PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੱਕ ਸੁਫ਼ਨੇ ਦਾ ਪੰਜਾਹ ਸਾਲਾਂ ਦਾ ਸਫ਼ਰ

ਸੁਪਰਹਿੱਟ ਬੌਲੀਵੁੱਡ ਫਿਲਮ ‘ਜਬ ਵੀ ਮੈੱਟ’ ਵਿੱਚ ਬਾਲ ਅਦਾਕਾਰ ਰਾਹੀਂ ਆਪਣਾ ਅਦਾਕਾਰੀ ਦਾ ਸਫ਼ਰ ਸ਼ੁਰੁੂ ਕਰਨ ਵਾਲੀ ਵਾਮਿਕਾ ਗੱਬੀ ਅੱਜ ਬੌਲੀਵੁੱਡ ਦੇ ਨਾਲ ਨਾਲ ਪੰਜਾਬੀ, ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਉਸ ਦਾ ਭਰਾ ਪੂਰਨ ਗੱਬੀ ਹਾਲੀਆ ਰਿਲੀਜ਼ ਹਿੰਦੀ ਫਿਲਮ ‘ਆਵਾਰਾਪਨ 2’ ਵਿੱਚ ਨਿਭਾਏ ਖ਼ਲਨਾਇਕ ਦੇ ਕਿਰਦਾਰ ਕਾਰਨ ਚਰਚਾ ਵਿੱਚ ਹੈ। ਉਨ੍ਹਾਂ ਦੇ ਪਿਤਾ ਗੋਵਰਧਨ ਗੱਬੀ ਦੇ ਇਸ ਪ੍ਰੇਰਣਾਦਾਇਕ ਲੇਖ ਵਿੱਚ ਉਨ੍ਹਾਂ ਦੇ ਅਦਾਕਾਰੀ ਦੇ ਸਫ਼ਰ ਨੂੰ ਪਰਿਵਾਰ ਪਿਛੋਕੜ ਦੇ ਸੰਦਰਭ ਵਿੱਚ ਬਹੁਤ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ।

ਪਿਛਲੇ ਕੁਝ ਸਮੇਂ ਤੋਂ ਮੇਰੇ ਬੱਚਿਆਂ ਵਾਮਿਕਾ ਗੱਬੀ ਤੇ ਹਾਰਦਿਕ (ਪੂਰਨ) ਗੱਬੀ ਬਾਰੇ ਸੋਸ਼ਲ ਮੀਡੀਆ ਉੱਪਰ ਕਾਫ਼ੀ ਗੱਲਬਾਤ ਹੋ ਰਹੀ ਹੈ। ਲੋਕ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ ਕਿ ਇਹ ਦੋਵੇਂ ਕੌਣ ਹਨ? ਇਨ੍ਹਾਂ ਦਾ ਪਰਿਵਾਰਕ ਪਿੱਛੋਕੜ ਕੀ ਹੈ ਤੇ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਇਨ੍ਹਾਂ ਦੀ ਹਰ ਪਾਸੇ ਚਰਚਾ ਕਿਉਂ ਹੋ ਰਹੀ ਹੈ? ਦਰਅਸਲ, ਮੇਰੀ ਧੀ ਵਾਮਿਕਾ ਗੱਬੀ ਦੀ ਤਮਿਲ ਭਾਸ਼ਾ (ਹਿੰਦੀ ਡੱਬਡ) ਫਿਲਮ ‘ਡੀ. ਸੀ.’ ਪਿਛਲੇ ਮਹੀਨੇ ਰਿਲੀਜ਼ ਹੋਈ ਤੇ ਸੁਪਰ-ਡੁਪਰ ਹਿੱਟ ਰਹੀ ਹੈ। ਇਸ ਤੋਂ ਪਹਿਲਾਂ ਉਸ ਦੀਆਂ ਕਈ ਹਿੰਦੀ ਫਿਲਮਾਂ ਵੀ ਸੁਪਰਹਿੱਟ ਰਹੀਆਂ। ਇਸ ਦੇ ਨਾਲ ਹੀ ਮੇਰੇ ਪੁੱਤਰ ਹਾਰਦਿਕ ਗੱਬੀ ਉਰਫ਼ ਪੂਰਨ ਗੱਬੀ ਦੀ ਫਿਲਮ ‘ਆਵਾਰਾਪਨ 2’ ਵੀ ਪਿਛਲੇ ਮਹੀਨੇ ਹੀ ਰਿਲੀਜ਼ ਹੋਈ ਤੇ ਸੁਪਰ ਹਿੱਟ ਜਾ ਰਹੀ ਹੈ।

