ਦੇਸ਼ ‘ਚ ਹਰ ਦਿਨ ਕੋਵਿਡ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਭਾਰਤ ‘ਚ ਸਾਢੇ ਤਿੰਨ ਲੱਖ ਤੋਂ ਵੀ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਦੁਨੀਆ ‘ਚ ਹੁਣ ਤਕ ਇਕ ਦਿਨ ‘ਚ ਕਿਤੇ ਵੀ ਇੰਨੇ ਮਾਮਲੇ ਨਹੀਂ ਆਏ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਦਿਨ ਕੋਵਿਡ ਤੋਂ ਨਜਿੱਠਣ ਤੇ ਜਨਤਾ ਨੂੰ ਬੇਹੱਦ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਬੈਠਕ ਕਰ ਰਹੇ ਹਨ। ਇਸ ਵਿਚਕਾਰ ਸੋਮਵਾਰ ਨੂੰ ਦੇਸ਼ ‘ਚ 3,52,991 ਕੋਵਿਡ ਦੇ ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਨਾਲ ਹੀ ਦੇਸ਼ ‘ਚ 28,13,658 ਸਰਗਰਮ ਮਾਮਲੇ ਹੋ ਚੁੱਕੇ ਹਨ। ਸਿਹਤ ਮੰਤਰਾਲੇ ਮੁਤਾਬਿਕ, ਮਹਾਰਾਸ਼ਟਰ, ਯੂਪੀ, ਕਰਨਾਟਕ, ਕੇਰਲ, ਰਾਜਥਾਨ, ਛੱਤੀਸਗੜ੍ਹ, ਗੁਜਰਾਤ ਤੇ ਤਮਿਲਨਾਡੂ ਵਰਗੇ ਸੂਬੇ ਹਨ, ਜਿੱਥੇ 1 ਲੱਖ ਤੋਂ ਜ਼ਿਆਦਾ ਮਾਮਲੇ ਐਕਟਿਵ ਹਨ। ਇਸ ਨਾਲ ਹੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤਕ 14.19 ਕਰੋੜ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ।ਸਿਹਤ ਮੈਂਬਰ (ਨੀਤੀ ਕਮੇਟੀ) ਡਾ.ਵੀਕੇ ਪਾਲ ਬੋਲੇ, ਅਸੀਂ ਉਭਰਦੇ ਹਾਲਾਤ ਕਾਰਨ COVID-19 ਟੀਕਾਕਰਨ ਦੀ ਗਤੀ ਨੂੰ ਘੱਟ ਨਹੀਂ ਹੋਣ ਦੇ ਸਕਦੇ। ਅਸਲ ‘ਚ, ਟੀਕਾਕਰਨ ਨੂੰ ਵਧਾਇਆ ਜਾਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਸਵਾਲ ਪੁੱਛੇ ਜਾ ਰਹੇ ਹਨ ਕਿ ਕੀ ਮਾਸਿਕ ਧਰਮ ਦੌਰਾਨ ਔਰਤਾਂ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਜਾਂ ਨਹੀਂ। ਇਸ ਦਾ ਉੱਤਰ ਹੈ ਹਾਂ, ਵੈਕਸੀਨ ਪੀਰੀਅਡ ਦੌਰਾਨ ਲਿਆ ਜਾ ਸਕਦਾ ਹੈ। ਇਹ ਟੀਕਾਕਰਨ ਮੁਲਤਵੀ ਕਰਨ ਦਾ ਕੋਈ ਕਾਰਨ ਨਹੀਂ ਹੈ।