50.95 F
New York, US
November 12, 2024
PreetNama
ਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਨਾਇਕਾ ਬਣ ਕੇ ਸਥਾਪਤੀ ਵੱਲ ਵਧ ਰਹੀ ਤਾਨੀਆ


ਪੰਜਾਬੀ ਫਿਲਮ ‘ਕਿਸਮਤ’ ਵਿੱਚ ਸਹਿ-ਨਾਇਕਾ ਦੇ ਰੂਪ ਵਿਚ ਪੰਜਾਬੀ ਪਰਦਾ ਸ਼ੇਅਰ ਕਰਨ ਵਾਲੀ ਤਾਨੀਆ ਛੋਟੀ ਉਮਰ ਦੀ ਪਹਿਲੀ ਅਦਾਕਾਰਾ ਹੈ ਜੋ ਬਤੌਰ ਨਾਇਕਾ ਪੰਜਾਬੀ ਪਰਦੇ ਤੇ ‘ਨਜ਼ਰ ਆਵੇਗੀ।ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਵੀਂ ਬਣਾਈ ਪੰਜਾਬੀ ਫ਼ਿਲਮ ‘ਸੁਫਨਾ’ ਵਿਚ ਉਹ ਸੁਪਰ ਸਟਾਰ ਨਾਇਕ ਐਮੀ ਵਿਰਕ ਨਾਲ ਨਜ਼ਰ ਆਵੇਗੀ ਜੋ ਅਗਾਮੀ 14 ਫਰਵਰੀ 2020 ਨੂੰ ਵੈਲਨਟੇਨਡੇ ‘ਤੇ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਬਾਕਮਾਲ ਅਦਾਵਾਂ ਤੇ ਹੁਸਨ ਦੀ ਮਲਿਕਾ ਤਾਨੀਆ ਨੂੰ ਇਸ ਫਿਲਮ ਤੋਂ ਪਹਿਲਾਂ ਦਰਸ਼ਕ ਪੰਜਾਬੀ ਫਿਲਮ ‘ਸੰਨ ਆਫ ਮਨਜੀਤ ਸਿੰਘ’, ‘ਗੁੱਡੀਆਂ ਪਟੋਲੇ,ਰੱਬ ਦਾ ਰੇਡੀਓ-੨ ਅਤੇ ‘ਕਿਸਮਤ’ ਵਿੱਚ ਵੇਖ ਚੁੱਕੇ ਹਨ।ਉਹ ਆਪਣੀ ਦੇਖਣੀ-ਪਾਖਣੀ, ਅਦਾਕਾਰੀ ਅਤੇ ਡਾਇਲਾਗ ਡਿਲਿਵਰੀ ਨਾਲ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕਰ ਚੁੱਕੀ ਹੈ।
ਜਮਸ਼ੇਦਪੁਰ ‘ਚ ਜਨਮੀ ਤੇ ਅੰਮ੍ਰਿਤਸਰ ‘ਚ ਪਲੀ ਤਾਨੀਆ ਨੇ ਦੱਸਿਆ ਕਿ ਉਸ ਨੂੰ ਕਲਾ ਦਾ ਸੌਂਕ ਸ਼ੁਰੂ ਤੋਂ ਹੀ ਸੀ ਪਰ ਉਸਦੇ ਪਰਿਵਾਰ ‘ਚ ਅਜਿਹਾ ਸ਼ੌਂਕ ਪਹਿਲਾਂ ਕਿਸੇ ਨੂੰ ਨਹੀਂ ਸੀ। ਉਸ ਨੇ ਅੰਮ੍ਰਿਤਸਰ ਵਿਖੇ ਕਾਲਜ ਪੜਦਿਆਂ ਰੰਗਮੰਚ ‘ਤੇ ਅਨੇਕਾਂ ਨਾਟਕ ਖੇਡੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਲਗਾਤਾਰ ਛੇ ਵਾਰ ਜਿੱਤਿਆ। ਉਸ ਨੇ ਇਹ ਵੀ ਦੱਸਿਆ ਕਿ ਉਹ ਪੋਸਟ ਗਰੇਜੁਏਸ਼ਨ ਅਤੇ ਬਤੌਰ ਇੰਟਰੀਅਰ ਡਿਜ਼ਾਈਨਰ ਦੀ ਡਿਗਰੀ ਵੀ ਕਰ ਚੁੱਕੀ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਚੰਗੀਆਂ ਪੁਸਤਕਾਂ ਪੜਨ ਅਤੇ ਡਾਂਸ ਦਾ ਵੀ ਸ਼ੌਕ ਰੱਖਦੀ ਹੈ।