ਮੇਰੀ ਧੀ ਵਾਮਿਕਾ ਗੱਬੀ ਨੂੰ ਫਿਲਮ ਇੰਡਸਟਰੀ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਿਆਂ ਲਗਪਗ ਅਠਾਰਾਂ ਸਾਲ ਹੋ ਚੁੱਕੇ ਹਨ ਤੇ ਮੇਰੇ ਪੁੱਤਰ ਪੂਰਨ ਗੱਬੀ ਨੂੰ ਵੀ ਲਗਭਗ ਸੱਤ-ਅੱਠ ਸਾਲ ਹੋ ਗਏ ਹਨ। ਪੂਰਨ, ਵਾਮਿਕਾ ਨਾਲੋਂ ਉਮਰ ਵਿੱਚ ਲਗਭਗ ਤਿੰਨ ਸਾਲ ਛੋਟਾ ਹੈ। ਅੱਜ ਜਿਹੜੀ ਸਫਲਤਾ ਦੀ ਪੌੜੀ ਇਹ ਦੋਵੇਂ ਚੜ੍ਹ ਰਹੇ ਹਨ, ਉਹ ਪੌੜੀ ਇੱਕ ਦਿਨ ਵਿੱਚ ਨਹੀਂ ਬਣੀ। ਇਸ ਪੌੜੀ ਦਾ ਹਰ ਡੰਡਾ ਮਿਹਨਤ ਨਾਲ ਬਣਿਆ ਹੈ। ਕਿਸੇ ਡੰਡੇ ਵਿੱਚ ਇੰਤਜ਼ਾਰ ਹੈ, ਕਿਸੇ ਵਿੱਚ ਨਾਕਾਮੀ। ਕਿਸੇ ਵਿੱਚ ਉਮੀਦ ਤੇ ਕਿਸੇ ਵਿੱਚ ਨਿਰਾਸ਼ਾ। ਕਿਸੇ ਵਿੱਚ ਉਹ ਜ਼ਿੱਦ ਕਿ ‘ਨਹੀਂ, ਅਜੇ ਰੁਕਣਾ ਨਹੀਂ…ਹਾਰ ਨਹੀਂ ਮੰਨਣੀ।’ ਇਨ੍ਹਾਂ ਦੋਵਾਂ ਦੇ ਆਪਣੇ ਸੰਘਰਸ਼ ਦੀ ਕਹਾਣੀ ਇੱਕ ਵੱਖਰਾ ਵਿਸ਼ਾ ਹੈ। ਉਹ ਕਦੇ ਫਿਰ ਵਿਸਥਾਰ ਨਾਲ ਲਿਖਾਂਗੇ। ਅੱਜ ਮੈਂ ਉਸ ਕਹਾਣੀ ਦੇ ਉਸ ਸਿਰੇ ਤੱਕ ਜਾਣਾ ਚਾਹੁੰਦਾ ਹਾਂ, ਜਿੱਥੋਂ ਸ਼ਾਇਦ ਇਸ ਸਫ਼ਰ ਦਾ ਇੱਕ ਬਹੁਤ ਪੁਰਾਣਾ ਬੀਜ ਸਾਡੇ ਪਰਿਵਾਰ ਦੀ ਮਿੱਟੀ ਵਿੱਚ ਪਿਆ ਹੋਇਆ ਸੀ। ਉਸ ਬੀਜ ਦਾ ਨਾਮ ਸੀ- ਪੂਰਨ ਚੰਦ। ਉਹ ਸਾਡੇ ਪਿਤਾ ਜੀ ਯਾਨੀ ਪਾਪਾ ਜੀ ਸਨ। ਮੇਰੇ ਲਈ ਉਹ ਇੱਕ ਅਜਿਹੀ ਕਹਾਣੀ ਹਨ, ਜਿਸ ਨੂੰ ਜਿੰਨਾ ਯਾਦ ਕਰਦਾ ਹਾਂ, ਓਨਾ ਹੀ ਲੱਗਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਕਿੰਨੀ ਅਜੀਬ ਤਰ੍ਹਾਂ ਆਪਣੇ ਅਗਲੇ ਪੰਨੇ ਲਿਖਦੀ ਰਹਿੰਦੀ ਹੈ। ਪਾਪਾ ਜੀ ਦਾ ਜਨਮ ਇੱਕ ਜੁਲਾਈ 1936 ਨੂੰ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਦੇ ਪਿੰਡ ਖੋਲੀ ਵਿੱਚ ਹੋਇਆ। ਜਦੋਂ ਉਹ ਲਗਭਗ ਤੇਰ੍ਹਾਂ ਸਾਲਾਂ ਦੇ ਸਨ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਆਉਣਾ ਪਿਆ ਸੀ।

