74.93 F
New York, US
June 3, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ; ਕੇਂਦਰ ਵੱਲੋਂ ਕਣਕ ਦੇ ਖ਼ਰੀਦ ਮਾਪਦੰਡਾਂ ਵਿੱਚ ਢਿੱਲ

ਚੰਡੀਗੜ੍ਹ- ਕੇਂਦਰ ਸਰਕਾਰ ਨੇ ਆਖ਼ਰ ਪੰਜਾਬ ਨੂੰ ਕਣਕ ਦੀ ਫ਼ਸਲ ਲਈ ਖ਼ਰੀਦ ਮਾਪਦੰਡਾਂ ’ਚ ਛੋਟ ਦਾ ਐਲਾਨ ਕਰ ਦਿੱਤਾ ਹੈ। ਕੇਂਦਰੀ ਖ਼ੁਰਾਕ ਮੰਤਰਾਲੇ ਵੱਲੋਂ ਅੱਜ ਜਾਰੀ ਪੱਤਰ ਅਨੁਸਾਰ ਹੁਣ ਪੰਜਾਬ ਚੋਂ ਨਵੇਂ ਖ਼ਰੀਦ ਮਾਪਦੰਡਾਂ ’ਤੇ ਫ਼ਸਲੀ ਖ਼ਰੀਦ ਹੋਵੇਗੀ। ਪੰਜਾਬ ਸਰਕਾਰ ਨੇ 9 ਅਪਰੈਲ ਨੂੰ ਕੇਂਦਰ ਨੂੰ ਪੱਤਰ ਲਿਖ ਕੇ ਖ਼ਰੀਦ ਮਾਪਦੰਡਾਂ ’ਚ ਮੋਹਲਤ ਮੰਗੀ ਸੀ।

ਗੁਆਂਢੀ ਸੂਬੇ ਰਾਜਸਥਾਨ ਅਤੇ ਹਰਿਆਣਾ ਮਗਰੋਂ ਹੁਣ ਕੇਂਦਰ ਨੇ ਪੰਜਾਬ ਤੇ ਚੰਡੀਗੜ੍ਹ ਯੂ ਟੀ ’ਚ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਢਿੱਲ ਦਿੱਤੀ ਗਈ ਹੈ। ਕੇਂਦਰੀ ਫ਼ੈਸਲੇ ਮਗਰੋਂ ਹੁਣ ਪੰਜਾਬ ਦੇ ਖ਼ਰੀਦ ਕੇਂਦਰਾਂ ’ਚ ਆਈ ਜਿਣਸ ਦੀ ਖ਼ਰੀਦ ’ਚ ਰਫ਼ਤਾਰ ਆਉਣ ਦੀ ਸੰਭਾਵਨਾ ਹੈ। ਕੇਂਦਰੀ ਟੀਮਾਂ ਵੱਲੋਂ ਸੂਬੇ ਦੇ 22 ਜ਼ਿਲ੍ਹਿਆਂ ਚੋਂ 291 ਨਮੂਨੇ ਭਰੇ ਗਏ ਸਨ ਜਿਨ੍ਹਾਂ ਦੀ ਟੈਸਟਿੰਗ ਮਗਰੋਂ ਭਾਰਤੀ ਖ਼ੁਰਾਕ ਨਿਗਮ ਨੇ ਕੇਂਦਰੀ ਖ਼ੁਰਾਕ ਮੰਤਰਾਲੇ  ਨੂੰ ਪੰਜਾਬ ਨੂੰ ਖ਼ਰੀਦ ਮਾਪਦੰਡਾਂ ’ਚ ਛੋਟ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਕੇਂਦਰੀ ਖ਼ੁਰਾਕ ਮੰਤਰਾਲੇ ਵੱਲੋਂ ਅੱਜ ਜਾਰੀ ਪੱਤਰ ਅਨੁਸਾਰ ਹੁਣ ਪੰਜਾਬ ’ਚ 70 ਫੀਸਦੀ ਤੱਕ ਬਦਰੰਗ (ਲਸਟਰ ਲੌਸ) ਫ਼ਸਲ ਵੀ ਖ਼ਰੀਦ ਹੋਵੇਗੀ ਅਤੇ ਸੁੰਗੜੇ ਦਾਣੇ ਅਤੇ ਟੁੱਟੇ ਦਾਣਿਆਂ ਦੀ ਮਿਕਦਾਰ ਵੀ 15 ਫ਼ੀਸਦੀ ਤੱਕ ਵਧਾ ਦਿੱਤੀ ਗਈ ਹੈ। ਨੁਕਸਾਨੇ ਦਾਣਿਆਂ ਦੀ ਮਿਕਦਾਰ 6 ਫ਼ੀਸਦੀ ਤੱਕ ਕਰ ਦਿੱਤੀ ਗਈ ਹੈ।

