ਬੰਗਲਾਦੇਸ਼- ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਟੀਮ ਨੂੰ ਟੀ-20 ਵਿਸ਼ਵ ਕੱਪ ਲਈ ਭਾਰਤ ਨਹੀਂ ਭੇਜਣਗੇ। ਹਾਲਾਂਕਿ ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਬੰਗਲਾਦੇਸ਼ ਦੇ ਮੈਚ ਭਾਰਤ ਤੋਂ ਬਾਹਰ ਕਰਵਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਪਰ BCB ਆਪਣੇ ਫੈਸਲੇ ’ਤੇ ਅਟੱਲ ਹੈ। ਬੁਲਬੁਲ ਨੇ ਕਿਹਾ ਕਿ ਅਸੀਂ ਵਿਸ਼ਵ ਕੱਪ ਖੇਡਣਾ ਚਾਹੁੰਦੇ ਹਾਂ ਪਰ ਭਾਰਤ ਵਿੱਚ ਨਹੀਂ। ਉਨ੍ਹਾਂ ਨੇ ਮੁਸਤਫਿਜ਼ੁਰ ਰਹਿਮਾਨ ਨੂੰ ਆਈਪੀਐਲ (IPL) ਤੋਂ ਬਾਹਰ ਕੀਤੇ ਜਾਣ ਅਤੇ ਘੱਟ ਗਿਣਤੀਆਂ ਦੇ ਮੁੱਦੇ ’ਤੇ ਭਾਰਤ ਦੇ ਰਵੱਈਏ ਨੂੰ ਇਸ ਫੈਸਲੇ ਦਾ ਵੱਡਾ ਕਾਰਨ ਦੱਸਿਆ ਹੈ।
ਬੰਗਲਾਦੇਸ਼ ਸਰਕਾਰ ਦੇ ਖੇਡ ਸਲਾਹਕਾਰ ਆਸਿਫ਼ ਨਜ਼ਰੁਲ ਨੇ ਵੀ ICC ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੌਂਸਲ ਉਨ੍ਹਾਂ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਹੀ ਹੈ। ਬੰਗਲਾਦੇਸ਼ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮੈਚ ਸ੍ਰੀਲੰਕਾ ਵਿੱਚ ਕਰਵਾਏ ਜਾਣ। ਜ਼ਿਕਰਯੋਗ ਹੈ ਕਿ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਬੰਗਲਾਦੇਸ਼ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਵੈਸਟਇੰਡੀਜ਼ ਵਿਰੁੱਧ ਤੈਅ ਹੈ। ਪਰ ਹੁਣ BCB ਅਤੇ ਭਾਰਤ ਵਿਚਾਲੇ ਵਧੇ ਤਣਾਅ ਕਾਰਨ ਬੰਗਲਾਦੇਸ਼ ਦੀ ਸ਼ਮੂਲੀਅਤ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