ਸਾਡਾ ਪਰਿਵਾਰ ਪਾਕਿਸਤਾਨ ਬਣਨ ਦੇ ਤੁਰੰਤ ਬਾਅਦ ਇੱਧਰ ਨਹੀਂ ਆਇਆ, ਸਗੋਂ ਲਗਭਗ ਦੋ ਸਾਲ ਬਾਅਦ ਆਇਆ। ਕਿਉਂ ਆਇਆ? ਕਿਵੇਂ ਆਇਆ? ਅੱਜ ਮੈਂ ਉਸ ਪੂਰੀ ਕਹਾਣੀ ਵਿੱਚ ਨਹੀਂ ਜਾਂਦਾ। ਅੱਜ ਸਿਰਫ਼ ਉਸ ਬੰਦੇ ਦੀ ਗੱਲ ਕਰਨੀ ਹੈ, ਜਿਸ ਨੇ ਜ਼ਿੰਦਗੀ ਵਿੱਚ ਇੱਕ ਤੋਂ ਬਾਅਦ ਇੱਕ ਠੋਕਰ ਖਾਧੀ, ਪਰ ਹਰ ਵਾਰ ਉੱਠ ਕੇ ਤੁਰਨਾ ਸਿੱਖਿਆ। ਪਾਪਾ ਜੀ 18 ਸਾਲ ਦੀ ਉਮਰ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ। ਉਹ ਇੱਕ ਫੌਜੀ ਸਨ, ਪਰ ਜ਼ਿੰਦਗੀ ਨੇ ਉਨ੍ਹਾਂ ਨੂੰ ਫੌਜ ਦੀ ਨੌਕਰੀ ਵੀ ਪੂਰੀ ਤਰ੍ਹਾਂ ਨਹੀਂ ਕਰਨ ਦਿੱਤੀ। ਅੱਠ ਸਾਲਾਂ ਬਾਅਦ ਹੀ ਸਾਲਾਨਾ ਛੁੱਟੀ ਦੌਰਾਨ ਇੱਕ ਹਾਦਸਾ ਵਾਪਰਿਆ। ਉਨ੍ਹਾਂ ਦਾ ਖੱਬਾ ਹੱਥ ਕੱਟ ਗਿਆ। ਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਨੂੰ ਬਿਨਾਂ ਪੈਨਸ਼ਨ ਦੇ ਫੌਜ ਦੀ ਨੌਕਰੀ ਤੋਂ ਰੁਖ਼ਸਤ ਕਰ ਦਿੱਤਾ ਗਿਆ। ਇੱਕ ਆਮ ਬੰਦੇ ਲਈ ਇਹ ਕਿੰਨਾ ਵੱਡਾ ਝਟਕਾ ਹੋ ਸਕਦਾ ਹੈ, ਇਹ ਅੱਜ ਅਸੀਂ ਸ਼ਾਇਦ ਪੂਰੀ ਤਰ੍ਹਾਂ ਮਹਿਸੂਸ ਨਾ ਕਰ ਸਕੀਏ, ਪਰ ਉਸ ਵੇਲੇ ਉਨ੍ਹਾਂ ਦਾ ਪਰਿਵਾਰ ਸੀ। ਉਨ੍ਹਾਂ ਨੇ ਜ਼ਿੰਦਗੀ ਅੱਗੇ ਚਲਾਉਣੀ ਸੀ ਤੇ ਪਾਪਾ ਜੀ ਨੇ ਜ਼ਿੰਦਗੀ ਅੱਗੇ ਹੱਥ ਨਹੀਂ ਖੜ੍ਹੇ ਕੀਤੇ ਤੇ ਇਸ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਉਨ੍ਹਾਂ ਦੀ ਪਤਨੀ ਬਚਨਾ ਦੇਵੀ ਨੇ। ਉਹ ਕਦੇ ਚਪੜਾਸੀ ਬਣੇ। ਕਦੇ ਦੁਕਾਨਦਾਰੀ ਕੀਤੀ ਤੇ ਆਖ਼ਰਕਾਰ ਸਾਈਕਲ ’ਤੇ ਫੇਰੀ ਲਾਉਣੀ ਸ਼ੁਰੂ ਕਰ ਦਿੱਤੀ।

ਇਹੀ ਉਹ ਪੜਾਅ ਹੈ ਜਿੱਥੋਂ ਸਾਡੇ ਪਰਿਵਾਰ ਵਿੱਚ ਉਹ ਨਾਮ ਪਿਆ- ਫੇਰੀਵਾਲਾ ਭਾਈ। ਇੱਕ ਹੱਥ ਦੇ ਮਾਲਕ ਸਾਡੇ ਪਾਪਾ ਜੀ ਨੇ ਸਾਈਕਲ ’ਤੇ ਚੱਪਲਾਂ, ਬੂਟ ਤੇ ਹੋਰ ਸਾਮਾਨ ਲੱਦ ਕੇ ਪਿੰਡੋਂ ਪਿੰਡ ਜਾਣਾ। ਕਦੇ ਗਰਮੀ। ਕਦੇ ਸਰਦੀ। ਕਦੇ ਮੀਂਹ। ਕਦੇ ਕੋਈ ਸਾਮਾਨ ਵਿਕਿਆ, ਕਦੇ ਨਹੀਂ ਵਿਕਿਆ, ਪਰ ਸਾਈਕਲ ਚੱਲਦੀ ਰਹੀ ਤੇ ਨਾਲ ਨਾਲ ਜ਼ਿੰਦਗੀ ਵੀ ਚੱਲਦੀ ਰਹੀ। ਇਸੇ ਮਿਹਨਤ ਨਾਲ ਉਨ੍ਹਾਂ ਨੇ ਹੌਲੀ-ਹੌਲੀ ਪੰਜ ਏਕੜ ਜ਼ਮੀਨ ਖ਼ਰੀਦੀ। ਉਹ ਜ਼ਮੀਨ ਵੀ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਸੀ। ਉਹ ਬਰਾਨੀ ਜ਼ਮੀਨ ਸੀ। ਕੁਦਰਤ ਦੇ ਪਾਣੀ ਤੋਂ ਬਿਨਾਂ ਕੋਈ ਢੰਗ ਦਾ ਸਿੰਚਾਈ ਪ੍ਰਬੰਧ ਨਹੀਂ ਸੀ, ਪਰ ਪਾਪਾ ਜੀ ਨੇ ਉਸ ਜ਼ਮੀਨ ਨੂੰ ਵੀ ਬਰਾਨੀ ਨਹੀਂ ਛੱਡਿਆ। ਉਨ੍ਹਾਂ ਨੇ ਮਿਹਨਤ ਕੀਤੀ ਤੇ ਹੌਲੀ-ਹੌਲੀ ਉਹ ਬਰਾਨੀ ਜ਼ਮੀਨ ਉਪਜਾਊ ਬਣ ਗਈ। ਇਸ ਦੌਰਾਨ ਘਰ ਵਿੱਚ ਪੰਜ ਬੱਚਿਆਂ ਦਾ ਜਨਮ ਹੋਇਆ। ਜ਼ਿੰਮੇਵਾਰੀਆਂ ਵਧਦੀਆਂ ਗਈਆਂ ਤੇ ਸੰਘਰਸ਼ ਵੀ ਵਧਦਾ ਗਿਆ, ਪਰ ਇਸ ਸਾਰੀ ਕਹਾਣੀ ਵਿੱਚ ਇੱਕ ਗੱਲ ਬਹੁਤ ਦਿਲਚਸਪ ਹੈ ਤੇ ਉਹ ਹੈ ਪਾਪਾ ਜੀ ਦਾ ਫਿਲਮਾਂ ਦੇਖਣ ਦਾ ਸ਼ੌਕ।