ਕੇਂਦਰੀ ਖ਼ੁਰਾਕ ਮੰਤਰਾਲੇ ਨੇ ਕਿਹਾ ਹੈ ਕਿ ਖ਼ਰੀਦ ਮਾਪਦੰਡਾਂ ’ਚ ਦਿੱਤੀ ਢਿੱਲ ਦੇ ਅੰਤਰਗਤ ਖ਼ਰੀਦ ਕੀਤੀ ਜਾਣ ਵਾਲੀ ਫ਼ਸਲ ਨੂੰ ਵੱਖਰੇ ਤੌਰ ’ਤੇ ਭੰਡਾਰ ਕੀਤਾ ਜਾਵੇ ਅਤੇ ਇਹ ਵੀ ਕਿਹਾ ਕਿ ਜੇ ਨਵੇਂ ਮਾਪਦੰਡਾਂ ਤਹਿਤ ਖ਼ਰੀਦ ਕੀਤੀ ਫ਼ਸਲ ਦੀ ਭੰਡਾਰਨ ਦੌਰਾਨ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਦੱਸਣਯੋਗ ਹੈ ਕਿ ਸੂਬੇ ’ਚ ਮੀਂਹ ਨਾਲ ਕਰੀਬ 1.30 ਲੱਖ ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ।

ਪੰਜਾਬ ਦੇ ਖ਼ਰੀਦ ਕੇਂਦਰਾਂ ’ਚ ਇਸ ਵੇਲੇ ਫ਼ਸਲ ਦੀ ਆਮਦ ਤੇਜ਼ ਹੋ ਗਈ ਹੈ ਪ੍ਰੰਤੂ ਖ਼ਰੀਦ ਮਾਪਦੰਡਾਂ ਦਾ ਪੇਚ ਫਸਿਆ ਹੋਣ ਕਰਕੇ ਖ਼ਰੀਦ ਏਜੰਸੀਆਂ ਫ਼ਸਲ ਖ਼ਰੀਦਣ ਤੋਂ ਆਨਾਕਾਨੀ ਕਰ ਰਹੀਆਂ ਸਨ। ਹੁਣ ਕੇਂਦਰੀ ਫ਼ੈਸਲੇ ਨਾਲ ਜਿੱਥੇ ਪੰਜਾਬ ਸਰਕਾਰ ਨੂੰ ਸੁਖ ਦਾ ਸਾਹ ਆਇਆ ਹੈ, ਉੱਥੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ।

Related posts

The Oldest Person Dies: ਚੀਨ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 135 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

On Punjab

ਗੈਂਗਸਟਰਾਂ ਦੇ ਸਤਾਏ ਵਪਾਰੀ ਨਿੱਜੀ ਸੁਰੱਖਿਆ ਗਾਰਡ ਰੱਖਣ ਲੱਗੇ

On Punjab

ਰਾਧਿਕਾ ਦੀ ਆਪਣੀ ਅਕੈਡਮੀ ਨਹੀਂ ਸੀ, ਟੈਨਿਸ ਕੋਰਟ ਬੁੱਕ ਕਰ ਕੇ ਦਿੰਦੀ ਸੀ ਸਿਖਲਾਈ: ਪੁਲੀਸ

On Punjab