65.01 F
New York, US
October 13, 2024
PreetNama
ਸਮਾਜ/Social

ਪੰਜਾਬ ਦੀ ਜਵਾਨੀ ਦਾ ਵੱਧ ਰਿਹਾ ਨਸ਼ਿਆਂ ਪ੍ਰਤੀ ਅਕਰਸ਼ਨ..ਕਿਉਂ? (ਭਾਗ-2)

ਇਸੇ ਦੇ ਤਹਿਤ ਹੀ ਇਕ ਘਰ ਵਿਚ ਬੱਚਾ ਆਪਣੀ ਮਾਂ ਦੇ ਅੱਗੇ-ਅੱਗੇ ਭੱਜ ਰਿਹਾ ਸੀ। ਉਸ ਦੀ ਮਾਂ ਉਸ ਬੱਚੇ ਨੂੰ ਫੜਣ ਦਾ ਯਤਨ ਕਰ ਰਹੀ ਸੀ ਤਾਂ ਜੋ ਉਹ ਉਸ ਨੂੰ ਬਾਹਰ ਨੁਹਾ ਸਕੇ। ਇਹ ‘ਨੋਟੰਕੀ’ ਕਾਫੀ ਦੇਰ ਚੱਲਦੀ ਰਹੀਆਂ ਮਾਂ ਅੱਗੇ ਬੱਚਾ ਪਿਛੇ, ਕਦੇ ਬੱਚਾ ਅੱਗੇ ਮਾਂ ਪਿਛੇ… ਇੰਨੇ ਵਿਚ ਹੀ ਬੱਚੇ ਦਾ ਪਿਤਾ ਘਰ ਦੇ ਅੰਦਰ ਦਾਖਲ ਹੋਇਆ। ਉਸ ਨੇ ਮਾਂ ਬੇਟੇ ਤੋਂ ਪੁੱਛਿਆ ਕਿ ਅਸਲ ਵਿਚ ਮਾਜਰਾ ਕੀ ਹੈ?… ਬੇਟੇ ਨੇ ਕਿਹਾ ਕਿ ਪਾਪਾ ਮੰਮੀ ਮੈਨੂੰ ਨਹਾਉਣਾ ਚਾਹੁੰਦੀ ਹੈ, ਬਾਹਰ ਹੀ ਨਹਾਉਣਾ… ਮੈਂ ਹੁਣ ਵੱਡਾ ਹੋ ਗਿਆ ਹਾਂ ਤੇ ਮੇਰੇ ਸਾਥੀ ਵੀ ਬਾਥਰੂਮ ਦੇ ਅੰਦਰ ਕੁੰਡੀ ਮਾਰ ਕੇ ਨਹਾਉਂਦੇ ਹਨ।

ਮੈਂ ਵੀ ਅੰਦਰੋਂ ਕੁੰਡੀ ਮਾਰ ਕੇ ਖੁਦ ਨਹਾਵਾਂਗਾ। ਪਿਤਾ ਬਹੁਤ ਹੀ ਸਮਝਦਾਰ ਸੀ ਉਸ ਨੇ ਉਸ ਦੀ ਮਾਂ ਨੂੰ ਸਮਝਾਇਆ ਹੁਣ ਆਪਣਾ ਪੁੱਤਰ ਵੱਡਾ ਹੋ ਗਿਆ ਹੈ। ਇਸ ਨੂੰ ਨਹਾਉਣਾ ਆ ਗਿਆ ਹੈ, ਚੱਲ ਨਹਾਉਣ ਦੇ ਆਪੇ ਹੀ… ਜੇਕਰ ਪਿਤਾ ਸਮਝਦਾਰੀ ਨਾ ਦਿਖਾਉਂਦਾ ਤਾਂ ਮਾਂ ਨੇ ਨਹਾਉਣ ਪਿਛੇ ਬੱਚੇ ਨੂੰ ਕੁੱਟਣਾ ਮਾਰਨਾ ਸੀ ਅਤੇ ਬੱਚੇ ਦੇ ਮਨ ਉਪਰ ਗਹਿਰਾ ਪ੍ਰਭਾਵ ਪੈ ਜਾਣਾ ਸੀ, ਉਸ ਵਿਚ ਉਦਾਸੀ, ਗੁੱਸਾ, ਚਿੰਤਾਂ ਤੇ ਸ਼ਰਮ ਜਿਹੇ ਗੁਪਤ ਰੋਗਾਂ ਨੇ ਉਸ ਦੇ ਮਨ ਉਪਰ ਪ੍ਰਭਾਵ ਪਾ ਲੈਣਾ ਸੀ। ਫਿਰ ਉਸ ਨੇ ਇਸ ਵਿਚੋਂ ਨਿਕਲਣ ਲਈ ਕਿਸੇ ਐਸੀ ਵਸਤੂ ਦੀ ਤਲਾਸ਼ ਕਰਨੀ ਸੀ, ਜਿਹੜੀ ਉਸ ਨੂੰ ਕੁਝ ਸਮੇਂ ਲਈ ਇਸ ਚਿੰਤਾ ਉਦਾਸੀ ਤੇ ਗੁੱਸੇ ਤੋਂ ਮੁਕਤੀ ਦਵਾਉਂਦੀ।

