ਪਾਕਿਸਤਾਨ- ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ 20 ਨੁਕਾਤੀ ਗਾਜ਼ਾ ਸ਼ਾਂਤੀ ਯੋਜਨਾ ਤੋਂ ਦੂਰੀ ਬਣਾ ਲਈ । ਪਾਕਿਸਤਾਨ ਨੇ ਗਾਜ਼ਾ ਵਿੱਚ ਜੰਗਬੰਦੀ ਦੀ ਟਰੰਪ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਟਰੰਪ ਦੀ ਗਾਜ਼ਾ ਜੰਗਬੰਦੀ ਯੋਜਨਾ ਮੁਸਲਿਮ ਦੇਸ਼ਾਂ ਦੇ ਖਰੜੇ ਵਰਗੀ ਨਹੀਂ ਹੈ।
ਡਾਰ ਨੇ ਕਿਹਾ ਕਿ ਇਸਲਾਮੀ ਦੇਸ਼ਾਂ ਨੇ 22 ਸਤੰਬਰ ਨੂੰ ਟਰੰਪ ਨਾਲ ਹੋਈ ਮੀਟਿੰਗ ਵਿੱਚ ਗਾਜ਼ਾ ਤੋਂ ਪੂਰੀ ਤਰ੍ਹਾਂ ਇਜ਼ਰਾਈਲੀ ਵਾਪਸੀ ਦਾ ਪ੍ਰਸਤਾਵ ਰੱਖਿਆ ਸੀ। ਟਰੰਪ ਦੀ ਯੋਜਨਾ ਵਿੱਚ ਸਿਰਫ਼ ਫੌਜਾਂ ਦੀ ਅੰਸ਼ਕ ਵਾਪਸੀ ਦੀ ਮੰਗ ਕੀਤੀ ਗਈ ਹੈ, ਤਾਂ ਕਿ ਹਮਾਸ ਦੁਆਰਾ ਰੱਖੇ ਗਏ ਬਾਕੀ ਬੰਧਕਾਂ ਨੂੰ ਰਿਹਾਅ ਕੀਤਾ ਜਾ ਸਕੇ।
ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੀਤਾ ਹੈ ਸਮਰਥਨ: 29 ਸਤੰਬਰ ਨੂੰ ਟਰੰਪ ਨੇ ਗਾਜ਼ਾ ਜੰਗ ਨੂੰ ਖ਼ਤਮ ਕਰਨ ਲਈ 20-ਨੁਕਾਤੀ ਯੋਜਨਾ ਪੇਸ਼ ਕੀਤੀ। ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ X ’ਤੇ ਪੋਸਟ ਕਰਕੇ ਇਸ ਯੋਜਨਾ ਦਾ ਸਮਰਥਨ ਕੀਤਾ। ਅੱਠ ਇਸਲਾਮੀ ਦੇਸ਼ਾਂ ਮਿਸਰ, ਇੰਡੋਨੇਸ਼ੀਆ, ਜਾਰਡਨ, ਕਤਰ, ਸਾਊਦੀ ਅਰਬ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ ਨੇ ਟਰੰਪ ਦੇ ਪ੍ਰਸਤਾਵ ਦਾ ਸਵਾਗਤ ਕਰਦੇ ਹੋਏ ਇੱਕ ਸਾਂਝਾ ਬਿਆਨ ਜਾਰੀ ਕੀਤਾ ਸੀ।
ਇਸਹਾਕ ਡਾਰ ਦਾ ਬਿਆਨ: ਇਸਹਾਕ ਡਾਰ ਨੇ ਪਾਕਿਸਤਾਨ ਦੀ ਕੌਂਮੀ ਅਸੈਂਬਲੀ ਵਿੱਚ ਬੋਲਦੇ ਹੋਏ ਕਿਹਾ ਕਿ ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਜੰਗ ਨੂੰ ਖ਼ਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ 20-ਨੁਕਾਤੀ ਯੋਜਨਾ ਮੁਸਲਿਮ ਬਹੁਗਿਣਤੀ ਦੇਸ਼ਾਂ ਦੇ ਸਮੂਹ ਦੁਆਰਾ ਪੇਸ਼ ਕੀਤੇ ਗਏ ਖਰੜੇ ਨਾਲ ਮੇਲ ਨਹੀਂ ਖਾਂਦੀ। ਇਸ ਵਿੱਚ ਕਈ ਬਦਲਾਅ ਕੀਤੇ ਗਏ ਹਨ।
ਟਰੰਪ ਦੀ ਚੇਤਾਵਨੀ- ਜ਼ਿਕਰਯੋਗ ਹੈ ਕਿ ਟਰੰਪ ਨੇ ਹਮਾਸ ਨੂੰ ਇਸ ਯੋਜਨਾ ਨੂੰ ਮਨਜ਼ੂਰੀ ਦੇਣ ਲਈ ਚਾਰ ਦਿਨ ਦਿੱਤੇ ਸਨ। ਇਹ ਸਮਾਂ ਸੀਮਾ ਅੱਜ ਖ਼ਤਮ ਹੋ ਰਹੀ ਹੈ।ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਮਾਸ ਸਹਿਮਤ ਹੁੰਦਾ ਹੈ ਤਾਂ ਇਹ ਠੀਕ ਰਹੇਗਾ, ਨਹੀਂ ਤਾਂ ਇਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਜੇਕਰ ਹਮਾਸ ਇਸ ਯੋਜਨਾ ਨਾਲ ਸਹਿਮਤ ਨਹੀਂ ਹੁੰਦਾ ਹੈ ਤਾਂ ਇਜ਼ਰਾਈਲ ਨੂੰ ਇਸ ਨੂੰ ਤਬਾਹ ਕਰਨ ਦਾ ਅਧਿਕਾਰ ਹੈ ਅਤੇ ਅਮਰੀਕਾ ਇਸਦਾ ਸਮਰਥਨ ਕਰੇਗਾ।