ਇੱਕ ਫੇਰੀਵਾਲਾ ਭਾਈ, ਜਿਸ ਦੀ ਆਪਣੀ ਜ਼ਿੰਦਗੀ ਸਾਈਕਲ, ਚੱਪਲਾਂ, ਬੂਟ, ਪਿੰਡਾਂ ਤੇ ਖੇਤਾਂ ਦੇ ਵਿਚਕਾਰ ਲੰਘ ਰਹੀ ਸੀ, ਉਸ ਦੇ ਮਨ ਅੰਦਰ ਫਿਲਮਾਂ ਲਈ ਇੱਕ ਵੱਖਰੀ ਦੁਨੀਆ ਸੀ। 1967 ਤੋਂ ਲੈ ਕੇ ਲਗਭਗ 1993-94 ਤੱਕ ਉਨ੍ਹਾਂ ਦੀ ਫੇਰੀਵਾਲੇ ਵਜੋਂ ਲੰਮੀ ਯਾਤਰਾ ਚੱਲੀ। ਹਰ ਹਫ਼ਤੇ ਚੱਪਲਾਂ-ਬੂਟ ਖ਼ਰੀਦਣ ਲਈ ਪਾਪਾ ਜੀ ਨੂੰ ਜਲੰਧਰ ਜਾਣਾ ਹੁੰਦਾ ਸੀ, ਪਰ ਜਲੰਧਰ ਸਿਰਫ਼ ਸਾਮਾਨ ਖ਼ਰੀਦਣ ਲਈ ਹੀ ਨਹੀਂ ਸੀ, ਉੱਥੇ ਫਿਲਮਾਂ ਵੀ ਸਨ। ਸ਼ਾਮ ਨੂੰ ਸ਼ੋਅ ਹੁੰਦੇ ਸਨ- ਛੇ ਤੋਂ ਨੌਂ। ਫਿਰ ਨੌਂ ਤੋਂ ਬਾਰ੍ਹਾਂ ਤੇ ਪਾਪਾ ਜੀ ਹਰ ਵਾਰ ਦੋ ਫਿਲਮਾਂ ਦੇਖਦੇ ਸਨ। ਫਿਰ ਪਾਪਾ ਜੀ ਕਈ ਵਾਰ ਆਪਣੇ ਪਰਿਵਾਰ ਨੂੰ ਵੀ ਜਲੰਧਰ ਨਾਲ ਲੈ ਜਾਂਦੇ ਸਨ ਤੇ ਉਨ੍ਹਾਂ ਨੂੰ ਵੀ ਫਿਲਮਾਂ ਵਿਖਾਉਂਦੇ।

ਜ਼ਰਾ ਸੋਚੋ! ਇੱਕ ਪਾਸੇ ਸਾਈਕਲ ’ਤੇ ਫੇਰੀ ਲਾਉਂਦਾ ਇੱਕ ਆਮ ਜਿਹਾ ਬੰਦਾ, ਦੂਜੇ ਪਾਸੇ ਪਰਦੇ ’ਤੇ ਚੱਲਦੀ ਫਿਲਮ। ਸ਼ਾਇਦ ਉਸ ਵੇਲੇ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਜਿਹੜਾ ਬੰਦਾ ਅੱਜ ਦਰਸ਼ਕ ਬਣ ਕੇ ਫਿਲਮਾਂ ਦੇਖ ਰਿਹਾ ਹੈ, ਉਸ ਦੀਆਂ ਅਗਲੀਆਂ ਪੀੜ੍ਹੀਆਂ ਇੱਕ ਦਿਨ ਉਸੇ ਫਿਲਮ ਇੰਡਸਟਰੀ ਦਾ ਅਹਿਮ ਹਿੱਸਾ ਬਣਨਗੀਆਂ, ਪਰ ਸ਼ਾਇਦ ਸੁਫ਼ਨੇ ਇਸੇ ਤਰ੍ਹਾਂ ਕੰਮ ਕਰਦੇ ਹਨ। ਉਹ ਉਸ ਵੇਲੇ ਬੀਜ ਵਾਂਗ ਹੁੰਦੇ ਹਨ। ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਫਿਰ ਸਾਲ ਲੰਘਦੇ ਹਨ। ਪੀੜ੍ਹੀਆਂ ਲੰਘਦੀਆਂ ਹਨ ਤੇ ਇੱਕ ਦਿਨ ਉਹੀ ਬੀਜ ਪੁੰਗਰ ਆਉਂਦਾ ਹੈ।

