ਵਿਗਿਆਨੀਆਂ ਨੇ ਇਕ ਅਜਿਹਾ ਪਦਾਰਥ ਲੱਭਿਆ ਹੈ ਜਿਹੜਾ ਟੀਬੀ ਦੀ ਦਵਾਈ ਰੋਕੂ ਸਮਰੱਥਾ ਨੂੰ ਖ਼ਤਮ ਕਰਨ ‘ਚ ਸਮਰੱਥ ਹੈ। ਇਸ ਨਾਲ ਟੀਬੀ ਦੇ ਬੈਕਟੀਰੀਆ ‘ਤੇ ਦੁਬਾਰਾ ਦਵਾਈਆਂ ਦਾ ਅਸਰ ਹੋਣ ਲੱਗਦਾ ਹੈ। ਇਸ ਸਮੇਂ ਦੁਨੀਆ ਭਰ ‘ਚ ਦਵਾਈ ਰੋਕੂ ਟੀਬੀ ਵੱਡਾ ਖ਼ਤਰਾ ਬਣ ਕੇ ਸਾਹਮਣੇ ਆ ਰਹੀ ਹੈ। ਇਨ੍ਹਾਂ ‘ਤੇ ਮੌਜੂਦਾ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਨਹੀਂ ਹੁੰਦਾ। ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਅਤੇ ਸਵੀਡਨ ਦੀ ਯੂਮੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪ੍ਰਯੋਗਸ਼ਾਲਾ ‘ਚ ਟੀਬੀ ਦੇ ਬੈਕਟੀਰੀਆ ਦੀ ਦਵਾਈ ਰੋਕੂ ਸਮਰੱਥਾ ਨੂੰ ਖ਼ਤਮ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਪ੍ਰਯੋਗ ਦੌਰਾਨ ਵਿਗਿਆਨੀਆਂ ਨੇ ਟੀਬੀ ਦੇ ਇਲਾਜ ‘ਚ ਇਸਤੇਮਾਲ ਹੋਣ ਵਾਲੀ ਦਵਾਈ ਆਇਸੋਨਾਈਜ਼ਡ ਪ੍ਰਤੀ ਬੈਕਟੀਰੀਆ ਰੋਕੂ ਸਮਰੱਥਾ ਨੂੰ ਖ਼ਤਮ ਕੀਤਾ। ਵਿਗਿਆਨੀਆਂ ਨੇ ਕਿਹਾ ਕਿ ਆਇਸੋਨਾਈਜ਼ਡ ਨਾਲ ਪ੍ਰਯੋਗ ਕਰਨ ‘ਤੇ ਇਹ ਪਦਾਰਥ ਨਾ ਸਿਰਫ਼ ਬੈਕਟੀਰੀਆ ਦੀ ਰੋਕੂ ਸਮਰੱਥਾ ਨੂੰ ਖ਼ਤਮ ਕਰਦਾ ਹੈ ਬਲਕਿ ਦਵਾਈ ਦੇ ਅਸਰ ਨੂੰ ਵੀ ਵਧਾਉਂਦਾ ਹੈ। ਹਾਲੇ ਇਸ ਪਦਾਰਥ ਨੂੰ ਪ੍ਰਯੋਗਸ਼ਾਲਾ ‘ਚ ਤਿਆਰ ਬੈਕਟੀਰੀਆ ‘ਤੇ ਅਜ਼ਮਾਇਆ ਗਿਆ ਹੈ। ਮਨੁੱਖ ਜਾਂ ਕਿਸੇ ਜੀਵ ‘ਤੇ ਇਸ ਦਾ ਪ੍ਰੀਖਣ ਬਾਕੀ ਹੈ।