ਜਲੰਧਰ: ਲੋਕ ਸਭਾ ਚੋਣਾਂ ਮੁਕੰਮਲ ਹੁੰਦਿਆਂ ਹੀ ਕ੍ਰਿਕੇਟਰ ਹਰਭਜਨ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ 2019 ਵਿੱਚ ਦੋ ਵੱਡੀਆਂ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਚੋਣਾਂ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਨੂੰ ਕਿਹੜੀਆਂ ਪਾਰਟੀਆਂ ਨੇ ਪੇਸ਼ਕਸ਼ ਕੀਤੀ ਸੀ।
ਹਰਭਜਨ ਸਿੰਘ ਨੇ ਕਿਹਾ ਕਿ ਲੋਕ ਸਭਾ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਮਗਰੋਂ ਦੋ ਕੌਮੀ ਪਾਰਟੀਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਚੋਣਾਂ ਲੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਆਉਣ ਲਈ ਉਹ ਅਜੇ ਮਾਨਸਿਕ ਤੌਰ ‘ਤੇ ਤਿਆਰ ਨਹੀਂ। ਇਸ ਲਈ ਉਨ੍ਹਾਂ ਸੂਬਾ ਪੱਧਰ ‘ਤੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
ਕ੍ਰਿਕਟ ਦੀ ਦੁਨੀਆ ਵਿੱਚ ਟਰਬੇਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਨੇ ਕਿਹਾ ਕਿ ਉਨ੍ਹਾਂ ਨਾਲੋਂ ਬਿਹਤਰ ਲੋਕ ਸਿਆਸਤ ਵਿੱਚ ਚੰਗੇ ਕੰਮ ਕਰ ਰਹੇ ਹਨ। ਉਹ ਹਾਲੇ ਜਵਾਨ ਹਨ ਤੇ ਇਸ ਲਈ ਉਹ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਲੈ ਸਕਦੇ। ਹਾਲਾਂਕਿ ਉਨ੍ਹਾਂ ਕਿਹਾ ਕਿ ਜਦੋਂ ਸਮਾਂ ਆਵੇਗਾ, ਉਹ ਯਕੀਨੀ ਤੌਰ ‘ਤੇ ਸਿਆਸਤ ਵਿੱਚ ਹੱਥ ਅਜ਼ਮਾਉਣਗੇ।
ਆਉਣ ਵਾਲੇ ਸਮੇਂ ਵਿੱਚ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਗੱਲ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀ ਨਾਲੋਂ ਜ਼ਿਆਦਾ ਇੱਕ ਵਿਅਕਤੀ ਲਈ ਬਿਹਤਰ ਹੋਣਾ ਵਧੇਰੇ ਮਹੱਤਵਪੂਰਨ ਹੈ। ਭਾਵੇਂ ਉਹ ਆਜ਼ਾਦ ਰਹਿ ਕੇ ਵੀ ਲੋਕਾਂ ਲਈ ਕੰਮ ਕਰ ਸਕਦਾ ਹੈ। ਉਨ੍ਹਾਂ ਸਿਆਸਤ ਨੂੰ ਧਰਮ ਤੋਂ ਵੱਖਰੇ ਕਰਨ ਦੀ ਵਕਾਲਤ ਕੀਤੀ।