ਸ਼ਿਮਲਾ: ਕੈਨੇਡਾ, ਇਜ਼ਰਾਈਲ ਤੇ ਮਲੇਸ਼ੀਆ ਵਰਗੇ ਕਈ ਦੇਸ਼ ਦਵਾਈਆਂ ਤੇ ਭੰਗ ਉਦਯੋਗ ਲਈ ਵਧੀਆ ਕੁਆਲਟੀ ਵਾਲੇ ਭੰਗ ਦੇ ਅਰਕ ਲਈ ਹਿਮਾਚਲ ਪ੍ਰਦੇਸ਼ ਦਾ ਰੁਖ਼ ਕਰ ਰਹੇ ਹਨ। ਇਸ ਲਈ ਇੱਥੇ ਭੰਗ ਦੀ ਨਿਯੰਤਰਤ ਖੇਤੀ ਨੂੰ ਮਨਜ਼ੂਰੀ ਦੇਣ ਦੀ ਮੰਗ ਜ਼ੋਰ ਫੜ ਸਕਦੀ ਹੈ।
ਹਾਲਾਂਕਿ ਅਗਲੀਆਂ ਸਰਕਾਰਾਂ ਨੇ ਇਸ ਮੁੱਦੇ ‘ਤੇ ਸਾਵਧਾਨੀ ਨਾਲ ਪੈਰਵੀ ਕਰਨ ਦੀ ਚੋਣ ਕੀਤੀ। ਫਾਰਮਾ ਸੈਕਟਰ ਵਿੱਚ ਭੰਗ ਦੀ ਵੱਡੀ ਮੰਗ ਨੂੰ ਵੇਖਦਿਆਂ ਇਸ ਤੋਂ ਪਹਿਲਾਂ ਵੀ ਭੰਗ ਦੀ ਨਿਯੰਤਰਤ ਕਾਸ਼ਤ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਗਈ ਸੀ।
ਹੁਣ ਇਹ ਮੁੱਦਾ ਫਿਰ ਭਖ ਗਿਆ ਹੈ। ਜ਼ਿਲ੍ਹਾ ਕੁੱਲੂ, ਮੰਡੀ ਤੇ ਹਿਮਾਚਲ ਪ੍ਰਦੇਸ਼ ਦੇ ਹੋਰ ਹਿੱਸਿਆਂ ਵਿੱਚ ਭਰਪੂਰ ਮਾਤਰਾ ਵਿੱਚ ਭੰਗ ਉੱਗਦੀ ਹੈ। ਇਸ ਲਈ ਕਈ ਦੇਸ਼ਾਂ ਦੇ ਰਾਜਦੂਤਾਂ ਤੇ ਉੱਚ ਕਮਿਸ਼ਨਰਾਂ ਨੇ ਚੰਗੀ ਕੁਆਲਟੀ ਵਾਲੇ ਭੰਗ ਦੇ ਅਰਕ ਲਈ ਦਿਲਚਸਪੀ ਦਿਖਾਈ ਹੈ।
ਡਿਪਲੋਮੈਟਾਂ ਨੇ ਦੱਸਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਮਿਲਣ ਵਾਲੀ ਭੰਗ ਦੀ ਗੁਣਵੱਤਾ ਉੱਤਰਾਖੰਡ ਦੀ ਭੰਗ ਨਾਲੋਂ ਕਿਤੇ ਵੱਧ ਚੰਗੀ ਤੇ ਵਧੀਆ ਕੁਆਲਟੀ ਵਾਲੀ ਹੈ। ਇਸ ਲਈ ਇੱਥੇ ਚੰਗੀ ਅੰਤਰਰਾਸ਼ਟਰੀ ਮਾਰਕਿਟ ਬਣ ਸਕਦੀ ਹੈ।
ਦੱਸ ਦੇਈਏ 8-9 ਨਵੰਬਰ ਨੂੰ ਧਰਮਸ਼ਾਲਾ ਵਿੱਚ ਗਲੋਬਲ ਇਨਵੈਸਟਰਜ਼ ਮੀਟ ਹੋਣੀ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਦਿੱਲੀ ਵਿੱਚ ਲਗਪਗ 100 ਦੇਸ਼ਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ। ਸਰਕਾਰ ਸੂਬੇ ਵਿੱਚ ਵੱਡੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਬਾਰੇ ਸੋਚ ਰਹੀ ਹੈ।