ਮੈਨੂੰ ਕਈ ਵਾਰ ਲੱਗਦਾ ਹੈ ਕਿ ਸਾਡੇ ਪਾਪਾ ਜੀ ਦੇ ਅੰਦਰ ਫਿਲਮਾਂ ਦੇਖਣ ਦਾ ਉਹ ਸ਼ੌਕ ਸਿਰਫ਼ ਸ਼ੌਕ ਨਹੀਂ ਸੀ। ਉਹ ਸ਼ਾਇਦ ਇੱਕ ਬੀਜ ਸੀ। ਕਲਾ ਤੇ ਅਦਾਕਾਰੀ ਦਾ ਬੀਜ। ਸੁਫ਼ਨੇ ਦੇਖਣ ਦਾ ਬੀਜ ਤੇ ਇਹ ਬੀਜ ਹੌਲੀ-ਹੌਲੀ ਪਰਿਵਾਰ ਦੇ ਖੂਨ ਵਿੱਚ ਅੱਗੇ ਜਾਂਦਾ ਗਿਆ। ਪਾਪਾ ਜੀ ਖ਼ੁਦ ਕਦੇ ਫਿਲਮਾਂ ਦੇ ਪਰਦੇ ਤੱਕ ਨਹੀਂ ਪਹੁੰਚ ਸਕੇ, ਪਰ ਉਨ੍ਹਾਂ ਦੀਆਂ ਅੱਖਾਂ ਵਿੱਚ ਜੋ ਪਰਦਾ ਸੀ, ਉਹ ਉਨ੍ਹਾਂ ਦੇ ਨਾਲ ਖ਼ਤਮ ਨਹੀਂ ਹੋਇਆ। ਉਹ ਅੱਗੇ ਤੁਰਦਾ ਗਿਆ। ਬੱਚਿਆਂ ਤੱਕ। ਪੋਤਰੇ-ਪੋਤਰੀਆਂ ਤੱਕ ਤੇ ਫਿਰ ਵਾਮਿਕਾ ਗੱਬੀ ਤੇ ਪੂਰਨ ਗੱਬੀ ਤੱਕ।

ਇਸ ਕਹਾਣੀ ਨੂੰ ਇੱਥੇ ਆਉਣ ਵਿੱਚ ਲਗਭਗ ਪੰਜਾਹ ਸਾਲ ਲੱਗ ਗਏ ਯਾਨੀ ਅੱਧੀ ਸਦੀ। ਮਨੁੱਖ ਦੀ ਜ਼ਿੰਦਗੀ ਵਿੱਚ ਪੰਜਾਹ ਸਾਲ ਬਹੁਤ ਵੱਡਾ ਸਮਾਂ ਹੁੰਦਾ ਹੈ। ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਣ ਦਾ ਸਮਾਂ। ਇੱਕ ਸੁਫ਼ਨੇ ਦੇ ਬੀਜ ਤੋਂ ਰੁੱਖ ਬਣਨ ਦਾ ਸਮਾਂ ਤੇ ਸ਼ਾਇਦ ਇਹੀ ਇਸ ਕਹਾਣੀ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਸੁਫ਼ਨਾ ਕਦੇ ਮਰਿਆ ਨਹੀਂ। ਉਹ ਸਿਰਫ਼ ਆਪਣਾ ਸਮਾਂ ਉਡੀਕਦਾ ਰਿਹਾ। ਪਾਪਾ ਜੀ ਨੇ ਫਿਲਮਾਂ ਦੇਖੀਆਂ। ਅਗਲੀ ਪੀੜ੍ਹੀ ਨੇ ਸ਼ਾਇਦ ਉਨ੍ਹਾਂ ਫਿਲਮਾਂ ਨੂੰ ਹੋਰ ਗੰਭੀਰਤਾ ਨਾਲ ਦੇਖਿਆ। ਫਿਰ ਕਿਸੇ ਨੇ ਕਲਾ ਵੱਲ ਕਦਮ ਵਧਾਇਆ। ਕਿਸੇ ਨੇ ਅਦਾਕਾਰੀ ਵੱਲ। ਕਿਸੇ ਨੇ ਲਿਖਣ ਵੱਲ। ਕਿਸੇ ਨੇ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕੀਤਾ ਤੇ ਅੱਜ ਉਸੇ ਪਰਿਵਾਰ ਦੇ ਬੱਚੇ ਫਿਲਮਾਂ ਦੇ ਪਰਦੇ ’ਤੇ ਚਮਕ ਰਹੇ ਹਨ।

ਇਸ ਲਈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਵਾਮਿਕਾ ਗੱਬੀ ਤੇ ਪੂਰਨ ਗੱਬੀ ਦੀ ਸਫਲਤਾ ਸਿਰਫ਼ ਪਾਪਾ ਜੀ ਦੀ ਵਜ੍ਹਾ ਨਾਲ ਹੈ। ਨਹੀਂ, ਉਨ੍ਹਾਂ ਦੋਵਾਂ ਨੇ ਆਪਣੀ ਮਿਹਨਤ ਕੀਤੀ ਹੈ। ਆਪਣਾ ਸੰਘਰਸ਼ ਕੀਤਾ ਹੈ। ਆਪਣੇ ਸੁਫ਼ਨੇ ਲਈ ਲੜਾਈ ਲੜੀ ਹੈ, ਪਰ ਹਰ ਮਨੁੱਖ ਦੇ ਪਿੱਛੇ ਇੱਕ ਪਰਿਵਾਰ ਹੁੰਦਾ ਹੈ। ਹਰ ਪਰਿਵਾਰ ਦੇ ਪਿੱਛੇ ਇੱਕ ਇਤਿਹਾਸ ਹੁੰਦਾ ਹੈ ਤੇ ਕਈ ਵਾਰ ਉਸ ਇਤਿਹਾਸ ਵਿੱਚ ਕੋਈ ਅਜਿਹਾ ਬੰਦਾ ਹੁੰਦਾ ਹੈ, ਜਿਸ ਨੇ ਖ਼ੁਦ ਕਦੇ ਆਪਣਾ ਸੁਫ਼ਨਾ ਪੂਰਾ ਨਹੀਂ ਕੀਤਾ ਹੁੰਦਾ, ਪਰ ਉਹ ਆਪਣੇ ਅਗਲਿਆਂ ਲਈ ਉਸ ਸੁਫ਼ਨੇ ਦੀ ਮਿੱਟੀ ਤਿਆਰ ਕਰ ਜਾਂਦਾ ਹੈ। ਮੇਰੇ ਲਈ ਪਾਪਾ ਜੀ ਉਹੀ ਬੰਦੇ ਸਨ।

ਜ਼ਿੰਦਗੀ ਦੀਆਂ ਸਭ ਤੋਂ ਖ਼ੂਬਸੂਰਤ ਕਹਾਣੀਆਂ ਉਹੀ ਹੁੰਦੀਆਂ ਹਨ ਜਿਹੜੀਆਂ ਅਸੀਂ ਪਹਿਲਾਂ ਤੋਂ ਨਹੀਂ ਲਿਖ ਸਕਦੇ। ਅਸੀਂ ਸਿਰਫ਼ ਉਨ੍ਹਾਂ ਨੂੰ ਜਿਊਂਦੇ ਹਾਂ ਤੇ ਫਿਰ ਕਈ ਸਾਲਾਂ ਬਾਅਦ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਅੱਛਾ! ਤਾਂ ਇਹ ਸਫ਼ਰ ਇੱਥੋਂ ਸ਼ੁਰੂ ਹੋਇਆ ਸੀ! ਅੱਜ ਜਦੋਂ ਵਾਮਿਕਾ ਗੱਬੀ ਤੇ ਪੂਰਨ ਗੱਬੀ ਦੀ ਚਰਚਾ ਹੋ ਰਹੀ ਹੈ, ਜਦੋਂ ਲੋਕ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ, ਜਦੋਂ ਉਹ ਸਫਲਤਾ ਦੀ ਪੌੜੀ ਚੜ੍ਹ ਰਹੇ ਹਨ ਤਾਂ ਸਾਡੇ ਲਈ ਇਹ ਸਿਰਫ਼ ਦੋ ਕਲਾਕਾਰਾਂ ਦੀ ਸਫਲਤਾ ਨਹੀਂ। ਇਹ ਇੱਕ ਲੰਮੇ ਸਫ਼ਰ ਦੀ ਸਫਲਤਾ ਹੈ। ਇੱਕ ਫੇਰੀਵਾਲੇ ਦੀ ਸਫਲਤਾ ਹੈ। ਇੱਕ ਪਰਿਵਾਰ ਦੇ ਪੰਜਾਹ ਸਾਲਾਂ ਦੇ ਸਬਰ ਦੀ ਸਫਲਤਾ ਹੈ। ਸਭ ਤੋਂ ਵੱਡੀ ਗੱਲ ਜੋ ਇਹ ਸਾਬਤ ਕਰਦੀ ਹੈ ਕਿ ਸੁਫ਼ਨੇ ਕਈ ਵਾਰ ਇੱਕ ਜ਼ਿੰਦਗੀ ਵਿੱਚ ਪੂਰੇ ਨਹੀਂ ਹੁੰਦੇ। ਉਹ ਕਈ ਪੀੜ੍ਹੀਆਂ ਲੈ ਲੈਂਦੇ ਹਨ। ਇੱਕ ਪੀੜ੍ਹੀ ਸੁਫ਼ਨਾ ਦੇਖਦੀ ਹੈ। ਦੂਜੀ ਉਸ ਲਈ ਮਿੱਟੀ ਤਿਆਰ ਕਰਦੀ ਹੈ। ਤੀਜੀ ਉਸ ਵਿੱਚ ਪਾਣੀ ਪਾਉਂਦੀ ਹੈ ਤੇ ਕਈ ਵਾਰ ਚੌਥੀ ਪੀੜ੍ਹੀ ਉਸ ਦਾ ਫ਼ਲ ਖਾਂਦੀ ਹੈ, ਪਰ ਉਸ ਫ਼ਲ ਵਿੱਚ ਪਹਿਲੀ ਪੀੜ੍ਹੀ ਦਾ ਵੀ ਹਿੱਸਾ ਹੁੰਦਾ ਹੈ। ਅੱਜ ਮੈਂ ਆਪਣੇ ਮਰਹੂਮ ਪਾਪਾ ਜੀ ਨੂੰ ਦਿਲੋਂ ਵਧਾਈ ਦੇਣਾ ਚਾਹੁੰਦਾ ਹਾਂ। ਉਹ ਮੁਸਕਰਾ ਰਹੇ ਹੋਣਗੇ ਕਿ ‘ਜਿਹੜੀਆਂ ਫਿਲਮਾਂ ਮੈਂ ਦੇਖਣ ਜਾਂਦਾ ਸਾਂ, ਅੱਜ ਮੇਰੇ ਘਰ ਦੇ ਬੱਚੇ ਉਨ੍ਹਾਂ ਫਿਲਮਾਂ ਦਾ ਹਿੱਸਾ ਬਣ ਰਹੇ ਨੇ।’ ਇਸ ਤੋਂ ਵੱਡੀ ਖ਼ੁਸ਼ੀ ਇੱਕ ਪਿਤਾ ਲਈ ਹੋਰ ਕੀ ਹੋ ਸਕਦੀ ਹੈ?

