ਨਵੀਂ ਦਿੱਲੀ: ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਦੀ ਲਾਗ ਭਾਰਤ ਵਿੱਚ ਫੈਲ ਰਹੀ ਹੈ, ਪਰ ਸ਼ਾਇਦ ਹੁਣ ਇੰਨਾ ਖ਼ਤਰਨਾਕ ਨਹੀਂ ਕਿਉਂਕਿ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 70,589 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਜਦੋਂਕਿ ਕੋਰੋਨਾ ਤੋਂ 84,877 ਮਰੀਜ਼ ਠੀਕ ਹੋਏ। ਹਾਲਾਂਕਿ 776 ਮਰੀਜ਼ਾਂ ਨੇ ਆਪਣੀ ਜਾਨ ਵੀ ਗੁਆਈ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਹੁਣ ਕੋਰੋਨਾ ਕੇਸਾਂ ਦੀ ਗਿਣਤੀ 61 ਲੱਖ 45 ਹਜ਼ਾਰ ਹੋ ਗਈ ਹੈ। ਇਨ੍ਹਾਂ ਵਿੱਚੋਂ 96,318 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 9 ਲੱਖ 47 ਹਜ਼ਾਰ ਹੋ ਗਈ ਹੈ ਤੇ 51 ਲੱਖ 1 ਹਜ਼ਾਰ ਵਿਅਕਤੀ ਠੀਕ ਹੋਏ ਹਨ।
ਮੌਤ ਦਰ ਵਿੱਚ ਗਿਰਾਵਟ:
ਇਹ ਰਾਹਤ ਦੀ ਗੱਲ ਹੈ ਕਿ ਮੌਤ ਦਰ ਵਿੱਚ ਨਿਰੰਤਰ ਗਿਰਾਵਟ ਤੇ ਐਕਟਿਵ ਕੇਸ ਦਰ ਦਰਜ ਕੀਤੀ ਜਾ ਰਹੀ ਹੈ। ਮੌਤ ਦੀ ਦਰ 1.57% ਤੱਕ ਡਿੱਗ ਗਈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਐਕਟਿਵ ਮਾਮਲਿਆਂ ਦੀ ਦਰ ਵੀ ਘਟ ਕੇ 16% ਰਹਿ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ 83% ਹੈ। ਭਾਰਤ ਵਿੱਚ ਰਿਕਵਰੀ ਰੇਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਐਕਟਿਵ ਕੇਸ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਕੋਰੋਨਾ ਕੇਸਾਂ ਦੀ ਗਿਣਤੀ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਅਮਰੀਕਾ ਤੇ ਬ੍ਰਾਜ਼ੀਲ ਵਿਚ ਮੌਤ ਤੋਂ ਬਾਅਦ ਭਾਰਤ ਦਾ ਨੰਬਰ ਹੈ।