ ਤੱਕ ਨਾਂਅ ਕਮਾ ਚੁੱਕੀਆਂ ਹਨ।

ਖਾਸ ਤੌਰ ‘ਤੇ ਭਾਰਤੀ ਹਾਕੀ ਟੀਮ ਵਿਚ ਅੱਜ ਵੀ ਕੈਰੋਂ ਖੇਡ-ਵਿੰਗ ਦੀ ਤੂਤੀ ਬੋਲਦੀ ਹੈ। ਮਨਦੀਪ ਨੇ ਅਰੰਭ ਵਿਚ ਇੱਥੇ ਹਾਕੀ ਦੀ ਟ੍ਰੇਨਿੰਗ ਲਈ। ਇਸੇ ਸਮੇਂ ਅਥਲੈਟਿਕਸ ਕੋਚ ਬਲਜਿੰਦਰ ਸਿੰਘ ਦੀ ਪਾਰਖੂ ਅੱਖ ਨੇ ਮਨਦੀਪ ਕੌਰ ਦੀ ਦੌੜਨ ਦੀ ਗਤੀ ਤੇ ਲੱਤਾਂ-ਪੈਰਾਂ ਦੀ ਫੁਰਤੀਲੀ ਹਰਕਤ ਨੂੰ ਪਹਿਚਾਣ ਲਿਆ। ਇਸ ਕੋਚ ਨੇ ਮਨਦੀਪ ਨੂੰ ਹਾਕੀ ਤੋਂ ਅਥਲੈਟਿਕਸ ਵੱਲ ਲੈ ਆਂਦਾ। ਹੁਣ ਮਨਦੀਪ ਦਾ ਟਰੈਕ ਵਿਚ ਨਵੇਂ ਨਕਸ਼ ਉਘਾੜਨ ਦਾ ਸਫ਼ਰ ਸ਼ੁਰੂ ਹੋ ਗਿਆ। ਅੱਠਵੀਂ ਜਮਾਤ ਵਿਚ ਪੜ੍ਹਦਿਆਂ ਹੀ ਮਨਦੀਪ ਨੇ ਨੈਸ਼ਨਲ ਪੱਧਰ ‘ਤੇ 100 ਮੀ:, 200 ਮੀ:, 400 ਮੀ: (ਰਿਲੇਅ) ਦੌੜਾਂ ਵਿਚ ਸੋਨ ਤਗਮੇ ਹਾਸਲ ਕੀਤੇ।

ਉਸ ਨੇ 100 ਮੀ: ਤੇ 400 ਮੀ: ਦੇ ਨੈਸ਼ਨਲ (ਸਕੂਲ) ਪੱਧਰ ਦੇ ਰਿਕਾਰਡ ਕਾਇਮ ਕੀਤੇ ਤੇ ਨੈਸ਼ਨਲ ਪੱਧਰ ਦੀ ਬੈਸਟ ਅਥਲੀਟ ਚੁਣੀ ਗਈ। ਇਸ ਪ੍ਰਾਪਤੀ ਸਦਕਾ ਉਸ ਨੂੰ ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਜੂਨੀਅਰ ਕੈਂਪ ਵਿਚ ਚੁਣ ਕੇ ਕੈਰੋਂ ਵਿੰਗ ਵਿਖੇ ਹੀ ਉਸ ਦਾ ਕੈਂਪ ਲਗਾਇਆ। ਉਸ ਨੂੰ ਕੈਰੋਂ ਵਿੰਗ ਵਿਚ ਅਭਿਆਸ ਦੌਰਾਨ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਚਾਰਦੀਵਾਰੀ ਦੀ ਅਣਹੋਂਦ ਕਾਰਨ ਮੁੰਡੇ ਅਵਾਰਾਗਰਦੀ ਕਰਦੇ ਤੇ ਸ਼ਰਾਰਤੀ ਅਨਸਰ ਟਰੈਕ ਵਿਚ ਕੂੜਾ ਸੁੱਟ ਜਾਂਦੇ। ਮਨਦੀਪ ਆਪਣੀਆਂ ਸਾਥਣ ਕੁੜੀਆਂ ਨਾਲ ਸਵੇਰੇ ਜਲਦੀ ਉੱਠ ਕੇ ਪਹਿਲਾਂ ਟਰੈਕ ਤੋਂ ਕੂੜਾ ਸਾਫ਼ ਕਰਦੀ ਤੇ ਫਿਰ ਪਾਣੀ ਛਿੜਕ ਕੇ ਅਭਿਆਸ ਦੌਰਾਨ ਖੂਬ ਪਸੀਨਾ ਵਹਾਉਂਦੀ।