ਇਸ ਸਫ਼ਰ ਵਿੱਚ ਮੇਰੇ ਲਈ ਇੱਕ ਹੋਰ ਬਹੁਤ ਭਾਵੁਕ ਪਲ ਉਦੋਂ ਆਇਆ, ਜਦੋਂ ਮੇਰੇ ਪੁੱਤਰ ਹਾਰਦਿਕ ਗੱਬੀ ਨੇ ਇੱਕ ਦਿਨ ਅਚਾਨਕ ਮੈਨੂੰ ਕਿਹਾ, “ਡੈਡੀ, ਮੈਂ ਆਪਣਾ ਨਾਮ ਬਦਲਣ ਲੱਗਾ ਹਾਂ।” ਮੈਂ ਪੁੱਛਿਆ, “ਇਸ ਨਾਮ ਵਿੱਚ ਕੀ ਬੁਰਾਈ ਹੈ?” ਉਹ ਕਹਿੰਦਾ, “ਬੁਰਾਈ ਕੋਈ ਨਹੀਂ, ਪਰ ਮੈਂ ਆਪਣਾ ਨਾਮ ਬਦਲਣਾ ਚਾਹੁੰਦਾ ਹਾਂ।” ਮੈਂ ਕਿਹਾ, “ਚੱਲ, ਬਦਲ ਲੈ, ਪਰ ਨਵਾਂ ਨਾਮ ਕੀ ਰੱਖਣਾ ਹੈ?” ਉਸ ਨੇ ਕਿਹਾ, “ਮੈਂ ਆਪਣਾ ਨਾਮ ਆਪਣੇ ਦਾਦਾ ਜੀ ਦੇ ਨਾਮ ’ਤੇ ਰੱਖਣਾ ਚਾਹੁੰਦਾ ਹਾਂ-ਪੂਰਨ ਗੱਬੀ।” ਉਸ ਵੇਲੇ ਮੈਨੂੰ ਇਹ ਗੱਲ ਥੋੜ੍ਹੀ ਅਜੀਬ ਜਿਹੀ ਲੱਗੀ। ਮਨ ਵਿੱਚ ਇੱਕ ਪਲ ਲਈ ਇਹ ਵੀ ਆਇਆ ਕਿ ਮੈਂ ਪੂਰਨ ਦਾ ਪੁੱਤਰ ਤੇ ਪੂਰਨ ਦਾ ਪਿਤਾ ਬਣ ਜਾਵਾਂਗਾ, ਪਰ ਸਮੇਂ ਦੇ ਨਾਲ ਮੈਨੂੰ ਇਸ ਨਾਮ ਦਾ ਅਰਥ ਬਿਲਕੁਲ ਵੱਖਰਾ ਨਜ਼ਰ ਆਉਣ ਲੱਗਾ। ਅਸੀਂ ਅਕਸਰ ਸੁਣਦੇ ਹਾਂ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਪਰ ਇੱਥੇ ਮੈਨੂੰ ਲੱਗਿਆ ਕਿ ਇਤਿਹਾਸ ਸਿਰਫ਼ ਦੁਹਰਾਇਆ ਨਹੀਂ ਗਿਆ ਸਗੋਂ ਉਸ ਨੇ ਇੱਕ ਚੱਕਰ ਪੂਰਾ ਕੀਤਾ ਹੈ। ਮੇਰੇ ਪਿਤਾ ਪੂਰਨ ਚੰਦ, ਜਿਨ੍ਹਾਂ ਦੀਆਂ ਅੱਖਾਂ ਵਿੱਚ ਫਿਲਮਾਂ ਦੇਖਣ ਦਾ ਸੁਫ਼ਨਾ ਸੀ, ਉਨ੍ਹਾਂ ਦਾ ਨਾਮ ਅੱਜ ਮੇਰੇ ਪੁੱਤਰ ਨੇ ਆਪਣੇ ਨਾਮ ਦਾ ਹਿੱਸਾ ਬਣਾ ਲਿਆ। ਹੁਣ ਜਦੋਂ ਵੀ ਵੱਡੇ ਪਰਦੇ ’ਤੇ ‘ਪੂਰਨ ਗੱਬੀ’ ਦਾ ਨਾਮ ਆਵੇਗਾ ਤਾਂ ਮੇਰੇ ਲਈ ਉਹ ਸਿਰਫ਼ ਮੇਰੇ ਪੁੱਤਰ ਦਾ ਨਾਮ ਨਹੀਂ ਹੋਵੇਗਾ। ਉਹ ਮੇਰੇ ਪੁੱਤਰ ਵੱਲੋਂ ਆਪਣੇ ਦਾਦਾ ਜੀ ਨੂੰ ਦਿੱਤੀ ਇੱਕ ਵੱਡੀ ਸ਼ਰਧਾਂਜਲੀ ਤੇ ਵਿਲੱਖਣ ਤੋਹਫ਼ਾ ਹੋਵੇਗਾ। ਪੂਰਨ ਗੱਬੀ ਅਸਲ ਵਿੱਚ ਪਾਪਾ ਦਾ ਹੀ ਇੱਕ ਅੰਸ਼ ਹੈ, ਜੋ ਮੇਰੇ ਪਿਤਾ ਤੋਂ ਮੇਰੇ ਵਿੱਚ ਆਇਆ ਤੇ ਮੇਰੇ ਰਾਹੀਂ ਮੇਰੇ ਪੁੱਤਰ ਤੱਕ ਪਹੁੰਚਿਆ ਤੇ ਹੁਣ ਮੇਰੇ ਪੁੱਤਰ ਦੇ ਨਾਮ ਨਾਲ ਵੱਡੇ ਪਰਦੇ ਤੱਕ ਜਾ ਰਿਹਾ ਹੈ। ਸ਼ਾਇਦ ਇਹੀ ਹੁੰਦੀ ਹੈ ਵਿਰਾਸਤ, ਜਦੋਂ ਇੱਕ ਇਨਸਾਨ ਦੀ ਕਹਾਣੀ ਉਸ ਦੀ ਜ਼ਿੰਦਗੀ ਤੋਂ ਅੱਗੇ ਨਿਕਲ ਕੇ ਅਗਲੀ ਪੀੜ੍ਹੀ ਦੇ ਨਾਮ ਵਿੱਚ ਜਿਊਂਦੀ ਰਹਿੰਦੀ ਹੈ।

