PreetNama
ਸਮਾਜ/Social

ਚਿੱਤਰਕਲਾ ਦੇ ਖੇਤਰ ‘ਚ ਨਿਪੁੰਨ ਹੈ ‘ਦਵਿੰਦਰ ਸਿੰਘ’

ਕਲਾ ਦੇ ਖੇਤਰ ਵਿਚ ਕੁਦਰਤ ਦੀ ਬਖਸ਼ੀ ਦਾਤ ਨਾਲ ਅਹਿਮ ਪੁਲਾਘਾਂ ਪੁੱਟਣ ਵਾਲੇ ਚਿੱਤਰਕਾਰ ਦਵਿੰਦਰ ਸਿੰਘ ਦਾ ਜਨਮ 21 ਅਕਤੂਬਰ 1984 ਨੂੰ ਡੱਬ ਵਾਲੀ (ਹਰਿਆਣਾ) ਵਿਖੇ ਪਿਤਾ ਗੁਰਮੀਤ ਸਿੰਘ ਦੇ ਘਰ ਮਾਤਾ ਗੁਰਮੀਤ ਕੌਰ ਦੀ ਕੁੱਖੋ ਹੋਇਆ। ਦਵਿੰਦਰ ਨੇ ਮੁੱਢਲੀ ਪੜ੍ਹਾਈ ਆਰੀਆ ਸਮਾਜ ਸਕੂਲ ਡੱਬਵਾਲੀ ਤੋਂ ਹਾਸਿਲ ਕੀਤੀ। ਉਨ੍ਹਾਂ ਨੇ ਸੀਪੀਈਡੀ ਦੀ ਪੜ੍ਹਾਈ ਸਿਰਸਾ ਕਾਲਜ ਤੋਂ ਅਤੇ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਬੀਏ ਦੀ ਪੜ੍ਹਾਈ ਕੀਤੀ। ਦਵਿੰਦਰ ਸਿੰਘ ਦੇ ਪਿਤਾ ਗੁਰਮੀਤ ਸਿੰਘ ਉਸ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ ਆ ਵਸੇ। ਇਥੇ ਮਲੋਟ ਦੇ ਅਧੀਨ ਆਉਂਦੇ ਪਿੰਡ ਮਾਹਣੀ ਵਿਖੇ ਕੁਝ ਸਮੇਂ ਬਾਅਦ ਦਵਿੰਦਰ ਸਿੰਘ ਨੂੰ ਸਰਕਾਰੀ ਮਿਡਲ ਸਕੂਲ ਮਾਹਣੀ ਖੇੜਾ ਵਿਚ ਬਤੌਰ ਸਰੀਰਕ ਸਿੱਖਿਆ ਅਧਿਆਪਕ ਦੇ ਤੌਰ ਤੇ ਨੌਕਰੀ ਮਿਲ ਗਈ। ਦਵਿੰਦਰ ਸਿੰਘ ਦਾ ਵਿਆਹ ਵੀ 2010 ਵਿਚ ਮਲੋਟ ਸ਼ਹਿਰ ਦੇ ਰਹਿਣ ਵਾਲੇ ਹਰਮੇਸ਼ ਸਿੰਘ ਦੀ ਲੜਕੀ ਪ੍ਰਵੀਨ ਕੌਰ ਨਾਲ ਹੋਇਆ। ਜਿੰਦਗੀ ਦਾ ‘ਸਫ਼ਰ’ ਚਲਦਿਆ ਦਵਿੰਦਰ ਸਿੰਘ ਹੁਰਾ ਦੇ ਘਰ ਇਕ ਬੱਚੀ ਨੇ ਜਨਮ ਲਿਆ।

