60.73 F
New York, US
May 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਆਪ’ ਵਿਧਾਇਕ ਪਠਾਣਮਾਜਰਾ ਗਵਾਲੀਅਰ ਤੋਂ ਕਾਬੂ

ਪਟਿਆਲਾ- ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਏ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲੀਸ ਨੇ ਆਖ਼ਰ ਨੌਂ ਮਹੀਨਿਆਂ ਬਾਅਦ ਗਵਾਲੀਅਰ ਤੋਂ ਕਾਬੂ ਕਰ ਲਿਆ ਹੈ। ਪਠਾਣਮਾਜਰਾ ਨੂੰ ਅੱਜ ਪਟਿਆਲਾ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਗ਼ੌਰਤਲਬ ਹੈ ਕਿ ਹੜ੍ਹਾਂ ਦੇ ਮੁੱਦੇ ’ਤੇ ਸਤੰਬਰ 2025 ’ਚ ਪਠਾਣਮਾਜਰਾ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੰਡਿਆ ਸੀ। ਸਰਕਾਰ ਨੇ ਉਸ ਤੋਂ ਗੰਨਮੈਨ ਸਮੇਤ ਸਾਰੀਆਂ ਤਾਕਤਾਂ ਵਾਪਸ ਲੈ ਲਈਆਂ ਸਨ। ‘ਆਪ’ ਹਾਈਕਮਾਂਡ ਨੇ ਰਣਜੋਧ ਹੜਾਣਾ ਨੂੰ ਸਨੌਰ ਦਾ ਨਵਾਂ ਹਲਕਾ ਇੰਚਾਰਜ ਵੀ ਲਾ ਦਿੱਤਾ ਹੈ।

ਇੱਕ ਔਰਤ ਦੀ ਸ਼ਿਕਾਇਤ ’ਤੇ ਇਥੇ ਥਾਣਾ ਸਿਵਲ ਲਾਈਨ ’ਚ ਉਸ ਖ਼ਿਲਾਫ਼ ਜਬਰ-ਜਨਾਹ ਦਾ ਪਰਚਾ ਦਰਜ ਹੋਇਆ ਸੀ ਅਤੇ ਉਸ ਨੂੰ ਹਰਿਆਣਾ ’ਚ ਰਿਸ਼ਤੇਦਾਰ ਦੇ ਘਰੋਂ ਫੜ ਲਿਆ ਸੀ ਪਰ ਉਹ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਪਟਿਆਲਾ ਪੁਲੀਸ ਵੱਲੋਂ ਐੱਲ ਓ ਸੀ ਜਾਰੀ ਕਰਨ ਦੇ ਬਾਵਜੂਦ ਉਹ ਵਿਦੇਸ਼ ਚਲਾ ਗਿਆ ਸੀ। ਉਹ ਨੇਪਾਲ ਰਾਹੀਂ ਆਸਟਰੇਲੀਆ ਪਹੁੰਚਿਆ ਅਤੇ ਉਥੋਂ ਸੋਸ਼ਲ ਮੀਡੀਆ ਰਾਹੀਂ ਸਰਗਰਮ ਰਿਹਾ। ਉਸ ਨੂੰ ਐੱਸ ਪੀ ਗੁਰਬੰਸ ਬੈਂਸ, ਡੀ ਐੱਸ ਪੀ ਰਾਜੇਸ਼ ਮਲਹੋਤਰਾ, ਸੀ ਆਈ ਏ ਇੰਚਾਰਜ ਪ੍ਰਦੀਪ ਬਾਜਵਾ, ਬਨੂੜ ਥਾਣੇ ਦੇ ਮੁਖੀ ਅਰਸ਼ਦੀਪ ਸਿੰਘ ਅਤੇ ਸਮਾਣਾ ਸੀ ਆਈ ਏ ਇੰਚਾਰਜ ਅੰਕੁਰਦੀਪ ਸਿੰਘ ’ਤੇ ਆਧਾਰਿਤ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਵਿਧਾਇਕ ਦੀ ਗ੍ਰਿਫ਼ਤਾਰੀ ਸਬੰਧੀ ਰਸਮੀ ਜਾਣਕਾਰੀ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

