ਇਸਲਾਮਾਬਾਦ: ਭਾਰਤ ਸਰਕਾਰ ਨੇ ਇੱਕ ਪਾਸੇ ਜਿੱਥੇ ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35ਏ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਉਧਰ, ਦੂਜੇ ਪਾਸੇ ਇਸ ਫੈਸਲੇ ਨਾਲ ਪਾਕਿਸਤਾਨ ‘ਚ ਹੱਲਚੱਲ ਤੇਜ਼ ਹੋ ਗਈ ਹੈ। ਅੱਜ ਪਾਕਿਸਤਾਨ ਦੇ ਦੋਵਾਂ ਸਦਨਾਂ ‘ਚ ਐਮਰਜੈਂਸੀ ਬੈਠਕ ਹੋਣ ਜਾ ਰਹੀ ਹੈ। ਇਸ ਦਾ ਐਲਾਨ ਸੋਮਵਾਰ ਨੂੰ ਰਾਸ਼ਟਰਤਪੀ ਆਰਿਫ ਅਲਵੀ ਨੇ ਕੀਤਾ। ਅਲਵੀ ਨੇ ਨੈਸ਼ਨਲ ਐਸੰਬਲੀ ਤੇ ਸੈਨੇਟ ਦੀ ਬੈਠਕ ਦੀ ਜਾਣਕਾਰੀ ਦਿੱਤੀ ਸੀ।
ਵਿਰੋਧੀ ਨੇਤਾ ਉਮੀਦ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਬੈਠਕ ‘ਚ ਸ਼ਾਮਲ ਹੋਣਗੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਸ਼ਮੀਰ ਮੁੱਦਾ ਸਾਰੇ ਰਾਜਨੀਤਕ ਮੁੱਦਿਆਂ ਤੋਂ ਅਹਿਮ ਹੈ। ਜਿਵੇਂ ਹੀ ਮੀਡੀਆ ‘ਚ ਖ਼ਬਰ ਆਈ ਕੀ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬਾ ਹੋਣ ਦਾ ਦਰਜਾ ਵਾਪਸ ਲੈ ਲਿਆ ਗਿਆ ਹੈ, ਉਸੇ ਸਮੇਂ ਪਾਕਿਸਤਾਨ ਦਾ ਸੰਯੁਕਤ ਸੈਸ਼ਨ ਬੁਲਾਉਣ ਦੀ ਮੰਗ ਉੱਠ ਪਈ। ਪੀਪੀਪੀ ਦੇ ਪ੍ਰਧਾਨ ਬਲਾਵਲ ਭੁੱਟੋ ਇਸ ਬੈਠਕ ਦੀ ਮੰਗ ਕਰਨ ਵਾਲੇ ਪਹਿਲੇ ਵਿਰੋਧੀ ਨੇਤਾ ਸੀ।
ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਮੰਗਲਵਾਰ ਨੂੰ ਰਾਵਲਪਿੰਡੀ ‘ਚ ਕੋਰ ਕਮਾਂਡਰਾਂ ਦੀ ਬੈਠਕ ਦੀ ਨੁਮਾਇੰਦਗੀ ਕਰਨਗੇ। ਪਾਕਿਸਤਾਨ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ‘ਚ ਚੁੱਕਣ ਦੀ ਮੰਗ ਵੀ ਕਰ ਰਿਹਾ ਹੈ। ਪਾਕਿਸਤਾਨ ਦਾ ਮੰਨਣਾ ਹੈ ਕਿ ਕਸ਼ਮੀਰ ਇੱਕ ਵਿਵਾਦਤ ਖੇਤਰ ਹੈ। ਇਸ ‘ਤੇ ਕੋਈ ਵੀ ਫੈਸਲਾ ਇਸ ਤਰ੍ਹਾਂ ਨਹੀਂ ਲਿਆ ਜਾ ਸਕਦਾ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਜੰਮੂ-ਕਸ਼ਮੀਰ ਸਬੰਧੀ ਭਾਰਤ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਇਸ ਦਾ ਹਰ ਪੱਖੋਂ ਵਿਰੋਧ ਕਰੇਗਾ। ਕੁਰੈਸ਼ੀ ਨੇ ਕਿਹਾ ਕਿ ਭਾਰਤ ਦੇ ਇਸ ਫੈਸਲੇ ਨੂੰ ਸੰਯੁਕਤ ਰਾਸ਼ਟਰ, ਇਸਲਾਮਿਕ ਸਹਿਯੋਗ ਸੰਗਠਨ, ਸਾਥੀ ਦੋਸਤਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਸਾਹਮਣੇ ਚੁੱਕੇਗਾ।