ਚਿੱਤਰਕਾਰ ਦਵਿੰਦਰ ਸਿੰਘ ਨੂੰ ਬਚਪਨ ਤੋਂ ਹੀ ਸਕੈਚ ਦੇ ਨਾਲ ਤਸਵੀਰਾਂ ਬਣਾਉਣ ਦਾ ਸ਼ੌਕ ਸੀ ਅੱਜ ਤੱਕ ਸੈਂਕੜੇ ਅਨੇਕਾਂ ਗੁਰੂ ਮਹਾਰਾਜ ਦੀਆਂ ਤਸਵੀਰਾਂ ਬਣਾ ਚੁੱਕਿਆ ਹੈ। ਦਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਵਲੋਂ ਬਣਾਏ ਗਏ ਚਿੱਤਰ ਹੁਣ ਤੱਕ ਆਨੰਦਪੁਰ ਸਾਹਿਬ, ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਤੋਂ ਇਲਾਵਾ 100 ਤੋਂ ਜ਼ਿਆਦਾ ਗੁਰੂਆਂ ਦੀਆਂ ਹੱਥ ਨਾਲ ਬਣਾਈਆਂ ਤਸਵੀਰਾਂ ਵਿਦੇਸ਼ੀ ਲੋਕ ਉਨ੍ਹਾਂ ਕੋਲੋਂ ਲੈ ਕੇ ਗਏ ਹਨ। ਕਈ ਉੱਚ ਕਵੀਆਂ ਅਤੇ ਹੋਰ ਮਹਾਨ ਸਖਸ਼ੀਅਤਾਂ ਨੂੰ ਉਨ੍ਹਾਂ ਨੇ ਸਕੈਚ ਨਾਲ ਬਣਾਏ ਹੋਏ ਚਿੱਤਰ ਤੋਹਫੇ ਦੇ ਰੂਪ ਵਿਚ ਭੇਟ ਕੀਤੇ ਹਨ। ਦਵਿੰਦਰ ਸਿੰਘ ਨੇ ਤਕਰੀਬਨ ਸੈਂਕੜੇ ਪੇਂਟਿੰਗਾਂ ਵਿਚ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਹੱਥ ਨਾਲ ਤਿਆਰ ਕੀਤੀਆਂ। ਦਰਅਸਲ ਪੰਜਵੀ-ਛੇਵੀ ਤੋਂ ਉਨ੍ਹਾਂ ਨੂੰ ਚਿੱਤਰਕਾਰੀ ਦਾ ਸ਼ੌਂਕ ਪੈ ਗਿਆ ਸੀ। ਮਿਡਲ ਪਾਸ ਕਰਨ ਉਪਰੰਤ ਦਵਿੰਦਰ ਸਿੰਘ ਨੇ ਆਪਣੇ ਕਈ ਚਿੱਤਰ ਬਣਾਏ। ਦਵਿੰਦਰ ਦੀ ਚਿੱਤਰਕਾਰੀ ਦੇਖਦਿਆਂ ਸਕੂਲ ਅਧਿਆਪਕਾਂ ਨੇ ਉਸ ਨੂੰ ਜ਼ਿਲ੍ਹਾ ਪੱਧਰ ਤੋਂ ਲੈ ਰਾਜ ਪੱਧਰ ਵਿਚ ਚਿੱਤਰਕਲਾ ਦੇ ਪ੍ਰੋਗਰਾਮਾਂ ਵਿਚ ਹਿੱਸਾ ਦੁਆਇਆ, ਜਿਥੇ ਦਵਿੰਦਰ ਸਿੰਘ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਆਪਣੇ ਜ਼ਿਲ੍ਹੇ ਅਤੇ ਰਾਜ ਦਾ ਨਾਮ ਰੋਸ਼ਨ ਕੀਤਾ ਅਤੇ ਸਟੂਡੀਉ ਬਣਾ ਕੇ ਇਥੋਂ ਦੇ ਕਲਾ ਪ੍ਰੇਮੀਆਂ ਨੂੰ ਕਲਾ ਦਾ ਬੋਧ ਕਰਵਾਇਆ।

ਆਮ ਤੌਰ ਤੇ ਚਿੱਤਰਕਾਰ ਇਕ ਕਿਸਮ ਦੇ ਚਿੱਤਰ ਹੀ ਬਣਾਉਂਦੇ ਹਨ, ਪਰ ਦਵਿੰਦਰ ਸਿੰਘ ਨੇ ਹਰ ਪ੍ਰਕਾਰ ਅਤੇ ਸ਼ੈਲੀ ਦੇ ਚਿੱਤਰ ਬਣਾਏ ਹਨ। ਉਨ੍ਹਾਂ ਨੇ ਜੇ ਇਕ ਪਾਸੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਣਾਈਆਂ ਹਨ ਤਾਂ ਦੂਜੇ ਪਾਸੇ ਕੈਨਵਸ ਤੇ ਪੰਜਾਬੀ ਸਭਿਆਚਾਰ ਅਤੇ ਲੋਕ ਗਾਥਾਵਾਂ ਨੂੰ ਵੀ ਆਪਣੀ ਕਲਾ ਰਾਹੀਂ ਉਜਾਗਰ ਕੀਤਾ ਹੈ। ਇਸ ਤੋਂ ਇਲਾਵਾ ਦਵਿੰਦਰ ਸਿੰਘ ਨੇ ਆਪਣੇ ਆਲੇ-ਦੁਆਲੇ ਨੂੰ ਵੀ ਬੜੀ ਖੂਬਸੂਰਤੀ ਨਾਲ ਆਪਣੀ ਚਿੱਤਰਕਾਰੀ ਰਾਹੀਂ ਪੇਸ਼ ਕੀਤਾ ਹੈ। ਆਖਰ ਤੇ ਦਵਿੰਦਰ ਸਿੰਘ ਨੇ ਕਿਹਾ ਕਿ ਕਲਾ ਤੇ ਜ਼ਿੰਦਗੀ ਦਾ ਗਹਿਰਾ ਸਬੰਧ ਹੈ, ਤੇ ਸੰਵੇਦਨਸ਼ੀਲ ਹੋ ਰਹੇ ਮਨੁੱਖ ਨੂੰ ਕਲਾ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਰਾਹੀਂ ਅਸੀਂ ਮਨੁੱਖੀ ਚੇਤਨਾ ਦਾ ਵਿਕਾਸ ਕਰਨ ਦੇ ਨਾਲ ਹੀ ਸਮਾਜ ਵਿਚ ਵੀ ਨਵੀਆਂ ਕਦਰਾਂ ਕੀਮਤਾਂ ਕਾਇਮ ਕਰ ਸਕਦੇ ਹਾਂ।

Related posts

ਹੇ ਮੇਰੇ ਨਾਨਕ ਜੀਉ

Preet Nama usa

ਦੋ ਸਹੇਲੀਆਂ (ਵੈਲਨਟਾਈਨ ਜੇ)

Preet Nama usa

ਸੋਮਵਾਰ ਤੋਂ ਲਾਗੂ ਹੋਵੇਗੀ Odd Even Scheme, ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ ਭਾਰੀ ਜ਼ੁਰਮਾਨਾ

On Punjab
%d bloggers like this: