ਨਾਭਾ- 2016 ਵਿਚ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਤੋੜ ਕੇ ਫਰਾਰ ਹੋਣ ਵਾਲਾ ਗੁਰਪ੍ਰੀਤ ਸਿੰਘ ਸੇਖੋਂ ਅੱਜ ਕਾਨੂੰਨੀ ਤਰੀਕੇ ਨਾਲ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਬਾਹਰ ਆ ਗਿਆ। ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਬੀ.ਐਨ.ਐਸ.ਐਸ ਦੀ ਧਾਰਾ 126 ਤੇ 170 ਤਹਿਤ ਫਿਰੋਜ਼ਪੁਰ ਪੁਲੀਸ ਨੇ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਸੀ। ਇਸ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਉੱਪਰ ਤੁਰੰਤ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ ਸਨ। ਗੁਰਪ੍ਰੀਤ ਸੇਖੋਂ ਦੀ ਪਤਨੀ ਅਤੇ ਇੱਕ ਰਿਸ਼ਤੇਦਾਰ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪਰਿਸ਼ਦ ਚੋਣਾਂ ਲੜ ਰਹੇ ਹਨ।
ਜੇਲ੍ਹ ਤੋਂ ਬਾਹਰ ਆਏ ਗੁਰਪ੍ਰੀਤ ਸੇਖੋਂ ਨੇ ਅਦਾਲਤ ਦਾ ਧੰਨਵਾਦ ਕੀਤਾ। ਬਦਲੀ ਦਿੱਖ ਅਤੇ ਸ਼ਖ਼ਸੀਅਤ ਵਾਲੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਦੋ ਦਰਜਨ ਵਿਅਕਤੀਆਂ ਨੇ 2016 ਵਿਚ ਨਾਭਾ ਜੇਲ੍ਹ ਉੱਪਰ ਹਮਲਾ ਕਰਕੇ ਉਸ ਨੂੰ ਤੇ ਪੰਜ ਹੋਰ ਕੈਦੀਆਂ ਨੂੰ ਭਜਾ ਲਿਆ ਸੀ। ਸੇਖੋਂ ਮੁਤਾਬਕ ਉਹ ਆਪਣਾ ਅਤੀਤ ਪਿੱਛੇ ਛੱਡ ਕੇ ਹੁਣ ਨਵੀਂ ਜ਼ਿੰਦਗੀ ਵੱਲ ਵੱਧ ਚੁੱਕਾ ਹੈ। ਸੇਖੋਂ ਨੇ ਆਪਣੀ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਦੱਸਿਆ।