ਹੁਣ ਜੋ ਗੱਲ ਸਭ ਤੋਂ ਜ਼ਿਆਦਾ ਉਭਰ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਬੱਚੇ ਘੁੱਟਣ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਘੁੱਟਣ ਜੋ ਨਾ ਤਾਂ ਮਰਨ ਦਿੰਦੀ ਹੈ ਤੇ ਨਾ ਹੀ ਜਿਉਣ, ਬੱਚੇ ਜੋ ਕਰਨਾ ਚਾਹੁੰਦੇ ਹਨ ਉਹ ਨਹੀਂ ਕਰ ਸਕਦੇ। ਉਨ੍ਹਾਂ ਦੀ ਅਵਾਜ ਲਗਭਗ ਬੰਦ ਹੀ ਕਰ ਦਿੱਤੀ ਜਾਂਦੀ ਹੈ। ਸਰੀਰਕ ਭਾਵਨਾਤਮਿਕ ਅਤੇ ਮਾਨਸਿਕ ਬਦਲਾਵਾਂ ਨੂੰ ਜਦੋਂ ਸਮੇਂ ਸਿਰ ਨਹੀਂ ਸਮਝਿਆ ਜਾਂਦਾ, ਉਨ੍ਹਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਹੁੰਦਾ ਹੈ ਉਸ ਦਾ ਨਤੀਜਾ ਕਿਸੇ ਤੋਂ ਛੁਪਿਆ ਨਹੀਂ। ਇਹ ਇਕ ਫੁੱਟਬਾਲ ਦੀ ਤਰ੍ਹਾਂ ਹੁੰਦਾ ਹੈ, ਜਿਸ ਵਿਚ ਹਵਾ ਭਰੀ ਜਾਂਦੀ ਹੈ। ਜੇਕਰ ਉਸ ਵਿਚ ਲੋੜ ਤੋਂ ਜ਼ਿਆਦਾ ਹਵਾ ਭਰੀ ਜਾਵੇ ਤਾਂ ਫਿਰ ਉਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਸਿੱਧੀ ਮੱਥੇ ਵਿਚ ਹੀ ਵੱਜਦੀ ਹੈ।

ਬਾਰਾਂ ਚੌਦਾਂ ਸਾਲ ਦੀ ਉਮਰ ਤੋਂ ਕੁਦਰਤੀ ਤੌਰ ‘ਤੇ ਹੀ ਬੱਚੇ ਵਿਚ ਸਰੀਰਕ ਤਬਦੀਲੀਆਂ ਵੀ ਆਉਂਦੀਆਂ ਹਨ। ਉਨ੍ਹਾਂ ਦਾ ਜ਼ਿਆਦਾ ਧਿਆਨ ਆਪਣੇ ਸੁਹੱਪਣ ਨੂੰ ਨਿਖਾਰਣ ਵਿਚ ਲੱਗਦਾ ਹੈ। ਪੈਰ ਜ਼ਮੀਨ ਤੇ ਨਹੀਂ ਲੱਗਦੇ, ਹਰ ਕੋਈ ਤੰਦਰੁਸਤ ਤੇ ਨਰੋਏ ਸਰੀਰ ਦਾ ਮਾਲਿਕ ਹੋਣਾ ਫਖਰ ਵਾਲੀ ਗੱਲ ਲੱਗਦੀ ਹੈ। ਵਾਰ ਵਾਰ ਸ਼ੀਸ਼ੇ ਅੱਗੇ ਖੜਣਾ, ਵਾਲ ਸਵਾਰਨੇ, ਮੂੰਹ ਧੋਣਾ, ਵਾਰ ਵਾਰ ਕੱਪੜੇ ਬਦਲਣਾ, ਨਵੀਆਂ ਨਵੀਆਂ ਚੀਜ਼ਾਂ ਪ੍ਰਤੀ ਅਕਰਸ਼ਣ ਸੁਭਾਵਿਕ ਹੀ ਹੁੰਦਾ ਹੈ। ਪਰ ਕਈ ਵਾਰ ਮਾਵਾਂ ਇਸ ਨੂੰ ਗਲਤ ਸਮਝਦੀਆਂ ਹਨ।

ਅਗਰ ਲੜਕੀ ਸ਼ੀਸ਼ੇ ਅੱਗੇ ਖੜੀ ਜਾਂ ਸੁਰਮਾ ਪਾਉਂਦੀ ਦਿਸ ਜਾਵੇ ਤਾਂ ਮਾਵਾਂ ਕੁੜੀਆਂ ਨੂੰ ਬਹੁਤ ਫਿਟਕਾਰ ਲਗਾਉਂਦੀਆਂ ਹਨ। ਜੇਕਰ ਕੁੜੀ ਨੇਲ-ਪਾਲਿਸ਼ ਜਾਂ ਲਿਪ-ਸਟਿਕ ਲਗਾਉਂਦੀ ਦਿਸ ਜਾਵੇ ਤਾਂ ਸਾਰੇ ਘਰ ਵਿਚ ਬਵਾਲ ਮੱਚ ਜਾਂਦਾ ਹੈ। ਮਾਮਲਾ ਮਾਰ ਕੁਟਾਈ ਤੱਕ ਵੀ ਪਹੁੰਚ ਜਾਂਦਾ ਹੈ ਅਤੇ ਲੜਕੀਆਂ ਡਿਪਰੈਸ਼ਨ ਵਿਚ ਚਲੀਆਂ ਜਾਂਦੀਆਂ ਹਨ। ਬਸ ਬੱਚੇ ਮਾਪਿਆਂ ਵਲੋਂ ਕੀਤੀ ਗਈ ਸਖਤੀ ਦੇ ਕਾਰਨ ਹੀ ਆਪਣਾ ਵਿਵਹਾਰ ਬਦਲ ਲੈਂਦੇ ਹਨ, ਪਰ ਮਾਪੇ ਉਨ੍ਹਾਂ ਨੂੰ ਸਮਝਣ ਦੀ ਥਾਂ ਤੇ ਉਨ੍ਹਾਂ ਦੇ ਬਦਲੇ ਹੋਏ ਵਿਵਹਾਰ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਹਨ।

ਬੱਚੇ ਲੋੜ ਤੋਂ ਜ਼ਿਆਦਾ ਜਿੱਦੀ, ਚੁੱਪ, ਆਪਣੇ ਮਨ ਦੀ ਮੌਜ ਵਿਚ ਰਹਿਣ ਵਾਲੇ ਬਣ ਜਾਂਦੇ ਹਨ। ਨਾ ਹੱਸਣਾ, ਨਾ ਰੋਣਾ, ਨਾ ਖੇਡਣਾ, ਨਾ ਖਾਣਾ, ਬੱਸ ਚੁੱਪ ਚਾਪ ਜਿਹੇ ਆਪਣੇ ਕਮਰੇ ਵਿਚ ਵੜੇ ਰਹਿਣਾ, ਜਾਂ ਦੋਸਤਾਂ ਨਾਲ ਬਾਹਰ ਚਲੇ ਜਾਣਾ ਅਤੇ ਰਾਤ ਦੇਰ ਨਾਲ ਘਰ ਵਾਪਸ ਆਉਂਦਾ.. ਮਾਂ ਬਾਪ ਨਾਲ ਤਾਂ ਬਿਲਕੁਲ ਵੀ ਗੱਲ ਨਾ ਕਰਨਾ, ਮਾਪੇ ਵੀ ਇਸ ਗੱਲ ਨੂੰ ਸਮਝਣ ਦੀ ਬਜਾਏ ਬੱਚਿਆਂ ਪ੍ਰਤੀ ਗਲਤ ਧਾਰਨਾ ਅਪਣਾ ਲੈਂਦੇ ਹਨ ਕਿ ਇਹ ਸਿਰੇ ਦੇ ਲਾਪਰਵਾਹ, ਜਿੱਦੀ, ਗੁਸੈਲ, ਲੜਾਕੇ, ਵਿਦਰੋਹੀ, ਬਗਾਵਤੀ ਹਨ ਅਤੇ ਮਾਪੇ ਆਪ ਵੀ ਇਨ੍ਹਾਂ ਨੂੰ ਕੁਝ ਕਹਿਣ ਤੋਂ ਗੁਰੇਜ਼ ਕਰਨ ਲੱਗ ਜਾਂਦੇ ਹਨ।

