ਫਗਵਾੜਾ- ਇਥੋਂ ਦੇ ਹਦੀਆਬਾਦ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸਬਾਜ਼ੀ ਤੋਂ ਬਾਅਦ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਵਿਨਾਸ਼ ਉਰਫ਼ ਗੋਲੂ (30) ਪੁੱਤਰ ਨੰਦ ਲਾਲ ਵਾਸੀ ਹਦੀਆਬਾਦ ਵਜੋਂ ਹੋਈ ਹੈ। ਪੀੜਤ ਦੇ ਭਰਾ ਕਰਨ ਨੇ ਦੱਸਿਆ ਕਿ ਉਹ ਹਦੀਆਬਾਦ ਦੇ ਰਹਿਣ ਵਾਲੇ ਹਨ ਅਤੇ ਉਸ ਦਾ ਭਰਾ ਤੇ ਸਾਥੀ ਇਕੱਠੇ ਬੈਠੇ ਸਨ। ਇਸ ਦੌਰਾਨ ਇਨ੍ਹਾਂ ਦੀ ਆਪਸ ’ਚ ਕਿਸੇ ਗੱਲੋਂ ਬਹਿਸ ਹੋ ਗਈ ਤੇ ਕੁਝ ਨੌਜਵਾਨ ਜੋ ਕਰੇਟਾ ਗੱਡੀ ’ਚ ਸਵਾਰ ਹੋ ਕੇ ਆਏ ਸਨ, ਨੇ ਗੋਲੀ ਚੱਲਾ ਦਿੱਤੀ।
ਕਰਨ ਨੇ ਦੱਸਿਆ ਕਿ ਇਸ ਮਗਰੋਂ ਤਿੰਨੋਂ ਨੌਜਵਾਨ ਕਾਲੇ ਰੰਗ ਦੀ ਕਰੇਟਾ ਗੱਡੀ ’ਚ ਫਰਾਰ ਹੋ ਗਏ। ਜ਼ਖ਼ਮੀ ਅਵਿਨਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਿਵਲ ਹਸਪਤਾਲ ਵਿਚ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਨੌਜਵਾਨ ਦੀ ਹਸਪਤਾਲ ਪੁੱਜਣ ਤੋਂ ਪਹਿਲਾ ਹੀ ਮੌਤ ਹੋ ਚੁੱਕੀ ਸੀ ਤੇ ਪੁਲੀਸ ਵਲੋਂ ਲਾਸ਼ ਨੂੰ ਮੋਰਚੀ ’ਚ ਰੱਖਵਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਢੋਲੀ ਦਾ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀ.ਐਸ.ਪੀ, ਐਸ.ਐਚ.ਓ ਤੇ ਹੋਰ ਪੁਲੀਸ ਕਰਮੀ ਮੌਕੇ ’ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਪੁਲੀਸ ਵਲੋਂ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

