PreetNama
ਰਾਜਨੀਤੀ/Politics

ਪ੍ਰਿਯੰਕਾ ਗਾਂਧੀ ਦਾ ਵਟਸਐਪ ਅਕਾਊਂਟ ਹੈਕ? ਕਾਂਗਰਸ ਨੇ ਕੀਤਾ ਵੱਡਾ ਦਾਅਵਾ

ਨਵੀਂ ਦਿੱਲੀ: ਵਟਸਐਪ ਅਕਾਊਂਟ ਹੈਕ ਦੀਆਂ ਖਬਰਾਂ ਮਗਰੋਂ ਸਿਆਸੀ ਲੀਡਰਾਂ, ਕਾਰੋਬਾਰੀਆਂ ਸਣੇ ਸਭ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਸ ਮਾਮਲੇ ‘ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਅਜਿਹੇ ਵਿੱਚ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਵਟਸਐਪ ਨੇ ਪਾਰਟੀ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਸੁਨੇਹਾ ਭੇਜ ਕੇ ਫੋਨ ਹੈਕ ਕੀਤੇ ਜਾਣ ਸਬੰਧੀ ਚੌਕਸ ਕੀਤਾ ਸੀ। ਪਾਰਟੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਕਾਂਗਰਸ ਦੀ ਜਨਰਲ ਸਕੱਤਰ ਨੂੰ ਇਹ ਸੁਨੇਹਾ ਅਸਲ ਵਿੱਚ ਕਦੋਂ ਮਿਲਿਆ ਸੀ।

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਵਟਸਐਪ ਨੇ ਵੱਖ-ਵੱਖ ਲੋਕਾਂ ਨੂੰ ਸੁਨੇਹੇ ਭੇਜ ਕੇ ਉਨ੍ਹਾਂ ਦਾ ਫੋਨ ਹੈਕ ਕੀਤੇ ਜਾਣ ਬਾਰੇ ਚੌਕਸ ਕੀਤਾ ਸੀ। ਅਜਿਹਾ ਹੀ ਸੁਨੇਹਾ ਪ੍ਰਿਯੰਕਾ ਗਾਂਧੀ ਦੇ ਮੋਬਾਈਲ ਫੋਨ ’ਤੇ ਵੀ ਆਇਆ ਸੀ। ਵਟਸਐਪ ਨੇ ਹਾਲਾਂਕਿ ਉਸ ਮੌਕੇ ਇਹ ਨਹੀਂ ਸੀ ਦੱਸਿਆ ਕਿ ਮੋਬਾਈਲ ਨੂੰ ਪੈਗਾਸਸ ਸਾਫਟਵੇਅਰ ਜ਼ਰੀਏ ਗੈਰਕਾਨੂੰਨੀ ਤਰੀਕੇ ਨਾਲ ਹੈਕ ਕੀਤਾ ਜਾ ਰਿਹੈ, ਜਦੋਂਕਿ ਲੋਕਾਂ ’ਚ ਇਸ ਗੱਲ ਦੀ ਚਰਚਾ ਆਮ ਸੀ।’ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਪੂਰੇ ਮਾਮਲੇ ਬਾਰੇ ਕਥਿਤ ਜਾਣਕਾਰੀ ਹੋਣ ਦੇ ਬਾਵਜੂਦ ‘ਗਿਣਮਿੱਥੀ ਸ਼ਾਜ਼ਿਸ਼ ਤਹਿਤ ਚੁੱਪੀ’ ਧਾਰੀ ਰੱਖੀ।

ਉਧਰ, ਸੀਨੀਅਰ ਕਾਂਗਰਸੀ ਲੀਡਰਾਂ ਆਨੰਦ ਸ਼ਰਮਾ ਤੇ ਸ਼ਸ਼ੀ ਥਰੂਰ ਦੀ ਅਗਵਾਈ ਵਾਲੀਆਂ ਦੋ ਸੰਸਦੀ ਕਮੇਟੀਆਂ ਨੇ ਵਟਸਐਪ ਜਾਸੂਸੀ ਕੇਸ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਕਮੇਟੀਆਂ ਗ੍ਰਹਿ ਸਕੱਤਰ ਸਮੇਤ ਹੋਰਨਾਂ ਸਿਖਰਲੇ ਸਰਕਾਰੀ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਪੂਰੀ ਤਫ਼ਸੀਲ ਹਾਸਲ ਕਰਨਗੀਆਂ। ਫੇਸਬੁੱਕ ਦੀ ਮਾਲਕੀ ਵਾਲੀ ਵਟਸਐਪ ਨੇ ਵੀਰਵਾਰ ਨੂੰ ਅਣਪਛਾਤੀ ਇਕਾਈ ਵੱਲੋਂ ਇਜ਼ਰਾਇਲੀ ਜਾਸੂਸੀ ਸਾਫ਼ਟਵੇਅਰ ‘ਪੈਗਾਸਸ’ ਦੀ ਮਦਦ ਨਾਲ ਭਾਰਤੀ ਪੱਤਰਕਾਰਾਂ ਤੇ ਮਨੁੱਖੀ ਹੱਕ ਕਾਰਕੁਨਾਂ ਦੀ ਜਾਸੂਸੀ ਕੀਤੇ ਜਾਣ ਦਾ ਖੁਲਾਸਾ ਕੀਤਾ ਸੀ।

Related posts

ਮੁੱਖ ਮੰਤਰੀ ਦੀ ਧਰਨਾਕਾਰੀਆਂ ਨੂੰ ਅਪੀਲ, ਧਰਨੇ ਖਤਮ ਕਰਕੇ ਘਰਾਂ ਨੂੰ ਜਾਓ, ਸਭ ਦੀ ਵਾਰੀ ਆਵੇਗੀ, ਮੁਲਜ਼ਮ ਪੱਕੇ ਕਰਨ ਲਈ ਕਾਨੂੰਨੀ ਅੜਚਨਾਂ ਦੂਰ ਕਰ ਰਹੀ ਸਰਕਾਰ

On Punjab

ਰਾਮਦੇਵ ਦੀਆਂ ਐਲੋਪੈਥੀ ਬਾਰੇ ਟਿੱਪਣੀਆਂ: ਛੱਤੀਸਗੜ੍ਹ ਪੁਲੀਸ ਨੇ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ: ਕੇਂਦਰ

On Punjab

ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਜੋਂ ਹੁਸ਼ਿਆਰਪੁਰ, ਕਪੂਰਥਲਾ ਵਿਚ ਬਾਜ਼ਾਰ ਬੰਦ

On Punjab