ਚੰਡੀਗੜ੍ਹ: ਇੰਗਲੈਂਡ ਐਂਡ ਵੇਲਜ਼ ਵਿੱਚ 30 ਮਈ ਤੋਂ ਸ਼ਰੂ ਹੋਣ ਵਾਲੇ ਵਿਸ਼ਵ ਕੱਪ ਲਈ ਆਈਸੀਸੀ ਨੇ ਕਮੈਂਟੇਟਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਆਈਸੀਸੀ ਨੇ ਕੁੱਲ 24 ਕਮੈਂਟੇਟਰ ਐਲਾਨੇ ਹਨ ਜਿਨ੍ਹਾਂ ਵਿੱਚੋਂ ਤਿੰਨ ਭਾਰਤੀ ਕਮੈਂਟੇਟਰ ਸ਼ਾਮਲ ਹਨ। ਇਸ ਦੇ ਨਾਲ ਹੀ ਆਈਸੀਸੀ ਨੇ ਆਪਣੀ ਬ੍ਰਾਡਕਾਸਟ ਰਣਨੀਤੀ ਵੀ ਤਿਆਰ ਕਰ ਲਈ ਹੈ।
ਆਈਸੀਸੀ ਨੇ ਆਪਣੀ ਅਧਿਕਾਰਕ ਵੈੱਬਸਾਈਟ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਆਈਸੀਸੀ ਨੇ ਕਮੈਂਟੇਟਰਾਂ ਦੀ ਲਿਸਟ ਅਪਲੋਡ ਕੀਤੀ। ਇਸ ਵਿੱਚ ਭਾਰਤ ਦੇ ਦਿੱਗਜ਼ ਬੱਲੇਬਾਜ਼ ਤੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ, ਸੰਜੇ ਮਾਂਜਰੇਕਰ ਤੇ ਹਰਸ਼ਾ ਭੋਗਲੇ ਦਾ ਨਾਂ ਸ਼ਾਮਲ ਹੈ।
ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਸੰਯੁਕਤ ਮੇਜ਼ਬਾਨੀ ਵਿੱਚ ਹੋਏ ਪਿਛਲੇ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਨੂੰ ਪੰਜਵਾਂ ਖਿਤਾਬ ਦਿਵਾਉਣ ਵਾਲੇ ਕਪਤਾਨ ਮਾਈਕਲ ਕਲਾਰਕ ਇਸ ਵਾਰ ਕਮੈਂਟੇਟਰੀ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸਾਬਕਾ ਸਲਾਮੀ ਬੱਲੇਬਾਜ਼ ਮਾਈਕਲ ਸਲੇਟਰ, ਮਾਰਕ ਨਿਕੋਲਸ, ਨਾਸੀਰ ਹੁਸੈਨ, ਇਆਨ ਵਿਸ਼ਪ, ਮੇਲੇਨੀ ਜੋਂਸ, ਕੁਮਾਰ ਸੰਗਾਕਾਰਾ, ਮਾਈਕਲ ਈਥਰਟਨ, ਐਲੀਸਨ ਮਿਸ਼ੇਲ, ਬ੍ਰੇਂਡਨ ਮੈਕਲਮ, ਗ੍ਰੀਮ ਸਮਿਥ, ਵਸੀਮ ਅਕਰਮ ਤੇ ਹੋਰ ਵੱਡੇ ਨਾਂ ਸ਼ਾਮਲ ਹਨ।