PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

9 ਕਾਂਗਰਸੀ ਕੌਂਸਲਰਾਂ ਨੇ ਪੰਜਾਬ ਦੇ DGP ਕੋਲ ਕੀਤੀ ਸ਼ਿਕਾਇਤ

ਮੋਰਿੰਡਾ-  ਨੌਂ ਕਾਂਗਰਸੀ ਕੌਂਸਲਰਾਂ ਨੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਇੱਕ ਰਸਮੀ ਸ਼ਿਕਾਇਤ ਸੌਂਪੀ ਹੈ, ਜਿਸ ਵਿੱਚ ਡੀ ਐੱਸ ਪੀ ਮੋਰਿੰਡਾ ਗੁਰਜੀਤ ਸਿੰਘ ਅਤੇ ਚੋਣਾਂ ਦੌਰਾਨ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਕਥਿਤ ਤੌਰ ‘ਤੇ ਰੋਕਣ ਵਿੱਚ ਸ਼ਾਮਲ ਹੋਰ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਇੱਕ ਆਜ਼ਾਦ ਉਮੀਦਵਾਰ ਜਗਪਾਲ ਸਿੰਘ ਜੌਲੀ (ਜੋ ਬਾਅਦ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ ਸਨ) ਨੂੰ ਮੋਰਿੰਡਾ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਵਿੱਚ ਕਾਮਯਾਬ ਰਹੀ, ਜਦੋਂ ਕਿ ਹਾਊਸ ਦੇ 10 ਚੁਣੇ ਹੋਏ ਕੌਂਸਲਰਾਂ ਦੇ ਨਾਲ ਕਾਂਗਰਸ ਕੋਲ ਪੂਰਾ ਬਹੁਮਤ ਸੀ। ਪੁਲੀਸ ਖ਼ਿਲਾਫ਼ ਦਿੱਤੀ ਸ਼ਿਕਾਇਤ ਉੱਤੇ ਨੌਂ ਕਾਂਗਰਸੀ ਕੌਂਸਲਰਾਂ ਦੇ ਦਸਤਖਤ ਹੋਣ ਕਾਰਨ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਾਂਗਰਸ ਦਾ ਇੱਕ ਕੌਂਸਲਰ ਟੁੱਟ ਕੇ ‘ਆਪ’ ਵਿੱਚ ਸ਼ਾਮਲ ਹੋ ਗਿਆ ਹੈ। ਇਸ ਦੇ ਬਾਵਜੂਦ, ਹਾਊਸ ਦੇ ਕੁੱਲ 15 ਕੌਂਸਲਰਾਂ ਵਿੱਚੋਂ 9 ਕੌਂਸਲਰਾਂ ਦੇ ਨਾਲ ਕਾਂਗਰਸ ਪਾਰਟੀ ਕੋਲ ਅਜੇ ਵੀ ਬਹੁਮਤ ਮੌਜੂਦ ਹੈ।

ਨੌਂ ਚੁਣੇ ਹੋਏ ਕੌਂਸਲਰਾਂ ਵੱਲੋਂ ਦਸਤਖਤ ਕੀਤੀ ਗਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ 10 ਜੁਲਾਈ ਨੂੰ ਹੋਣ ਵਾਲੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਗ਼ੈਰ-ਕਾਨੂੰਨੀ ਤੌਰ ‘ਤੇ ਰੋਕਿਆ ਅਤੇ ਉਨ੍ਹਾਂ ‘ਤੇ ਤਾਕਤ ਦੀ ਵਰਤੋਂ ਕੀਤੀ। ਕੌਂਸਲਰਾਂ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਹੋਣ ਦੇ ਬਾਵਜੂਦ ਧੱਕੇ ਮਾਰੇ ਗਏ, ਬਦਸਲੂਕੀ ਕੀਤੀ ਗਈ ਅਤੇ ਨਗਰ ਕੌਂਸਲ ਦੀ ਇਮਾਰਤ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਸ਼ਿਕਾਇਤ ਦੇ ਅਨੁਸਾਰ, ਕੌਂਸਲਰ ਚੋਣਾਂ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਨਗਰ ਕੌਂਸਲ ਦੇ ਦਫ਼ਤਰ ਪਹੁੰਚ ਗਏ ਸਨ ਪਰ ਉਨ੍ਹਾਂ ਨੇ ਦਫ਼ਤਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਭਾਰੀ ਬੈਰੀਕੇਡਾਂ ਨਾਲ ਘਿਰਿਆ ਹੋਇਆ ਅਤੇ ਪੁਲੀਸ ਦੇ ਕੰਟਰੋਲ ਵਾਲੇ ਜ਼ੋਨ ਵਿੱਚ ਬਦਲਿਆ ਹੋਇਆ ਪਾਇਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਕਰਮਚਾਰੀਆਂ ਦੀ ਵੱਡੀ ਤਾਇਨਾਤੀ ਨੇ ਚੁਣੇ ਹੋਏ ਮੈਂਬਰਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ।

