24.06 F
New York, US
December 15, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ਹੀਦੀ ਜੋੜ ਮੇਲ ਸਬੰਧੀ ਵਿਧਾਇਕ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਸ਼੍ਰੀ ਚਮਕੌਰ ਸਾਹਿਬ- ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ 20, 21 ਅਤੇ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਸਬੰਧੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸ਼ਹੀਦੀ ਜੋੜ ਮੇਲ ਦੌਰਾਨ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਧਾਇਕ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚੋਂ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਲਗਾਤਾਰ ਦਸਤਾਰਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਆਮ ਆਦਮੀ ਪਾਰਟੀ ਵੱਲੋਂ 21 ਦਸੰਬਰ ਨੂੰ ਦਸਤਾਰਬੰਦੀ ਦਾ ਕੈਂਪ ਲਗਾਇਆ ਜਾਵੇਗਾ, ਜਿਸ ਦੌਰਾਨ ਨੌਜਵਾਨਾਂ ਨੂੰ ਦਸਤਾਰਾਂ ਭੇਂਟ ਕੀਤੀਆਂ ਜਾਣਗੀਆਂ। ਪੰਜਾਬ ਵਿੱਚ ਜਿਸ ਤਰ੍ਹਾਂ ਵੱਡੇ ਪੱਧਰ ’ਤੇ ਧਰਮ ਪਰਿਵਰਤਨ ਦੀ ਲਹਿਰ ਚੱਲ ਰਹੀ ਹੈ। ਉਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚੋਂ ਸਿੱਖੀ ਅਤੇ ਦਸਤਾਰ ਅਲੋਪ ਹੋ ਜਾਵੇਗੀ ਜਿਸ ਲਈ ਸਮੂਹ ਸਿੱਖਾਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਚਮਕੌਰ ਸਾਹਿਬ ਦੇ ਜੋੜ ਮੇਲ ਵਿੱਚ ਸ਼ਾਮਿਲ ਹੋ ਕੇ ਕੱਚੀ ਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਅਪੀਲ ਵੀ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਮੌਕੇ ’ਤੇ ਵੱਖ- ਵੱਖ ਪਿੰਡਾਂ ਵੱਲੋਂ ਲਗਾਏ ਜਾਣ ਵਾਲੇ ਲੰਗਰਾਂ ਸਬੰਧੀ ਵੀ ਲੰਗਰ ਕਮੇਟੀਆਂ ਨੂੰ ਲੰਗਰਾਂ ਵਿੱਚ ਸਾਦਾ ਲੰਗਰ ਵਰਤਾਉਣ ਅਤੇ ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਰੱਖਣ ਲਈ ਕਿਹਾ ਗਿਆ ਹੈ ਅਤੇ ਇਸਦੇ ਨਾਲ ਹੀ ਚਮਕੌਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਸੜਕਾਂ, ਸਫਾਈ, ਟ੍ਰੈਫਿਕ ਸਬੰਧੀ, ਰਿਹਾਇਸ਼ ’ਤੇ ਲੰਗਰ ਸਬੰਧੀ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਵੱਖ – ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਸ਼ਹੀਦੀ ਜੋੜ ਮੇਲ ਨੂੰ ਲੈ ਕੇ ਪੁਲੀਸ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਡੀਐਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ਦੌਰਾਨ 500 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਜਿਨ੍ਹਾਂ ਵਿੱਚ 2 ਐਸ.ਪੀ.,6 ਡੀ.ਐਸ.ਪੀ ਅਤੇ 450 ਦੇ ਕਰੀਬ ਹੋਰ ਪੁਲੀਸ ਮੁਲਾਜ਼ਮ ਤਾਇਨਾਤ ਰਹਿਣਗੇ।

ਉਨ੍ਹਾਂ ਦੱਸਿਆ ਕਿ ਪੂਰੇ ਚਮਕੌਰ ਸਾਹਿਬ ਨੂੰ 6 ਵੱਖ- ਵੱਖ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਸ਼ਹਿਰ ਵਿੱਚ 4 ਵਾਚ ਟਾਵਰ ਲਗਾਏ ਗਏ ਹਨ ਅਤੇ ਸ਼ਹਿਰ ਵਿੱਚ 50 ਸੀਸੀਟੀਵੀ ਕੈਮਰੇ ਲੱਗਣ ਨਾਲ ਸ਼ਰਾਰਤੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਬੀਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ, ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆ, ਕੌਂਸਲਰ ਭੁਪਿੰਦਰ ਸਿੰਘ ਭੂਰਾ, ਸਰਪੰਚ ਹਰਿੰਦਰ ਸਿੰਘ ਕਾਕਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਟੰਡਨ ਆਦਿ ਹਾਜ਼ਰ ਸਨ।

Related posts

ਮਿਆਂਮਾਰ ’ਚ ਭੂਚਾਲ: ਆਪਣਿਆਂ ਦੀ ਭਾਲ ’ਚ ਜੁਟੇ ਲੋਕ

On Punjab

ਪਾਕਿਸਤਾਨ ਵੱਲੋਂ 10,000 ਸਿੱਖਾਂ ਨੂੰ ਵੀਜ਼ੇ ਦੇਣ ਦਾ ਐਲਾਨ

On Punjab

ਹੁਣ ਮਨਜਿੰਦਰ ਸਿਰਸਾ ਦਾ ਕੁਟਾਪਾ, ਪੱਗ ਵੀ ਲੱਥੀ

On Punjab