ਨਵੀਂ ਦਿੱਲੀ- ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀਆਈਐੱਸਸੀਈ) ਦੀਆਂ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ 2027 ਤੋਂ ਸ਼ੁਰੂ ਹੋਣਗੀਆਂ, ਜਦਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 9 ਫਰਵਰੀ ਤੋਂ ਸ਼ੁਰੂ ਹੋਣਗੀਆਂ। ਇਹ ਜਾਣਕਾਰੀ ਕੌਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੋਸਫ਼ ਇਮੈਨੁਅਲ ਨੇ ਦਿੱਤੀ। ਜਾਣਕਾਰੀ ਅਨੁਸਾਰ ਦਸਵੀਂ ਦੀਆਂ ਪ੍ਰੀਖਿਆਵਾਂ 31 ਮਾਰਚ ਤੱਕ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 8 ਅਪਰੈਲ 2027 ਤੱਕ ਚੱਲਣਗੀਆਂ। ਵਿਦਿਆਰਥੀ ਵਿਸ਼ੇ ਅਨੁਸਾਰ ਪ੍ਰੀਖਿਆਵਾਂ ਦੀਆਂ ਤਰੀਕਾਂ ਅਤੇ ਸਮਾਂ-ਸਾਰਣੀ ਕੌਂਸਲ ਦੀ ਅਧਿਕਾਰਤ ਵੈੱਬਸਾਈਟ ’ਤੇ ਦੇਖ ਸਕਦੇ ਹਨ।
ਦਸਵੀ ਦੀ ਪ੍ਰੀਖਿਆ ਦੇਣਗੇ ਪੌਣੇ ਤਿੰਨ ਲੱਖ ਵਿਦਿਆਰਥੀ- ਸੀਆਈਐੱਸਸੀਈ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਕੁੱਲ 3,79,980 ਵਿਦਿਆਰਥੀ ਬੈਠਣਗੇ। ਸਾਲ 2027 ਦੀ ਦਸਵੀਂ ਜਮਾਤ ਦੀ ਆਈਸੀਐੱਸਈ ਪ੍ਰੀਖਿਆ ਵਿੱਚ 3,106 ਮਾਨਤਾ ਪ੍ਰਾਪਤ ਸਕੂਲਾਂ ਦੇ ਕਰੀਬ 2.70 ਲੱਖ ਵਿਦਿਆਰਥੀ ਬੈਠਣਗੇ, ਜਦਕਿ ਬਾਰ੍ਹਵੀਂ ਜਮਾਤ ਦੀ ਆਈਐੱਸਸੀ ਪ੍ਰੀਖਿਆ ਵਿੱਚ 1,651 ਸਕੂਲਾਂ ਦੇ 1.1 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਣਗੇ। ਦਸਵੀਂ ਦੀ ਪ੍ਰੀਖਿਆ ਵਿੱਚ 76 ਵਿਸ਼ਿਆਂ ਜਾਂ ਪ੍ਰਸ਼ਨ ਪੱਤਰਾਂ ਦੀ ਪ੍ਰੀਖਿਆ ਹੋਵੇਗੀ, ਜਦਕਿ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 60 ਵਿਸ਼ੇ ਸ਼ਾਮਲ ਹੋਣਗੇ। ਸਾਲ 2027 ਦੀ ਦਸਵੀਂ ਜਮਾਤ ਦੀ ਆਈਸੀਐੱਸਈ ਪ੍ਰੀਖਿਆ ਸੋਮਵਾਰ, 15 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਬੁੱਧਵਾਰ, 31 ਮਾਰਚ ਨੂੰ ਸਮਾਪਤ ਹੋਵੇਗੀ। ਇਹ ਪ੍ਰੀਖਿਆ ਭਾਰਤ ਅਤੇ ਵਿਦੇਸ਼ਾਂ ਵਿੱਚ ਕੁੱਲ 2,835 ਪ੍ਰੀਖਿਆ ਕੇਂਦਰਾਂ ’ਤੇ ਕਰਵਾਈ ਜਾਵੇਗੀ।