ਤਾਨੀਆ ਕਿਸਮਤ ਦੀ ਧਨੀ ਹੈ ਜਿਸਨੂੰ ਥੀਏਟਰ ਕਰਦਿਆਂ ਹੀ ਫਿਲਮਾਂ ‘ਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ। ਸੱਭ ਤੋਂ ਪਹਿਲਾਂ ਉਸਨੂੰ ਇੱਕ ਬਾਲੀਵੁੱਡ ਫਿਲਮ ‘ਸਰਬਜੀਤ’ ਦੀ ਆਫ਼ਰ ਹੋਈ ਸੀ ਜਿਸ ਵਿੱਚ ਉਸਨੂੰ ਸਰਬਜੀਤ ਦੀ ਛੋਟੀ ਬੇਟੀ ਦਾ ਕਿਰਦਾਰ ਮਿਲਿਆ ਪਰ ਉਹ ਆਪਣੇ ਗਰੇਜੂਏਸ਼ਨ ਦੇ ਫਾਇਨਲ ਪੇਪਰਾਂ ਕਰਕੇ ਇਹ ਨਾ ਕਰ ਸਕੀ। ਜਦਕਿ ਕਪਿਲ ਸ਼ਰਮਾ ਅਤੇ ਵਿਕਰਮ ਗਰੋਵਰ ਦੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਤੋਂ ਉਸਨੇ ਆਪਣੇ ਫ਼ਿਲਮੀ ਕੈਰੀਅਰ ਦਾ ਅਸਲ ਆਗਾਜ਼ ਕੀਤਾ। ਜਿਸ ਵਿੱਚ ਉਸਨੇ ਗੁਰਪ੍ਰੀਤ ਘੁੱਗੀ ਦੀ ਬੇਟੀ ‘ਸਿਮਰਨ’ ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਸਨੂੰ ‘ਕਿਸਮਤ’ ਵਿੱਚ ਐਮੀ ਵਿਰਕ ਦੀ ਮੰਗੇਤਰ ‘ਅਮਨ’ ਦਾ ਕਿਰਦਾਰ ਮਿਲਿਆ ਜਿਸਨੇ ਦਰਸਕਾਂ ਦਾ ਧਿਆਨ ਖਿੱਚਿਆ। ਫਿਲਮ ‘ਗੁੱਡੀਆ ਪਟੋਲੇ ਦੀ ਗੱਲ ਕਰੀਏ ਤਾਂ ਇਸ ਫਿਲਮ ‘ਚ ਵੀ ਤਾਨੀਆ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ। ਹੁਣ ਆਪਣੀ ਨਵੀਂ ਆ ਰਹੀ ਫਿਲਮ ‘ਸੁਫਨਾ’ ਵਿੱਚ ਐਮੀ ਵਿਰਕ ਨਾਲ ਬਤੌਰ ਨਾਇਕਾ ਪਰਦੇ ‘ਤੇ ਆਉਣਾ ਉਸਦਾ ਇੱਕ ਵੱਡਾ ਸੁਫ਼ਨਾ ਪੂਰਾ ਹੋਣ ਬਰਾਬਰ ਹੈ। ਜ਼ਿਕਰਯੋਗ ਹੈ ਕਿ ਤਾਨੀਆ ਨੇ ਇਸ ਫਿਲਮ ਲਈ ਬਹੁਤ ਮੇਹਨਤ ਕੀਤੀ ਹੈ। ਇਸ ਫਿਲਮ ਦਾ ਸ਼ੂਟ ਦੋ ਮਹੀਨੇ ਚੱਲਿਆ ਤੇ ਉਸਨੇ ਆਪਣਾ ਵਜ਼ਨ ਵੀ ਘਟਾਇਆ ਹੈ। ਉਸ ਨੂੰ ਆਸ ਹੈ ਕਿ ਪਹਿਲੀਆਂ ਫਿਲਮਾਂ ਵਾਂਗ ਦਰਸ਼ਕ ‘ਸੁਫਨਾ’ ਵਿੱਚ ਵੀ ਉਸਦੀ ਅਦਾਕਾਰੀ ਨੂੰ ਜਰੂਰ ਪਸੰਦ ਕਰਨਗੇ। ਖੈਰ ! ਇਹ ਤਾਂ ਹੁਣ 13 ਫ਼ਰਵਰੀ ਫਿਲਮ ਦੇ ਰਿਲੀਜ਼ ਹੋਇਆ ਹੀ ਦਰਸ਼ਕ ਦੱਸਣਗੇ।
ਹਰਜਿੰਦਰ ਸਿੰਘ 94638 28000

Related posts

ਲਤਾ ਦੀ ਸਿਹਤ ਨੂੰ ਲੈ ਕੇ ਫੈਲੀਆਂ ਅਫਵਾਹਾਂ ਤੋਂ ਬਾਅਦ ਹੁਣ ਇਸ ਅਦਾਕਾਰਾ ਨੇ ਤੋੜੀ ਚੁੱਪੀ

On Punjab

ਦੂਜੇ ਵਿਸ਼ਵ ਯੁੱਧ ਦੇ 112 ਸਾਲਾ ਸਭ ਤੋਂ ਬਜ਼ੁਰਗ ਜੋਧੇ ਦੀ ਮੌਤ

Pritpal Kaur

ਸਪੇਨ ‘ਚ ਗਲੋਰੀਆ ਤੂਫਾਨ ਨੇ ਮਚਾਈ ਤਬਾਹੀ, 6 ਦੀ ਮੌਤ

On Punjab