ਮਾਪਿਆਂ ਦਾ ਕੰਟਰੋਲ ਲਗਭਗ ਆਪਣੀ ਹੋਂਦ ਗੁਆਉਂਦਾ ਹੀ ਜਾਂਦਾ ਹੈ। ਬੱਚੇ ਵੀ ਆਪਣੇ ਉਪਰ ਪਕੜ ਢਿੱਲੀ ਹੁੰਦੀ ਦੇਖ ਕੇ ਆਪਣਾ ਰੋਅਬ ਜ਼ਿਆਦਾ ਅਜਮਾਉਣ ਲੱਗ ਜਾਂਦੇ ਹਨ। ਗੱਲ-ਗੱਲ ਉਪਰ ਉੱਚੀ ਬੋਲਣਾ, ਮਾਰ ਕੁਟਾਈ ਕਰਨੀ, ਗਾਲਾਂ ਕੱਢਣੀਆਂ, ਮਾਂ ਬਾਪ, ਭੈਣ ਭਰਾਵਾਂ ਨਾਲ ਲੜਾਈ ਝਗੜਾ, ਖੂਨ ਖਰਾਬਾਂ ਇਹ ਸਭ ਕੁਝ ਹੀ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ ਅਤੇ ਚਾਰ ਪੰਜ ਸਾਲਾਂ ਵਿਚ ਇਹ ਪੂਰੀ ਤਰ੍ਹਾ ਉਨ੍ਹਾਂ ਦੇ ਦਿਲ ਦਿਮਾਗ ਉਪਰ ਛਾ ਜਾਂਦਾ ਹੈ ਅਤੇ ਉਹ ਆਪਣੀ ਅਸਲੀ ਪਛਾਣ ਗੁਆ ਦਿੰਦੇ ਹਨ ਤੇ ਉਸੇ ਤਰ੍ਹਾ ਦਾ ਹੀ ਵਿਅਕਤੀਤਵ ਅਪਣਾ ਲੈਂਦੇ ਹਨ। ਲੜਕੀਆਂ ਵੀ ਇਸ ਕੰਮ ਵਿਚ ਪਿੱਛੇ ਨਹੀਂ ਹਨ। ਉਹ ਵੀ ਬਹੁਤ ਵਾਰ ਆਪਣਾ ਜੀਵਨ ਬਦਲ ਲੈਂਦੀਆਂ ਹਨ।

ਭਾਵੇਂ ਲੜਕੀਆਂ ਦੇ ਅੰਦਰ ਆਈ ਤਬਦੀਲੀ ਜੱਗ ਜਾਹਰ ਨਹੀਂ ਹੁੰਦੀ, ਪਰ ਉਨ੍ਹਾਂ ਦਾ ਸੁਭਾਅ ਬਹੁਤ ਹੀ ਜ਼ਿਆਦਾ ਚਿੜਚਿੜਾ ਹੋ ਜਾਂਦਾ ਹੈ। ਜਿਹੜਾ ਉਨ੍ਹਾਂ ਦੇ ਸਮਾਜਿਕ ਰਿਸ਼ਤਿਆਂ ਭਾਵੇਂ ਉਹ ਵਿਆਹ ਤੋਂ ਪਹਿਲੋਂ ਦੇ ਹੋਣ ਜਾਂ ਬਾਅਦ ਦੇ ਉਨ੍ਹਾਂ ਨੂੰ ਖ਼ਰਾਬ ਕਰ ਹੀ ਦਿੰਦਾ ਹੈ। ਉਹ ਪਰਿਵਾਰ ਵਿਚ ਨਾ ਤਾਂ ਆਪ ਸ਼ਾਂਤੀ ਨਾਲ ਬੈਠਦੀਆਂ ਹਨ ਅਤੇ ਨਾ ਹੀ ਕਿਸੇ ਹੋਰ ਇਸਤਰੀ ਪੁਰਸ਼ ਨੂੰ ਚੈਨ ਲੈਣ ਦਿੰਦੀਆਂ ਹਨ। ਮਾਵਾਂ ਨਾਲ ਕਲੇਸ਼ ਤਾਂ ਹਰ ਘਰ ਦੀ ਕਹਾਣੀ ਬਣ ਜਾਂਦਾ ਹੈ। ਮਾਂ ਬੇਟੀ ਨੂੰ ‘ਰੇਸ਼ਮੀ ਰੁਮਾਲ’ ਦੀ ਤਰ੍ਹਾਂ ਸੱਤਾਂ ਜਿੰਦਰਿਆਂ ਵਿਚ ਲੁਕਾ ਕੇ ਰੱਖਣਾ ਚਾਹੁੰਦੀ ਹੈ, ਪਰ ਬੇਟੀ ਆਜ਼ਾਦ ਪੰਛੀ ਦੀ ਤਰ੍ਹਾ ਅੰਬਰਾਂ ਵਿਚ ਉਡਣਾ ਚਾਹੁੰਦੀ ਹੈ ਤੇ ਪ੍ਰਾਕਿਰਤੀ ਦੀ ਹਰ ਨਿਯਾਮਤ ਦਾ ਆਨੰਦ ਮਾਨਣਾ ਚਾਹੁੰਦੀ ਹੈ।

