82.56 F
New York, US
July 14, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦੇਹਰਾਦੂਨ ’ਚ ਚੰਡੀਗੜ੍ਹ ਨੰਬਰ ਦੀ ਮਰਸਡੀਜ਼ ਨੇ ਛੇ ਮਜ਼ਦੂਰਾਂ ਨੂੰ ਟੱਕਰ ਮਾਰੀ, ਚਾਰ ਦੀ ਮੌਕੇ ’ਤੇ ਮੌਤ, ਦੋ ਗੰਭੀਰ ਜ਼ਖ਼ਮੀ

ਚੰਡੀਗੜ੍ਹ- ਦੇਹਰਾਦੂਨ ਵਿੱਚ ਤੇਜ਼ ਰਫ਼ਤਾਰ ਨਾਲ ਚੱਲ ਰਹੀ ਚੰਡੀਗੜ੍ਹ-ਰਜਿਸਟਰਡ ਮਰਸੀਡੀਜ਼ ਨੇ 4 ਲੋਕਾਂ ਦੀ ਜਾਨ ਲੈ ਲਈ ਦੇਹਰਾਦੂਨ ਦੀ ਰਾਜਪੁਰ ਰੋਡ ਉੱਤੇ ਬੁੱਧਵਾਰ ਰਾਤ ਤੇਜ਼ ਰਫ਼ਤਾਰ ਕਾਰ ਨੇ ਸੜਕ ਕੰਢੇ ਪੈਦਲ ਚੱਲ ਰਹੇ ਛੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਚਾਰ ਮਜ਼ਦੂਰਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਕਾਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰਸਡੀਜ਼ ਕਾਰ ਚੰਡੀਗੜ਼੍ਹ ਨੰਬਰ ਦੀ ਸੀ ਤੇ ਇਸ ਵਿਚ ਪੰਜ ਵਿਅਕਤੀ ਸਵਾਰ ਸਨ। ਪੀਟੀਆਈ ਦੀ ਰਿਪੋਰਟ ਮੁਤਾਬਕ ਪੁਲੀਸ ਨੇ ਸਹਿਸਤਰਧਾਰਾ ਰੋਡ ਤੋਂ ਕਾਰ ਬਰਾਮਦ ਕਰ ਲਈ ਹੈ। ਦੇਹਰਾਦੂਨ ਪੁਲੀਸ ਨੇ ਕਾਰ ਚਾਲਕ ਦੀ ਪਛਾਣ ਕਰ ਲਈ ਹੈ ਤੇ ਪੁਲੀਸ ਦੀ ਇਕ ਟੀਮ ਚਾਲਕ ਦੇ ਚੰਡੀਗੜ੍ਹ ਵਿਚਲੇ ਘਰ ਪਹੁੰਚ ਗਈ ਹੈ।

ਹਾਦਸਾ ਬੁੱਧਵਾਰ ਰਾਤ ਨੂੰ ਕਰੀਬ ਸਾਢੇ ਅੱਠ ਵਜੇ ਸਾਈਂ ਮੰਦਰ ਕੋਲ ਉੱਤਰਾਂਚਲ ਹਸਪਤਾਲ ਦੇ ਸਾਹਮਣੇ ਹੋਇਆ। ਮਸੂਰੀ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਲੇ ਰੰਗ ਦੀ ਮਰਸਡੀਜ਼ ਕਾਰ ਬੇਕਾਬੂ ਹੋ ਕੇ ਫੁਟਪਾਥ ’ਤੇ ਚੜ੍ਹੀ ਤੇ ਮਜ਼ਦੂਰਾਂ ਨੂੰ ਪਿੱਛਿਓਂ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਕਈ ਫੁੱਟ ਦੂਰ ਜਾ ਡਿੱਗੇ। ਇਸ ਮਗਰੋਂ ਕਾਰ ਕੋਲ ਖੜ੍ਹੀ ਸਕੂਟੀ ਨਾਲ ਟਕਰਾਅ ਗਈ, ਜਿਸ ਨਾਲ ਸਕੂਟੀ ਸਵਾਰ ਦੋ ਵਿਅਕਤੀ ਵੀ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਫੌਰੀ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ, ਜਿੱਥੇ ਡਾਕਟਰਾਂ ਨੇ ਚਾਰ ਮਜ਼ਦੂਰਾਂ ਨੂੰ ਮ੍ਰਿਤ ਐਲਾਨ ਦਿੱਤਾ। ਦੋ ਜ਼ਖ਼ਮੀ ਜ਼ੇਰੇ ਇਲਾਜ ਹਨ।

ਚਸ਼ਮਦੀਦਾਂ ਮੁਤਾਬਕ ਹਾਦਸੇ ਵਿਚ ਸ਼ਾਮਲ ਕਾਰ ਚੰਡੀਗੜ੍ਹ ਨੰਬਰ ਦੀ ਸੀ। ਪੁਲੀਸ ਮੁਤਾਬਕ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਚੌਕਾਂ ਉੱਤੇ ਲੱਗੇ ਸੀਸੀਟੀਵੀ’ਜ਼ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।

ਹਾਦਸੇ ਮਗਰੋਂ ਸਥਾਨਕ ਲੋਕਾਂ ਨੇ ਗੁੱਸੇ ਦਾ ਇਜ਼ਹਾਰ ਕਰਦਿਆਂ ਪੁਲੀਸ ’ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦਿਆਂ ਵਿਰੋਧ ਪ੍ਰਦਰਸ਼ਨ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਰਾਜਪੁਰ ਰੋਡ ’ਤੇ ਤੇਜ਼ ਰਫ਼ਤਾਰ ਵਾਹਨ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ, ਪਰ ਪੁਲੀਸ ਉਨ੍ਹਾਂ ਨੂੰ ਰੋਕਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪੁਲੀਸ ਸਖ਼ਤੀ ਵਰਤਦਿਆਂ ਸਪੀਡ ਲਿਮਟ ਦੀ ਪਾਲਣਾ ਯਕੀਨੀ ਬਣਾਏ ਤਾਂ ਕਿ ਅਜਿਹੀਆਂ ਘਟਨਾਵਾਂ ’ਤੇ ਰੋਕ ਲਾਈ ਜਾ ਸਕੇ।

Related posts

ਸ਼ਾਹਜਹਾਂਪੁਰ ਦੀ ‘ਲਾਟ ਸਾਹਿਬ’ ਹੋਲੀ ਲਈ ਸਖ਼ਤ ਸੁਰੱਖਿਆ ਪ੍ਰਬੰਧ

On Punjab

ਬੱਦਲ

Pritpal Kaur

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੰਬੋਡੀਆ ‘ਚ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ ‘ਤੇ ਕੀਤੀ ਚਰਚਾ

On Punjab