ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਕਤਲ ਅਤੇ ਲਾਸ਼ ਸਾੜੀ- ਮੁਢਲੀ ਜਾਂਚ ਅਨੁਸਾਰ ਪਰਿਹਾਰ ਨੇ ਕਥਿਤ ਤੌਰ ‘ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਾਰ-ਵਾਰ ਵਿਵਾਦਾਂ ਤੋਂ ਬਾਅਦ ਪ੍ਰੀਤੀ ਦਾ ਕਤਲ ਕਰ ਦਿੱਤਾ। ਪੁਲੀਸ ਅਨੁਸਾਰ ਔਰਤ ਵੱਡੀ ਰਕਮ ਦੀ ਮੰਗ ਕਰ ਰਹੀ ਸੀ ਅਤੇ ਪਹਿਲਾਂ ਹੀ ਉਸ ਤੋਂ ਕਈ ਲੱਖ ਰੁਪਏ ਲੈ ਚੁੱਕੀ ਸੀ। ਇਹ ਕਤਲ 8 ਜਨਵਰੀ ਦੇ ਆਸ-ਪਾਸ ਹੋਇਆ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪਰਿਹਾਰ ਨੇ ਲਾਸ਼ ਨੂੰ ਤਿਰਪਾਲ ਵਿੱਚ ਲਪੇਟ ਕੇ ਇੱਕ ਵੱਡੇ ਨੀਲੇ ਧਾਤ ਦੇ ਟਰੰਕ ਵਿੱਚ ਰੱਖ ਕੇ ਅੱਗ ਲਗਾ ਦਿੱਤੀ। ਗੁਆਂਢੀਆਂ ਨੇ ਦੱਸਿਆ ਕਿ ਪਰਿਹਾਰ ਘਟਨਾ ਤੋਂ ਕਈ ਦਿਨ ਪਹਿਲਾਂ ਬਾਲਣ ਇਕੱਠਾ ਕਰ ਰਿਹਾ ਸੀ ਅਤੇ ਕੁਝ ਲੋਕਾਂ ਨੇ ਇਲਾਕੇ ਵਿੱਚ ਅਜੀਬ ਬਦਬੂ ਵੀ ਮਹਿਸੂਸ ਕੀਤੀ ਸੀ, ਪਰ ਉਨ੍ਹਾਂ ਨੇ ਸਮਝਿਆ ਕਿ ਇਹ ਠੰਢ ਤੋਂ ਬਚਣ ਲਈ ਬਾਲੀ ਜਾ ਰਹੀ ਲੱਕੜ ਦੀ ਬਦਬੂ ਹੈ। ਜਦੋਂ ਲਾਸ਼ ਸੜ ਕੇ ਸੁਆਹ ਹੋ ਗਈ, ਤਾਂ ਪਰਿਹਾਰ ਨੇ ਕਥਿਤ ਤੌਰ ’ਤੇ ਅਵਸ਼ੇਸ਼ਾਂ ਨੂੰ ਬੋਰੀਆਂ ਵਿੱਚ ਇਕੱਠਾ ਕਰਕੇ ਸਬੂਤ ਮਿਟਾਉਣ ਲਈ ਨੇੜਲੀ ਨਦੀ ਵਿੱਚ ਸੁੱਟ ਦਿੱਤਾ, ਹਾਲਾਂਕਿ ਕੁਝ ਸੜੇ ਹੋਏ ਅਵਸ਼ੇਸ਼ ਅਤੇ ਹੱਡੀਆਂ ਦੇ ਟੁਕੜੇ ਟਰੰਕ ਦੇ ਅੰਦਰ ਹੀ ਰਹਿ ਗਏ ਸਨ।
ਟਰੱਕ ਲੋਡਰ ਚਾਲਕ ਦੀ ਚੌਕਸੀ ਕਾਰਨ ਮਾਮਲਾ ਸਾਹਮਣੇ ਆਇਆ- ਇਹ ਮਾਮਲਾ ਸ਼ਨਿਚਰਵਾਰ ਰਾਤ ਨੂੰ ਉਦੋਂ ਸਾਹਮਣੇ ਆਇਆ ਜਦੋਂ ਪਰਿਹਾਰ ਨੇ ਭਾਰੀ ਟਰੰਕ ਨੂੰ ਆਪਣੀ ਦੂਜੀ ਪਤਨੀ ਗੀਤਾ ਦੇ ਘਰ ਲਿਜਾਣ ਲਈ ਇੱਕ ਲੋਡਰ ਕਿਰਾਏ ‘ਤੇ ਲਿਆ, ਜਿਸ ਦੇ ਨਾਲ ਉਸਦਾ ਪੁੱਤਰ ਨਿਤਿਨ ਅਤੇ ਉਸਦੇ ਕੁਝ ਦੋਸਤ ਵੀ ਸਨ। ਲੋਡਰ ਡਰਾਈਵਰ ਜੈ ਸਿੰਘ ਪਾਲ ਨੂੰ ਟਰੰਕ ਦੇ ਅਸਧਾਰਨ ਭਾਰ ਅਤੇ ਉਨ੍ਹਾਂ ਮਰਦਾਂ ਦੇ ਘਬਰਾਏ ਹੋਏ ਵਿਵਹਾਰ ‘ਤੇ ਸ਼ੱਕ ਹੋਇਆ, ਜਿਸ ’ਤੇ ਉਸਨੇ ਟਰੰਕ ਉਤਾਰਨ ਤੋਂ ਬਾਅਦ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਟਰੰਕ ਨੂੰ ਜ਼ਬਰਦਸਤੀ ਖੋਲ੍ਹਿਆ ਤਾਂ ਅੰਦਰੋਂ ਮਨੁੱਖੀ ਅਵਸ਼ੇਸ਼ ਮਿਲੇ, ਜਿਸ ਤੋਂ ਬਾਅਦ ਫੋਰੈਂਸਿਕ ਟੀਮਾਂ ਨੂੰ ਨਮੂਨੇ ਇਕੱਠੇ ਕਰਨ ਲਈ ਬੁਲਾਇਆ ਗਿਆ ਅਤੇ ਪੀੜਤ ਦੇ ਸਾਬਕਾ ਪਤੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