ਇਥੇ ਮਾਂ ਨੂੰ ਆਪਣੇ ਖੰਭ ਉਸ ਨੂੰ ਉੱਡਣ ਲਈ ਦੇਣ ਦੀ ਬਿਜਾਏ ਉਸ ਤੇ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਮਾਂ ਸਮਾਜ ਦੇ ਡਰ ਦੇ ਕਾਰਨ ਕੁਝ ਵੀ ਨਹੀਂ ਕਰ ਸਕਦੀ… ਹੁਣ ਇਸ ਜਗ੍ਹਾ ਤਬਦੀਲੀ ਬੱਚੇ ਵਿਚ ਆਉਂਦੀ ਹੈ ਨਾ ਕਿ ਮਾਪਿਆਂ ਵਿਚ, ਪਰ ਬੱਚੇ ਸਮਝਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਦਾ ਸੁਭਾਅ ਗੁਸੈਲ ਹੋ ਗਿਆ। ਉਹ ਗੱਲ-ਗੱਲ ਤੇ ਟੋਕਾ ਟਾਕੀ ਕਰਦੇ ਹਨ। ਉਹ ਲੋੜ ਤੋਂ ਜ਼ਿਆਦਾ ਦਖਲ ਅੰਦਾਜੀ ਕਰਦੇ ਹਨ, ਪੈਰ ਪੈਰ ਤੇ ਬੇਲੌੜੀ ਨਸੀਅਤ ਦਿੰਦੇ ਹਨ। ਜੋ ਨਵੀਂ ਪੀੜੀ ਨੂੰ ਕਿਸੇ ਵੀ ਹੱਦ ਤੱਕ ਬਰਦਾਸ਼ਤ ਨਹੀਂ, ਉਨ੍ਹਾਂ ਅੰਦਰ ਬਹੁਤ ਹੀ ਜ਼ਿਆਦਾ ਅੱਗ ਭਰ ਜਾਂਦੀ ਹੈ, ਜੋ ਉਹ ਗੱਲ-ਗੱਲ ਤੇ ਉੱਗਲਦੇ ਹਨ। ਮਾਪੇ ਵੀ ਇਨ੍ਹਾਂ ਨੂੰ ਸਮਝਾਉਣਾ ‘ਕਰੰਟ ਵਾਲੀ ਨੰਗੀ ਤਾਰ’ ਨੂੰ ਹੱਥ ਲਗਾਉਣ ਦੇ ਬਰਾਬਰ ਮੰਨਦੇ ਹਨ।

