DSGMC send legal Kangana Ranaut Legal Notice ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਬੀਤੇ ਕੁਝ ਮਹੀਨਿਆਂ ‘ਚ ਕੰਗਨਾ ਖ਼ਿਲਾਫ਼ ਕਾਫੀ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਹਾਲ ਹੀ ‘ਚ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਕਰਵਾਉਣ ਦੇ ਸੰਦਰਭ ‘ਚ ਉਸ ਦੇ ਖ਼ਿਲਾਫ਼ ਬੰਬੇ ਹਾਈ ਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਉੱਥੇ ਹੀ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਕੰਗਨਾ ਨੂੰ ਨੋਟਿਸ ਭੇਜਿਆ ਹੈ।
ਬਜ਼ੁਰਗ ਔਰਤ ਮਹਿੰਦਰ ਕੌਰ ਸਬੰਧੀ ਇਕ ਟਵੀਟ ਕਰਨ ਦੇ ਮਾਮਲੇ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਨੂੰ ਲੀਗਲ ਨੋਟਿਸ ਭੇਜਿਆ ਹੈ। ਨਿਊਜ਼ ਏਜੰਸੀ ਏਐੱਨਆਈ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ- ‘ਅਸੀਂ ਕੰਗਨਾ ਰਣੌਤ ਨੂੰ ਉਸ ਦੇ ਅਪਮਾਨਜਣਕ ਟਵੀਟ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਵਿਚ ਉਸ ਨੇ ਇਕ ਕਿਸਾਨ ਬਜ਼ੁਰਗ ਮਾਂ ਨੂੰ 100 ਰੁਪਏ ‘ਚ ਉਪਲਬਧ ਮਹਿਲਾ ਕਿਹਾ ਸੀ। ਉਸ ਦਾ ਟਵੀਟ ਕਿਸਾਨਾਂ ਦੇ ਵਿਰੋਧ ਨੂੰ ਦੇਸ਼ ਵਿਰੋਧੀ ਦਰਸਾਉਂਦਾ ਹੈ। ਅਸੀਂ ਕੰਗਨਾ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣ ਦੀ ਮੰਗ ਕਰਦੇ ਹਾਂ।’


