ਮੋਗਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿੱਖ ਗੁਰੂਆਂ ਵਿਰੁੱਧ ‘ਘਿਨਾਉਣੀ ਬੇਅਦਬੀ’ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਇਸ ਨੂੰ ਸਿੱਖ ਕਦਰਾਂ-ਕੀਮਤਾਂ ਅਤੇ ਰਵਾਇਤਾਂ ’ਤੇ ਹਮਲਾ ਕਰਾਰ ਦਿੰਦੇ ਹੋਏ ਸਿੱਖ ਧਾਰਮਿਕ ਆਗੂਆਂ ਨੂੰ ਇਸ ਦਾ ਗੰਭੀਰ ਨੋਟਿਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ‘ਆਪ’ ਦੇ ਸ਼ਾਸਨ ਦੌਰਾਨ ਦਰਜ ਕਥਿਤ ਝੂਠੇ ਮਾਮਲਿਆਂ ਦੀ ਜਾਂਚ ਲਈ ਇੱਕ ਕਮਿਸ਼ਨ ਸਥਾਪਤ ਕੀਤਾ ਜਾਵੇਗਾ, ਅਤੇ ਬੇਕਸੂਰ ਲੋਕਾਂ ਨੂੰ ਫਸਾਉਣ ਦੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਵਿੱਚ ਮਾਘੀ ਮੇਲੇ ਦੌਰਾਨ ਤਖ਼ਤੂਪੁਰਾ ਵਿਚ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਕਿਰਦਾਰ ਨੂੰ ਦਰਸਾਉਂਦੀ ਇੱਕ ਵੀਡੀਓ ਦੇਖੀ ਹੈ, ਜੋ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਬੇਅਦਬੀ ਦੇ ਬਰਾਬਰ ਹੈ।
ਸੁਖਬੀਰ ਬਾਦਲ ਨੇ ਇਸ ਮੁੱਦੇ ਨੂੰ ਪਿਛਲੀਆਂ ਘਟਨਾਵਾਂ ਨਾਲ ਜੋੜਦੇ ਹੋਏ ਦੋਸ਼ ਲਗਾਇਆ ਕਿ 2014 ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੂਬੇ ਦੀ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਵਧ ਗਏ। ਉਨ੍ਹਾਂ ਦਾਅਵਾ ਕੀਤਾ ਕਿ ਇਹ ਘਟਨਾਵਾਂ ਸਿੱਖ ਭਾਈਚਾਰੇ ਨੂੰ ਵੰਡਣ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸਨ। ਉਨ੍ਹਾਂ ਅਕਾਲੀ ਦਲ ਨੂੰ ‘ਸਿੱਖ ਇੱਛਾਵਾਂ ਦਾ ਸੱਚਾ ਪ੍ਰਤੀਨਿਧੀ’ ਦੱਸਿਆ। ਉਨ੍ਹਾਂ ਜ਼ੋਰ ਕੇ ਆਖਿਆ, ‘‘ਅਕਾਲੀ ਦਲ ਦਬਾਅ ਜਾਂ ਧਮਕੀਆਂ ਅੱਗੇ ਨਹੀਂ ਝੁਕੇਗਾ। ਅਸੀਂ ‘ਆਪ’ ਸਰਕਾਰ ਦੀਆਂ ਪੰਜਾਬ ਅਤੇ ਸਿੱਖ ਵਿਰੋਧੀ ਨੀਤੀਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ।’’
ਅਕਾਲੀ ਆਗੂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦਾ ਫਤਵਾ ਪ੍ਰਾਪਤ ਕਰਨ ਲਈ ਕਈ ਵਾਅਦੇ ਕੀਤੇ, ਜਿਨ੍ਹਾਂ ਵਿੱਚ ਕਿਸਾਨਾਂ ਨੂੰ ਮੁਫ਼ਤ ਬਿਜਲੀ, ਬਜ਼ੁਰਗਾਂ ਲਈ ਪੈਨਸ਼ਨਾਂ, ਆਟਾ-ਦਾਲ ਸਕੀਮ, ਸ਼ਗਨ ਸਹਾਇਤਾ ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਵਜ਼ੀਫ਼ੇ, ਇੰਦਰਾ ਗਾਂਧੀ ਨਹਿਰ ਤੋਂ ਰਾਜਸਥਾਨ ਨੂੰ ਪਾਣੀ ਰੋਕਣਾ ਅਤੇ ਸੂਬੇ ਵਿੱਚ ਕਈ ਮੈਡੀਕਲ ਅਤੇ ਤਕਨੀਕੀ ਕਾਲਜ ਸਥਾਪਤ ਕਰਨਾ ਸ਼ਾਮਲ ਹੈ।

