ਚੰਡੀਗਡ਼੍ਹ- ਪੰਜਾਬ, ਹਰਿਆਣਾ ਸਣੇ ਉਤਰੀ ਭਾਰਤ ਵਿੱਚ ਲਗਾਤਾਰ ਪੈ ਰਹੀ ਧੁੰਦ ਅਤੇ ਕੜਾਕੇ ਦੀ ਠੰਢ ਦੌਰਾਨ ਮੌਸਮ ਵਿਭਾਗ ਨੇ 22 ਜਨਵਰੀ ਤੋਂ ਪੰਜਾਬ ਅੰਦਰ ਮੌਸਮ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ 22 ਤੇ 23 ਜਨਵਰੀ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ। ਮੌਸਮ ਵਿਗਿਆਨੀਆਂ ਨੇ ਕਿਹਾ ਕਿ 22 ਜਨਵਰੀ ਨੂੰ ਪੰਜਾਬ ਵਿੱਚ ਸ਼ਾਮ ਸਮੇਂ ਮੌਸਮ ਬਦਲ ਜਾਵੇਗਾ ਅਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਤੇ ਲੁਧਿਆਣੇ ਵਿੱਚ ਮੀਂਹ ਪਵੇਗਾ। 23 ਜਨਵਰੀ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਣਾ ਮੀਂਹ ਪਵੇਗਾ। ਪੰਜਾਬ ਵਿੱਚ ਕਣਕ ਦੀ ਲੁਆਈ ਤੋਂ ਬਾਅਦ ਮੀਂਹ ਨਾ ਪੈਣ ਕਰ ਕੇ ਕਣਕ, ਆਲੂ ਤੇ ਹੋਰਨਾਂ ਫ਼ਸਲਾਂ ਖਰਾਬ ਹੋ ਰਹੀਆਂ ਹਨ। ਇਸ ਸਮੇਂ ਪੈਣ ਵਾਲਾ ਮੀਂਹ ਕਣਕ ਸਣੇ ਹੋਰਨਾਂ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ। ਦੂਜੇ ਪਾਸੇ ਪੰਜਾਬ ਦੀਆਂ ਜ਼ਿਆਦਾਤਰ ਥਾਵਾਂ ’ਤੇ ਅੱਜ ਵੀ ਸੰਘਣੀ ਧੁੰਦ ਪਈ ਜਿਸ ਕਾਰਨ ਦਿਸਣ ਹੱਦ ਘੱਟ ਰਹੀ।
ਹਿਮਾਚਲ ਦੀਆਂ ਉੱਚੀਆਂ ਪਹਾੜੀਆਂ ’ਤੇ ਹਲਕੀ ਬਰਫ਼ਬਾਰੀ: ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ’ਤੇ ਕੁਝ ਥਾਵਾਂ ’ਤੇ ਹਲਕੀ ਬਰਫ਼ਬਾਰੀ ਜਾਰੀ ਰਹੀ, ਜਿਸ ਕਾਰਨ ਸੂਬੇ ਦੇ ਕਈ ਇਲਾਕਿਆਂ ਵਿੱਚ ਸੀਤ ਲਹਿਰ ਦੀ ਸਥਿਤੀ ਬਣ ਗਈ ਹੈ। ਸ਼ਿਮਲਾ ਮੌਸਮ ਵਿਭਾਗ ਅਨੁਸਾਰ ਲਾਹੌਲ ਅਤੇ ਸਪਿਤੀ ਦੇ ਕੋਕਸਾਰ ਅਤੇ ਹੰਸਾ ਪਿੰਡਾਂ ਵਿੱਚ ਹਲਕੀ ਬਰਫਬਾਰੀ ਹੋਈ; ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਿਹਾ। ਹਮੀਰਪੁਰ, ਊਨਾ ਅਤੇ ਮੰਡੀ ਵਿੱਚ ਠੰਢ ਰਹੀ। ਇਥੇ ਘੱਟੋ- ਘੱਟ ਤਾਪਮਾਨ ਕ੍ਰਮਵਾਰ 2.1 ਡਿਗਰੀ, 2.7 ਅਤੇ 3.9 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਉੱਚੀਆਂ ਪਹਾੜੀਆਂ ’ਤੇ 20 ਜਨਵਰੀ ਤਕ ਹਲਕੀ ਬਰਫ਼ਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਹੈ, ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਪੱਛਮੀ ਗੜਬੜੀਆਂ ਦਾ ਅਸਰ 21 ਜਨਵਰੀ ਤੋਂ ਭਾਰਤ ਦੇ ਉੱਤਰੀ ਪੱਛਮੀ ਇਲਾਕਿਆਂ ’ਤੇ ਪਏਗਾ, ਜਿਸ ਕਾਰਨ ਸੂਬੇ ਵਿੱਚ ਕੁਝ ਥਾਵਾਂ ’ਤੇ ਭਾਰੀ ਬਰਫਬਾਰੀ ਅਤੇ ਉੱਚੀਆਂ ਅਤੇ ਦਰਮਿਆਨੀ ਪਹਾੜੀਆਂ ’ਤੇ ਮੀਂਹ ਪਏਗਾ। 22 ਜਨਵਰੀ ਤੋਂ ਭਾਰੀ ਬਰਫ਼ਬਾਰੀ ਹੋ ਸਕਦੀ ਹੈ। 23 ਜਨਵਰੀ ਲਈ ਸੂਬੇ ਵਿੱਚ ਭਾਰੀ ਬਰਫਬਾਰੀ ਅਤੇ ਉੱਚੀਆਂ ਪਹਾੜੀਆਂ ’ਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