2006 ਵਿਚ ਦੋਹਾ (ਕਤਰ) ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਮਨਦੀਪ ਨੇ 4×400 ਮੀ: ਰਿਲੇਅ ਦੌੜ ਮੁਕਾਬਲੇ ਵਿਚੋਂ ਸੋਨ ਤਗਮਾ ਹਾਸਲ ਕੀਤਾ। 2007 ਵਿਚ ਓਮਾਨ (ਜਾਰਡਨ) ਵਿਖੇ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਸੋਨ ਤਗਮਾ ਫੁੰਡ ਕੇ ਉਲੰਪਿਕ ਖੇਡਾਂ ਲਈ ਦਾਅਵੇਦਾਰੀ ਪੱਕੀ ਕੀਤੀ। 2010 ਵਿਚ ਹੀ ਦਿੱਲੀ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੇ 4×400 ਮੀ: (ਰਿਲੇਅ) ਦੌੜ ਮੁਕਾਬਲੇ ਵਿਚੋਂ ਸੋਨ ਤਗਮਾ ਜਿੱਤਿਆ। ਮਨਦੀਪ ਦੇ ਜਿੱਤੇ ਸੋਨ ਤਗਮੇ ਈਸਾ-ਮਸੀਹ ਦੇ ਇਸ ਕਥਨ ਨੂੰ ਦੁਹਰਾਉਂਦੇ ਹਨ ਕਿ ਜੋ ਮਿਹਨਤ ਕਰਨ ਤੋਂ ਨਹੀਂ ਘਬਰਾੳਂਦੇ, ਸਫ਼ਲਤਾ ਉਨ੍ਹਾਂ ਦੀ ਦਾਸੀ ਸਾਬਤ ਹੁੰਦੀ ਹੈ।

ਇਸ ਤੋਂ ਬਾਅਦ ਮਨਦੀਪ ਨੂੰ ਡੋਪ ਟੈਸਟ ਤੇ ਅਭਿਆਸ ਦੌਰਾਨ ਸੱਟ ਲੱਗਣ ਵਰਗੀਆਂ ਔਕੜਾਂ ਨਾਲ ਜੂਝਣਾ ਪਿਆ। ਆਖ਼ਰ ਮਨਦੀਪ ਨੇ ਸਵਿਟਜ਼ਰਲੈਂਡ ਵਿਖੇ ਸਥਿਤ ਵਾਡਾ ਦੀ ਮੁੱਖ ਅਦਾਲਤ ਤੋਂ ਕਲੀਨ-ਚਿਟ ਹਾਸਲ ਕਰਕੇ ਆਪਣੇ-ਆਪ ਨੂੰ ਨਿਰਦੋਸ਼ ਸਾਬਤ ਕੀਤਾ। ਇਸ ਸਮੇਂ ਮਨਦੀਪ ਦਾ ਵਿਆਹ ਅੰਤਰਰਾਸ਼ਟਰੀ ਸਾਈਕਲਿਸਟ ਹਰਪਿੰਦਰ ਸਿੰਘ ਨਾਲ ਹੋ ਗਿਆ। ਮਨਦੀਪ ਦੇ ਪਤੀ ਤੇ ਮਾਪਿਆਂ ਨੇ ਉਸ ਨੂੰ ਟਰੈਕ ਵਿਚ ਦੁਬਾਰਾ ਜੌਹਰ ਦਿਖਾਉਣ ਲਈ ਪ੍ਰੇਰਿਤ ਕੀਤਾ। ਜੇਕਰ ਮਨਦੀਪ ਦੇ ਮਾਪਿਆਂ ਵਾਂਗ ਧੀਆਂ ਨੂੰ ਘਰਾਂ ਦੀ ਵਲਗਣ ਵਿਚੋਂ ਆਪਣੇ ਖੰਭਾਂ ‘ਤੇ ਉਡਾਰੀ ਭਰਨ ਲਈ ਲੋੜੀਂਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਧੀਆਂ ਨੂੰ ਅੰਬਰਾਂ ਵਿਚ ਉਡਾਰੀਆਂ ਭਰਨ ਤੋਂ ਕੋਈ ਨਹੀਂ ਰੋਕ ਸਕਦਾ। ਮਨਦੀਪ ਦੀ ਸਾਹਸ ਭਰੀ ਖੇਡ-ਗਾਥਾ ਭਵਿੱਖ ਦੇ ਖਿਡਾਰੀਆਂ ਲਈ ਸਦੀਵੀ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ।

ਗੁਰਦਾਸ ਸਿੰਘ ਸੇਖੋਂ
ਪਿੰਡ ਬੋੜਾਵਾਲ, ਤਹਿ: ਬੁਢਲਾਡਾ, ਜ਼ਿਲਾ ਮਾਨਸਾ-151502. ਮੋਬਾ: 98721-77666

Related posts

Terrorist Killed: ਪਾਕਿਸਤਾਨੀ ਅੱਤਵਾਦੀਆਂ ‘ਚ ਫੈਲਿਆ ਡਰ! ਭਾਰਤ ਦਾ ਤੀਜਾ ਦੁਸ਼ਮਣ ਲੱਗਿਆ ਟਕਾਣੇ, ਦਿਨ-ਦਿਹਾੜੇ ਅੱਤਵਾਦੀ ਨੂਰ ਸ਼ਲੋਬਰ ਮਾਰਿਆ ਗਿਆ

On Punjab

Fear of terrorist conspiracy : ਉਦੈਪੁਰ-ਅਹਿਮਦਾਬਾਦ ਰੇਲਵੇ ਟ੍ਰੈਕ ‘ਤੇ ਧਮਾਕੇ ਤੋਂ ਬਾਅਦ ਮਚੀ ਭੱਜ-ਦੌੜ, ATS ਨੇ ਸ਼ੁਰੂ ਕੀਤੀ ਜਾਂਚ

On Punjab

First Woman Combat Aviator: ਕੈਪਟਨ ਅਭਿਲਾਸ਼ਾ ਬਰਾਕ ਬਣੀ ਕਾਮਬੈਟ ਏਵੀਏਟਰ, ਅਜਿਹਾ ਕਰਨ ਵਾਲੀ ਪਹਿਲੀ ਮਹਿਲਾ

On Punjab