ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਜਪਾ ਦੇ ਨਵੇਂ ਚੁਣੇ ਗਏ ਪ੍ਰਧਾਨ ਨਿਤਿਨ ਨਬੀਨ ਨੂੰ ਆਪਣਾ ਬੌਸ ਦੱਸਿਆ। ਉਨ੍ਹਾਂ ਕਿਹਾ ਕਿ ‘ਘੁਸਪੈਠ ਤੇ ਸ਼ਹਿਰੀ ਨਕਸਲਵਾਦ’ ਦੇਸ਼ ਨੂੰ ਦਰਪੇਸ਼ ਦੋ ਪ੍ਰਮੁੱਖ ਚੁਣੌਤੀਆਂ ਹਨ। ਸ੍ਰੀ ਮੋਦੀ ਨੇ ਪਾਰਟੀ ਦੇ ਨਵੇਂ ਪ੍ਰਧਾਨ ਦਾ ਸਵਾਗਤ ਕਰਦੇ ਹੋਏ ਕਿਹਾ, ‘‘ਤੁਸੀਂ ਸੋਚੋਗੇ ਕਿ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਹਨ, 50 ਸਾਲਾਂ ਵਿੱਚ ਮੁੱਖ ਮੰਤਰੀ ਬਣੇ, 25 ਸਾਲਾਂ ਤੋਂ ਸਰਕਾਰ ਦੇ ਮੁਖੀ ਰਹੇ ਹਨ ਪਰ ਇਹ ਸਾਰੀਆਂ ਚੀਜ਼ਾਂ ਸੈਕੰਡਰੀ ਹਨ। ਮੇਰਾ ਸਭ ਤੋਂ ਵੱਡਾ ਮਾਣ ਇਹ ਹੈ ਕਿ- ਮੈਂ ਇੱਕ ਭਾਜਪਾ ਵਰਕਰ ਹਾਂ ਅਤੇ ਨਿਤਿਨ ਨਬੀਨ ਜੀ ਮੇਰੇ ਬੌਸ ਹਨ।’’ ਭਾਜਪਾ ਆਗੂਆਂ, ਮੁੱਖ ਮੰਤਰੀਆਂ, ਪਾਰਟੀ ਮੁਖੀਆਂ, ਸੰਗਠਨਾਤਮਕ ਦਿੱਗਜਾਂ ਦੀ ਮੌਜੂਦਗੀ ਵਿੱਚ ਬੋਲਦਿਆਂ ਮੋਦੀ ਨੇ ਨਬੀਨ ਨੂੰ ਨੌਜਵਾਨ ਆਗੂ ਕਿਹਾ ਜੋ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਬਿਆਨ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰ ਸਕਦਾ ਹੈ।
ਸ੍ਰੀ ਮੋਦੀ ਨੇ 2026 ਨੂੰ ਜਨ ਸੰਘ ਦੀ ਸਥਾਪਨਾ ਦੇ 75ਵੇਂ ਸਾਲ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਨਿਤਿਨ ਜੀ ਇੱਕ ਅਜਿਹੀ ਪੀੜ੍ਹੀ ਵਿੱਚੋਂ ਹਨ ਜਿਸ ਨੇ ਤਕਨੀਕੀ ਬਦਲਾਅ ਦੇਖੇ ਹਨ। ਉਨ੍ਹਾਂ ਨੇ ਰੇਡੀਓ ਦਾ ਯੁੱਗ ਦੇਖਿਆ ਹੈ ਅਤੇ ਇੱਕ ਏਆਈ ਉਪਭੋਗਤਾ ਵੀ ਹਨ। ਉਨ੍ਹਾਂ ਕੋਲ ਯੁਵਾ ਊਰਜਾ ਅਤੇ ਵਧੀਆ ਸੰਗਠਨਾਤਮਕ ਹੁਨਰ ਹਨ ਜੋ ਸਾਡੇ ਲਈ ਬਹੁਤ ਮਹੱਤਵ ਰੱਖਦੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਬੀਨ ਦੀਆਂ ਦੋਹਰੀ ਜ਼ਿੰਮੇਵਾਰੀਆਂ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦਾ ਪ੍ਰਬੰਧਨ ਅਤੇ ਸੱਤਾਧਾਰੀ ਐਨਡੀਏ ਗਠਜੋੜ ਭਾਈਵਾਲਾਂ ਵਿਚਕਾਰ ਤਾਲਮੇਲ ਯਕੀਨੀ ਬਣਾਉਣਾ ਸ਼ਾਮਲ ਹੋਵੇਗਾ।

