ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਗਾਜ਼ਾ ਵਿੱਚ ਮਾਰੇ ਗਏ ਫਲਸਤੀਨੀਆਂ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ। ਕਮਲਾ ਹੈਰਿਸ ਨੇ ਕਿਹਾ ਕਿ ਜੰਗਬੰਦੀ ਖਤਮ ਹੋਣ ਤੋਂ ਬਾਅਦ, ਇਜ਼ਰਾਈਲੀ ਲੜਾਕੂ ਜਹਾਜ਼ਾਂ ਅਤੇ ਤੋਪਖਾਨੇ ਨੇ ਸ਼ਨੀਵਾਰ ਨੂੰ ਗਾਜ਼ਾ ‘ਤੇ ਭਾਰੀ ਬੰਬਾਰੀ ਕੀਤੀ, ਜਿਸ ਨਾਲ ਕਈ ਬੇਕਸੂਰ ਫਲਸਤੀਨੀ ਮਾਰੇ ਗਏ।
ਕਮਲਾ ਹੈਰਿਸ ਨੇ ਇਜ਼ਰਾਈਲ ਨੂੰ ਕੀਤੀ ਅਪੀਲ
ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ, ਪਰ ਉਸ ਨੂੰ ਅੰਤਰਰਾਸ਼ਟਰੀ ਅਤੇ ਮਾਨਵਤਾਵਾਦੀ ਕਾਨੂੰਨ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਗਾਜ਼ਾ ਵਿੱਚ ਕਈ ਬੇਕਸੂਰ ਫਲਸਤੀਨੀ ਮਾਰੇ ਗਏ ਹਨ।
ਕਮਲਾ ਹੈਰਿਸ ਨੇ ਦੁਬਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚ ਕਹਾਂ ਤਾਂ ਲੋਕਾਂ ਦੇ ਦੁੱਖਾਂ ਦਾ ਪੱਧਰ ਅਤੇ ਗਾਜ਼ਾ ਤੋਂ ਆ ਰਹੀਆਂ ਤਸਵੀਰਾਂ ਅਤੇ ਵੀਡੀਓ ਦਿਲ ਦਹਿਲਾ ਦੇਣ ਵਾਲੀਆਂ ਹਨ।
ਗਾਜ਼ਾ ‘ਤੇ ਹਮਾਸ ਦਾ ਰਾਜ ਖ਼ਤਮ ਹੋਣਾ ਚਾਹੀਦੈ
ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਗਾਜ਼ਾ ਅਤੇ ਵੈਸਟ ਬੈਂਕ ਨੂੰ ਫਲਸਤੀਨੀ ਅਥਾਰਟੀ ਦੇ ਤਹਿਤ ਏਕੀਕ੍ਰਿਤ ਦੇਖਣਾ ਚਾਹੁੰਦੇ ਹਾਂ। ਉਸ ਨੇ ਇਹ ਵੀ ਕਿਹਾ ਕਿ ਹਮਾਸ ਨੂੰ ਹੁਣ ਗਾਜ਼ਾ ‘ਤੇ ਰਾਜ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਸੁਧਾਰਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਫਲਸਤੀਨੀ ਸੁਰੱਖਿਆ ਬਲਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਜੰਗਬੰਦੀ ਖ਼ਤਮ ਹੋਣ ਤੋਂ ਬਾਅਦ 193 ਲੋਕਾਂ ਦੀ ਮੌਤ
ਇੱਥੇ, ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਜੰਗਬੰਦੀ ਖਤਮ ਹੋਣ ਤੋਂ ਬਾਅਦ ਘੱਟੋ-ਘੱਟ 193 ਫਲਸਤੀਨੀ ਨਾਗਰਿਕ ਮਾਰੇ ਗਏ ਹਨ ਅਤੇ ਯੁੱਧ ਸ਼ੁਰੂ ਹੋਣ ਤੋਂ ਬਾਅਦ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਕ ਹਫਤੇ ਤੋਂ ਚੱਲੀ ਜੰਗਬੰਦੀ ਖ਼ਤਮ ਹੋ ਗਈ, ਜਿਸ ਤੋਂ ਬਾਅਦ ਗਾਜ਼ਾ ‘ਚ ਫਿਰ ਤੋਂ ਹਮਲੇ ਸ਼ੁਰੂ ਹੋ ਗਏ। ਇਸ ਦੇ ਨਾਲ ਹੀ ਇਜ਼ਰਾਈਲ ਨੇ ਹਮਾਸ ਨੂੰ ਖ਼ਤਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ।