ਲੰਦਨ: ਵਿਸ਼ਵ ਕੱਪ ਵਿੱਚ ਓਵਲ ਮੈਦਾਨ ‘ਤੇ ਐਤਵਾਰ ਨੂੰ ਖੇਡੇ ਗਏ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ। ਮੈਚ ਵਿੱਚ ਭਾਰਤ ਵੱਲੋਂ ਬੱਲੇਬਾਜ਼ੀ ਦੌਰਾਨ ਦਰਸ਼ਕਾਂ ਨੇ ਆਸਟ੍ਰੇਲੀਅਨ ਖਿਡਾਰੀ ਸਟੀਵ ਸਮਿਥ ਦੀ ਹੂਟਿੰਗ ਕੀਤੀ ਸੀ। ਦਰਸ਼ਕਾਂ ਨੇ ਸਮਿਥ ਦੇ ਸਾਹਮਣੇ ‘ਚੀਟਰ-ਚੀਟਰ’ ਦੇ ਨਾਅਰੇ ਲਾਏ। ਮੈਚ ਜਿੱਤਣ ਮਗਰੋਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦਰਸ਼ਕਾਂ ਦੇ ਇਸ ਵਰਤਾਓ ਲਈ ਸਮਿਥ ਕੋਲੋਂ ਮੁਆਫ਼ੀ ਮੰਗੀ।
ਇਹ ਘਟਨਾ ਉਦੋਂ ਹੋਈ ਜਦੋਂ ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਿਹਾ ਸੀ। ਸਮਿੱਥ ਬਾਊਂਡਰੀ ‘ਤੇ ਫੀਲਡਿੰਗ ਕਰ ਰਿਹਾ ਸੀ। ਉਸ ਦੇ ਪਿੱਛੇ ਸਟੈਂਡ ਵਿੱਚ ਮੌਜੂਦ ਦਰਸ਼ਕਾਂ ਨੇ ‘ਚੀਟਰ-ਚੀਟਰ’ ਦੇ ਨਾਅਰੇ ਲਾਏ। ਉਦੋਂ ਕੋਹਲੀ ਨੇ ਮੈਦਾਨ ਤੋਂ ਹੀ ਇਸ਼ਾਰਾ ਕਰਦਿਆਂ ਦਰਸ਼ਕਾਂ ਨੂੰ ਇਸ ਤਰ੍ਹਾਂ ਦਾ ਵਰਤਾਓ ਕਰਨ ਤੋਂ ਰੋਕਿਆ। ਸਮਿਥ ਸਮੇਤ ਹੋਰ ਖਿਡਾਰੀਆਂ ਨੇ ਵਿਰਾਟ ਦੇ ਇਸ ਕਦਮ ਦੀ ਕਾਫੀ ਤਾਰੀਫ ਕੀਤੀ ਹੈ।
ਯਾਦ ਰਹੇ ਮਾਰਚ 2018 ਵਿੱਚ ਸਟੀਵ ਸਮਿੱਥ ‘ਤੇ ਬਾਲ ਟੈਂਪਰਿੰਗ ਦੇ ਕਰਕੇ ਇੱਕ ਸਾਲ ਦੀ ਪਾਬੰਧੀ ਲੱਗੀ ਸੀ, ਜੋ ਹਾਲ ਹੀ ਵਿੱਚ ਖ਼ਤਮ ਹੋਈ ਹੈ। ਇਸੇ ਲਈ ਦਰਸ਼ਕਾਂ ਨੇ ਉਸ ਨੂੰ ‘ਚੀਟਰ-ਚੀਟਰ’ ਬੁਲਾਉਂਦਿਆਂ ਨਾਅਰੇ ਲਾਏ ਸੀ। ਇਸ ‘ਤੇ ਵਿਰਾਟ ਨੇ ਮੀਡੀਆ ਸਾਹਮਣੇ ਸਮਿੱਥ ਕੋਲੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਨਾਅਰੇ ਲਾਉਣ ਵਾਲੇ ਦਰਸ਼ਕਾਂ ਵਿੱਚ ਜ਼ਿਆਦਾ ਭਾਰਤੀ ਸਨ, ਇਸ ਲਈ ਉਸ ਨੇ ਇਹ ਕਦਮ ਚੁੱਕਿਆ। ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਕੋਈ ਖਰਾਬ ਮਿਸਾਲ ਕਾਇਮ ਹੋਏ। ਉਹ ਕਿਸੇ ਵੀ ਬੁਰੇ ਵਿਹਾਰ ਨੂੰ ਸਹਿਨ ਨਹੀਂ ਕਰ ਸਕਦਾ।