ਦਰਅਸਲ, ਇਹ ਸਫ਼ਰ ਸਿਰਫ਼ ਵਾਮਿਕਾ ਤੇ ਪੂਰਨ ਦਾ ਨਹੀਂ। ਇਹ ਸਾਡੇ ਸਾਰੇ ਪਰਿਵਾਰ ਦਾ ਸਫ਼ਰ ਹੈ। ਇਹ ਉਸ ਸੁਫ਼ਨੇ ਦਾ ਸਫ਼ਰ ਹੈ, ਜਿਹੜਾ ਸ਼ਾਇਦ ਪੰਜਾਹ ਸਾਲ ਪਹਿਲਾਂ ਇੱਕ ਫੇਰੀਵਾਲੇ ਭਾਈ ਦੀਆਂ ਅੱਖਾਂ ਵਿੱਚ ਬੀਜਿਆ ਗਿਆ ਸੀ। ਉਹ ਬੀਜ ਮਿੱਟੀ ਵਿੱਚ ਦਹਾਕਿਆਂ ਤੱਕ ਪਿਆ ਰਿਹਾ, ਫਿਰ ਖੂਨ ਵਿੱਚ ਚੱਲਿਆ। ਪੀੜ੍ਹੀ ਤੋਂ ਪੀੜ੍ਹੀ ਤੱਕ ਗਿਆ ਤੇ ਅੱਜ ਆ ਕੇ ਇੱਕ ਰੁੱਖ ਬਣ ਰਿਹਾ ਹੈ। ਹਾਲੇ ਇਹ ਰੁੱਖ ਹੋਰ ਵੱਡਾ ਹੋਣਾ ਹੈ। ਹਾਲੇ ਹੋਰ ਫ਼ਲ ਲੱਗਣੇ ਹਨ। ਹਾਲੇ ਹੋਰ ਕਹਾਣੀਆਂ ਲਿਖੀਆਂ ਜਾਣੀਆਂ ਹਨ ਤੇ ਪਾਪਾ ਦੀ ਇਸ ਕਹਾਣੀ ਦੇ ਪਿੱਛੇ ਜੋ ਕੁਝ ਹੋਰ ਲੁਕਿਆ ਹੋਇਆ ਹੈ ਉਹ ਸਾਹਮਣੇ ਆਵੇਗਾ।

Related posts

ਰੂਸ ਨੂੰ ਸਬਕ ਸਿਖਾਉਣ ਲਈ ਅਮਰੀਕਾ ਵੀ ਹੋਇਆ ਤਿਆਰ, ਇਕ ਦੇ ਕੋਲ ਹੈ ਖ਼ਤਰਨਾਕ MOAB ਤਾਂ ਦੂਸਰੇ ਦੋਂ ਬਾਅਦ ਵਿਨਾਸ਼ਕਾਰੀ FOAB

On Punjab

ਦਿੱਲੀ ਹਾਈ ਕੋਰਟ ਵੱਲੋਂ ਇੰਜਨੀਅਰ ਰਾਸ਼ਿਦ ਨੂੰ ਚਾਰ ਲੱਖ ਰੁਪਏ ਜਮ੍ਹਾਂ ਕਰਾਉਣ ਦੇ ਨਿਰਦੇਸ਼

On Punjab

ਜਿੱਥੋਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਰੀ ਉਡਾਣ, ਉੱਥੇ ਸੁਰੱਖਿਆ ‘ਚ ਹੋਈ ਵੱਡੀ ਭੁੱਲ, ਜੁਆਇੰਟ ਬੇਸ ਸੀਲ

On Punjab