ਕੌਂਸਲਰਾਂ ਨੇ ਦਾਅਵਾ ਕੀਤਾ ਕਿ ਬੈਰੀਕੇਡ ਪਾਰ ਕਰਕੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਦਾਖਲ ਹੋਣ ਤੋਂ ਬਾਅਦ, ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਸਾਰਿਆਂ ਨੂੰ ਇਸ ਬਹਾਨੇ ਪ੍ਰਧਾਨ ਦੇ ਕਮਰੇ ਦੇ ਅੰਦਰ ਇੰਤਜ਼ਾਰ ਕਰਨ ਲਈ ਕਿਹਾ ਕਿ ਐੱਸ ਡੀ ਐੱਮ ਅਜੇ ਤੱਕ ਨਹੀਂ ਪਹੁੰਚੇ ਹਨ। ਹਾਲਾਂਕਿ, ਉਨ੍ਹਾਂ ਦੋਸ਼ ਲਾਇਆ ਕਿ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਗਿਆ ਸੀ, ਜੋ ਕਿ ਗ਼ੈਰ-ਕਾਨੂੰਨੀ ਹਿਰਾਸਤ ਦੇ ਬਰਾਬਰ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕੌਂਸਲਰਾਂ ਵਿੱਚੋਂ ਇੱਕ, ਸੁਰਿੰਦਰ ਕੌਰ, ਕਮਰੇ ਨੂੰ ਤਾਲਾ ਲੱਗਿਆ ਦੇਖ ਕੇ ਘਬਰਾ ਗਈ ਸੀ ਅਤੇ ਜੇਕਰ ਉਸਨੂੰ ਸਮੇਂ ਸਿਰ ਬਾਹਰ ਨਾ ਕੱਢਿਆ ਜਾਂਦਾ ਤਾਂ ਸਥਿਤੀ ਖ਼ਤਰਨਾਕ ਹੋ ਸਕਦੀ ਸੀ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੇ ਬਿਨਾਂ ਜਾਂ ਨਿਰਧਾਰਤ ਚੋਣ ਪ੍ਰਕਿਰਿਆ ਨੂੰ ਪੂਰਾ ਕੀਤੇ ਬਿਨਾਂ, ਪ੍ਰਸ਼ਾਸਨ ਨੇ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦਾ ਐਲਾਨ ਕਰ ਦਿੱਤਾ।  ਡੀ ਜੀ ਪੀ ਤੋਂ ਦਖਲ ਦੀ ਮੰਗ ਕਰਦਿਆਂ, ਸ਼ਿਕਾਇਤਕਰਤਾਵਾਂ ਨੇ ਸ਼ਾਮਲ ਡੀ ਐੱਸ ਪੀ ਅਤੇ ਹੋਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਚੋਣਾਂ ਦੌਰਾਨ ਉਨ੍ਹਾਂ ਦੇ ਜਮਹੂਰੀ ਤੇ ਸੰਵਿਧਾਨਕ ਅਧਿਕਾਰਾਂ ਤੋਂ ਕਥਿਤ ਤੌਰ ‘ਤੇ ਵਾਂਝੇ ਰੱਖਣ ਦੀ ਨਿਰਪੱਖ ਜਾਂਚ ਦੀ ਬੇਨਤੀ ਕੀਤੀ ਹੈ।

ਇਸ ਸ਼ਿਕਾਇਤ ‘ਤੇ ਕੌਂਸਲਰ ਮਨਦੀਪ ਸਿੰਘ ਬਾਜਵਾ, ਰਾਜੇਸ਼ ਕੁਮਾਰ ਸਿਸੋਦੀਆ, ਮਹਿੰਦਰ ਸਿੰਘ ਢਿੱਲੋਂ, ਕਮਲਜੀਤ ਕੌਰ, ਸਿਕੰਦਰ ਕੌਰ, ਸੁਰਿੰਦਰ ਕੌਰ, ਗੁੰਜਨ ਸੂਦ, ਨੇਹਾ ਸ਼ਰਮਾ ਅਤੇ ਪਿੰਕੀ ਕੌਰ ਨੇ ਦਸਤਖਤ ਕੀਤੇ ਹਨ। ਉੱਥੇ ਹੀ ਐੱਸ ਐੱਸ ਪੀ ਰੋਪੜ ਮਨਿੰਦਰ ਸਿੰਘ ਨੇ ਸੰਪਰਕ ਕਰਨ ‘ਤੇ ਕਿਹਾ, “ਮੋਰਿੰਡਾ ਦੇ ਕਾਂਗਰਸੀ ਕੌਂਸਲਰਾਂ ਦੀ ਕੋਈ ਸ਼ਿਕਾਇਤ ਮੇਰੇ ਤੱਕ ਨਹੀਂ ਪਹੁੰਚੀ ਹੈ। ਸ਼ਿਕਾਇਤ ਮੇਰੇ ਤੱਕ ਪਹੁੰਚਣ ਤੋਂ ਬਾਅਦ ਮੈਂ ਮਾਮਲੇ ਦੀ ਜਾਂਚ ਕਰਾਂਗਾ।”

Related posts

ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 2 ਡਰਾਈਵਰਾਂ ਦੀ ਮੌਤ, 4 ਜ਼ਖਮੀ

On Punjab

ਕਸ਼ਮੀਰ ‘ਤੇ ਪਾਕਿ ਫੌਜ ਮੁਖੀ ਬਾਜਵਾ ਦਾ ਵੱਡਾ ਐਲਾਨ

On Punjab

ਕੇਜਰੀਵਾਲ ਦਾ ਕੋਰੋਨਾ ਟੈਸਟ ਨੈਗਟਿਵ, ਦਿੱਲੀ ‘ਚ 31 ਜੁਲਾਈ ਤੱਕ ਹਾਲਾਤ ਹੋਣਗੇ ਭਿਆਨਕ

On Punjab