ਵਾਈ-ਫਾਈ ਨੇ ਭਾਂਡਾ ਭੰਨਿਆ- ਵਿਧਾਇਕ ਹਰਮੀਤ ਪਠਾਣਮਾਜਰਾ ਕਈ ਦਿਨ ਪਹਿਲਾਂ ਵਤਨ ਪਰਤ ਆਇਆ ਸੀ ਅਤੇ ਪੁਲੀਸ ਉਸ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ। ਯੂ ਪੀ ਦੇ ਇੱਕ ਹੋਟਲ ਵਿੱਚ ਠਹਿਰੇ ਪਠਾਣਮਾਜਰਾ ਨੇ ਜਦੋਂ 23 ਮਾਰਚ ਨੂੰ ਵਾਈ-ਫਾਈ ਵਰਤਿਆ ਤਾਂ ਪਟਿਆਲਾ ਪੁਲੀਸ ਸਰਗਰਮ ਹੋ ਗਈ। ਐੱਸ ਐੱਸ ਪੀ ਵਰੁਣ ਸ਼ਰਮਾ ਨੇ ਤੁਰੰਤ ਟੀਮ ਯੂ ਪੀ ਰਵਾਨਾ ਕੀਤੀ। ਪੁਲੀਸ ਨੂੰ ਸੀ ਸੀ ਟੀ ਵੀ ਕੈਮਰਿਆਂ ਦੀ ਘੋਖ ਦੌਰਾਨ ਪਠਾਣਮਾਜਰਾ ਵੱਲੋਂ ਵਰਤੀ ਜਾ ਰਹੀ ਗੱਡੀ ਦਾ ਨੰਬਰ ਮਿਲ ਗਿਆ ਅਤੇ ਟੌਲ ਪਲਾਜ਼ਿਆਂ ਦੇ ਕੈਮਰਿਆਂ ਰਾਹੀਂ ਪੁਲੀਸ ਟੀਮ ਉਸ ਦੇ ਪਿੱਛੇ ਗਵਾਲੀਅਰ ਪਹੁੰਚ ਗਈ। ਇਸ ਤਰ੍ਹਾਂ ਆਧੁਨਿਕ, ਤਕਨੀਕੀ ਅਤੇ ਮਨੁੱਖੀ ਸਰੋਤਾਂ ਸਹਾਰੇ ਪੈੜ ਨੱਪਦੀ ਹੋਈ ਪੁਲੀਸ ਪਠਾਣਮਾਜਰਾ ਤੱਕ ਜਾ ਅੱਪੜੀ। ਦੱਸਣਯੋਗ ਹੈ ਕਿ ਪਠਾਣਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਰਿਸ਼ਤੇਦਾਰੀ ’ਚੋਂ ਫੁੱਫੜ ਲਗਦਾ ਹੈ।

ਪਠਾਣਮਾਜਰਾ ਦੀ ਗ੍ਰਿਫ਼ਤਾਰੀ ਖ਼ੁਦਕੁਸ਼ੀ ਮਾਮਲੇ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਸਟੰਟ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਇਹ ਕਾਰਵਾਈ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਪਹਿਲਾਂ ਪਠਾਣਮਾਜਰਾ ਨੂੰ ਫ਼ਰਾਰ ਹੋਣ ਵਿੱਚ ਮਦਦ ਕੀਤੀ ਸੀ ਅਤੇ ਹੁਣ ਜਦੋਂ ਸਰਕਾਰ ਖ਼ੁਦਕੁਸ਼ੀ ਮਾਮਲੇ ਵਿੱਚ ਘਿਰਦੀ ਨਜ਼ਰ ਆਈ ਤਾਂ ਉਸ ਦੀ ਗ੍ਰਿਫ਼ਤਾਰੀ ਦਾ ‘ਡਰਾਮਾ’ ਰਚਿਆ ਗਿਆ। ‘ਆਪ’ ਪਹਿਲਾਂ ਆਪਣੇ ਦਾਗ਼ੀ ਆਗੂਆਂ ਨੂੰ ਪਨਾਹ ਦਿੰਦੀ ਹੈ ਅਤੇ ਫਿਰ ਸਿਆਸੀ ਲਾਹਾ ਲੈਣ ਲਈ ਅਜਿਹੇ ‘ਅਪਰੇਸ਼ਨਾਂ’ ਦਾ ਦਿਖਾਵਾ ਕਰਦੀ ਹੈ।

Related posts

ਭਗਤਾ ਭਾਈ ਕਾ ਵਿਖੇ ਕਰਵਾਇਆ ਗਿਆ ਭਾਈ ਬਹਿਲੋ ਹਾਕੀ ਕੱਪ -2022 ਛੱਜਾਂਵਾਲ ਦੀ ਟੀਮ ਨੇ ਜਿੱਤਿਆ

On Punjab

ਜੇਕਰ ਨਾ ਸੁਧਰੇ ਹਾਲਾਤ ਤਾਂ ਦੁਨੀਆ ਦੇ ਪੰਜ ਅਰਬ ਲੋਕਾਂ ਨੂੰ ਝੱਲਣਾ ਪਵੇਗਾ ਜਲ ਸੰਕਟ : UN Report

On Punjab

‘ਆਪ’ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਦੀ ਕਾਰ ਦਾ ਭਿਆਨਕ ਐਕਸੀਡੈਂਟ, PA ਤੇ ਚਚੇਰੇ ਭਰਾ ਸਮੇਤ 3 ਦੀ ਮੌਤ, ਦੋ ਦੀ ਹਾਲਤ ਗੰਭੀਰ

On Punjab