ਵੀਹ ਕੁ ਸਾਲ ਦੀ ਉਮਰ ਤੱਕ ਇੰਨੇ ਕੁ ਨਕਾਰਤਮਿਕ ਵਿਚਾਰ ਉਨ੍ਹਾਂ ਦੇ ਮਨ ਉਪਰ ਹਾਵੀਂ ਹੋ ਜਾਦੇ ਹਨ ਕਿ ਉਹ ਆਪਣੀ ਪੂਰੀ ਤਰ੍ਹਾਂ ਨਾਲ ਘੋਰ ਨਿਰਾਸ਼ਾਂ ਦੀ ਦਲਦਲ ਵਿਚ ਫਸ ਜਾਂਦੇ ਹਨ ਅਤੇ ਚਾਹੁੰਦੇ ਹੋਏ ਵੀ ਨਹੀਂ ਨਿਕਲ ਸਕਦੇ। ਪਹਿਲਾਂ ਤਾਂ ਕਿਸੇ ਅਜਿਹੇ ਵਿਅਕਤੀ ਦੀ ਲੋੜ ਮਹਿਸੂਸ ਕਰਦੇ ਹਨ ਜੋ ਉਗਲੀ ਫੜ ਕੇ ਉਨ੍ਹਾਂ ਨੂੰ ਇਸ ‘ਚਿੱਕੜ’ ਵਿਚੋਂ ਕੱਢ ਲਵੇ। ਪਰ ਅਜਿਹਾ ਕੋਈ ਵੀ ਵਿਅਕਤੀ ਨਾ ਮਿਲਦਾ ਦੇਖ ਉਹ ਇਸ ਤਰ੍ਹਾ ਦੇ ਹਾਲਾਤਾਂ ਵਿਚੋਂ ਨਿਕਲਣ ਲਈ ਕਿਸੇ ਅਜਿਹੀ ਚੀਜ ਦੀ ਲੋੜ ਮਹਿਸੂਸ ਕਰਦੇ ਹਨ, ਜੋ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਸਕੂਨ ਦੇਵੇ। ਇਸੇ ਸਮੇਂ ਦੇ ਦੌਰਾਨ ਉਹ ਆਪਣਾ ਕੈਰੀਅਰ ਸ਼ੁਰੂ ਕਰਨ ਤੋਂ ਪਹਿਲੋਂ ਹੀ ਤਬਾਹ ਕਰ ਲੈਂਦੇ ਹਨ।

ਸਿੱਖਿਆ ਪ੍ਰਾਪਤੀ ਲਈ ਵੀ ਵਿਸੇਸ਼ ਧਿਆਨ ਨਾ ਦੇਣ ਕਰਕੇ ਉਸ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕੋਲ ਕਰਨ ਲਈ ਕੋਈ ਵੀ ਕੰਮ ਨਹੀਂ ਹੁੰਦਾ, ਵਿਹਲਾਪਣ ਉਨ੍ਹਾਂ ਦੇ ਮਨ ਉਪਰ ਬਹੁਤ ਜ਼ਿਆਦਾ ਨਕਾਰਤਮਿਕ ਪ੍ਰਭਾਵ ਪਾਉਂਦਾ ਹੈ। ਸਮਾਜ, ਮਾਪੇ, ਸਾਥੀ ਸਾਰੇ ਹੀ ਉਨ੍ਹਾਂ ਨੂੰ ਲਾਹਨਤਾਂ ਦੇਣ ਲੱਗ ਜਾਂਦੇ ਹਨ। ਉਹ ਇਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਨ ਮਨ ਨੂੰ ਸਹੀ ਰੱਖਣ ਵਾਲੀਆਂ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ ਤੇ ਹੌਲੀ ਹੌਲੀ ਉਨ੍ਹਾਂ ਨੂੰ ਉਨ੍ਹਾਂ ਦੀ ਆਦਤ ਜਿਹੀ ਹੋ ਜਾਂਦੀ ਹੈ। ਫਿਰ ਜਦੋਂ ਉਹ ਦਵਾਈਆਂ ਕੁਝ ਸਮੇਂ ਬਾਅਦ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਤਾਂ ਉਹ ਉਸ ਤੋਂ ਵੀ ਜ਼ਿਆਦਾ ਪਾਵਰ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। (ਬਾਕੀ ਕੱਲ੍ਹ)

ਲੇਖਿਕਾ: ਪਰਮਜੀਤ ਕੌਰ ਸਿੱਧੂ
ਮੋਬਾਈਲ: 98148-90905

Related posts

ਵੱਡੀ ਅਪਡੇਟ : 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਸਾਬਕਾ ਮੰਤਰੀ ਧਰਮਸੋਤ, ਹੁਣ 27 ਜੂਨ ਨੂੰ ਕੋਰਟ ‘ਚ ਕੀਤਾ ਜਾਵੇਗਾ ਪੇਸ਼

On Punjab

ਪਲੈਨਟ ਅਰਥ ਦੀ ਤਬਾਹੀ ਨੇੜੇ ਤਾਂ ਨਹੀਂ..?

Pritpal Kaur

ਅਟਾਰੀ ਬਾਰਡਰ ‘ਤੇ ਪਹੁੰਚਿਆ 2700 ਕਰੋੜ ਦਾ ਚਿੱਟਾ, ਪੁਲਿਸ ਰਾਤ ਤਕ ਲਾਉਂਦੀ ਰਹੀ ਹਿਸਾਬ-ਕਿਤਾਬ

On Punjab