ਕੈਨੇਡਾ- ਕਲਮਾਂ ਦੀ ਸਾਂਝ ਸਾਹਿਤ ਸਭਾ ਕੈਨੇਡਾ ਵਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੂੰ ਉਨ੍ਹਾਂ ਦੀ ਸਮੁੱਚੀ ਸਾਹਿਤ ਰਚਨਾ ਉੱਪਰ ਸਤਿਗੁਰੂ ਰਾਮ ਸਿੰਘ ਲਾਈਫ ਟਾਈਮ ਐਚੀਵਮੈਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸੇ ਸਮਾਗਮ ਵਿੱਚ ਹਰਦਿਆਲ ਸਿੰਘ ਝੀਤਾ ਦੀ ਪੁਸਤਕ ‘ਤੇਰੇ ਬਾਝੋਂ’ ਨੂੰ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਪ੍ਰਧਾਨਗੀ ਭਾਸ਼ਣ ਵਿੱਚ ਕਹਾਣੀਕਾਰ ਵਰਿਆਮ ਸੰਧੂ ਨੇ ਕਿਹਾ ਕਿ ਸਰਵਣ ਸਿੰਘ ਪੰਜਾਬੀ ਵਾਰਤਕ ਦਾ ਉੱਚਾ ਬੁਰਜ ਹੈ। ਖੇਡ ਜਗਤ ਬਾਰੇ ਲਗਾਤਾਰ ਉਸ ਨੇ ਇੰਨੀ ਠੁਕਦਾਰ ਸ਼ੈਲੀ ਵਿਚ ਲਿਖਿਆ ਕਿ ਖੇਡਾਂ ਦੀ ਦੁਨੀਆ ਦਾ ਹੁਸਨ ਹੀ ਹੋਰ ਹੋ ਗਿਆ। ਉਸ ਦੀਆਂ ਰਚਨਾਵਾਂ ਨੇ ਪਾਠਕਾਂ ਅੰਦਰਲਾ ਖਿਡਾਰੀ ਜੋ ਅਲੋਪ ਹੋ ਚੁੱਕਾ ਸੀ ਮੁੜ ਸੁਰਜੀਤ ਕਰ ਦਿੱਤਾ ਹੈ।
ਸੰਧੂ ਨੇ ਕਿਹਾ ਸਰਵਣ ਨੇ ਖੇਡਾਂ ਤੋਂ ਇਲਾਵਾ ਸਾਹਿਤ ਦੇ ਰੂਪ ਵਾਰਤਕ ਕਹਾਣੀ ਵਿਚ ਵੀ ਸਿਖਰਾਂ ਛੋਹੀਆਂ ਹਨ। ਖ਼ਾਸ ਕਰ ਉਨ੍ਹਾਂ ਵੱਲੋਂ ਲਿਖੇ ਰੇਖਾ ਚਿੱਤਰ ਬਹੁਤ ਸ਼ਾਨਦਾਰ ਹਨ। ਮੁੱਕਦੀ ਗੱਲ ਉਨ੍ਹਾਂ ਦੀਆਂ ਲਿਖਤਾਂ ਵਿੱਚ ਬਹੁਰੰਗੇ ਝਲਕਾਰੇ ਦ੍ਰਿਸ਼ਟੀਮਾਨ ਹੁੰਦੇ ਹਨ। ਸਤਿਗੁਰ ਰਾਮ ਸਿੰਘ ਯਾਦਗਾਰੀ ਪੁਰਸਕਾਰ ਲਈ ਸਰਵਣ ਸਿੰਘ ਦਾ ਕਿਰਦਾਰ ਵੀ ਉੱਚਾ ਸੁੱਚਾ ਹੈ। ਪ੍ਰਬੰਧਕਾਂ ਨੇ ਉਨ੍ਹਾਂ ਦੀ ਚੋਣ ਕਰਕੇ ਸਹੀ ਫ਼ੈਸਲਾ ਕੀਤਾ ਹੈ।
ਸੰਧੂ ਨੇ ਕਿਹਾ ਕਿ ਹਰਦਿਆਲ ਸਿੰਘ ਝੀਤਾ ਦੀ ਪੁਸਤਕ ‘ਤੇਰੇ ਬਾਝੋਂ’ ਵਿਚਲੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ’ਤੇ ਪੂਰਾ ਉੱਤਰਦੀਆਂ ਹਨ। ਉਨ੍ਹਾਂ ਸਮਾਜ ਦੇ ਹਰ ਤਰ੍ਹਾਂ ਦੇ ਦੁੱਖਾਂ ਨੂੰ ਇਸ ਵਿੱਚ ਪਰੋਇਆ ਹੈ। ਉਨ੍ਹਾਂ ਕਿਹਾ ਕਿ ਝੀਤਾ ਨੇ ਸਮੇਂ ਅਨੁਸਾਰ ਵਿਸ਼ੇ ਚੁਣੇ ਹਨ।
ਪ੍ਰਿੰਸੀਪਲ ਸਰਵਣ ਸਿੰਘ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਤਿਗੁਰ ਰਾਮ ਸਿੰਘ ਸਿੱਖ ਸਿਮਰਤੀਆਂ ਵਿਚ ਆਪਣੇ ਉੱਚੇ ਸੁੱਚੇ ਜੀਵਨ ਕਰਕੇ ਸਮਾਏ ਹੋਏ ਹਨ। ਉਨ੍ਹਾਂ ਦੇ ਨਾਂ ’ਤੇ ਪਲੇਕ ਮਿਲਣੀ ਧੰਨਭਾਗ ਹੈ। ਉਨ੍ਹਾਂ ਦੱਸਿਆ ਕਿ 1956 ਤੋਂ ਲਿਖਣਾ ਸ਼ੁਰੂ ਕੀਤਾ ਤੇ ਅੱਜ ਤੱਕ ਲਿਖ ਰਹੇ ਹਨ। ਉਨ੍ਹਾਂ ਤਿੰਨ ਦਰਜਨ ਤੋਂ ਵਧੇਰੇ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਡਾਕਟਰ ਹਰਿਭਜਨ ਸਿੰਘ ਨੇ ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖਣ ਲਈ ਪ੍ਰੇਰਨਾ ਦਿੱਤੀ, ਪਰ ਉਹ ਪੰਜਾਬੀ ਲਈ ਬਜ਼ਿਦ ਰਹੇ ਤੇ ਪੰਜਾਬੀਆਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ।
ਇਸ ਮੌਕੇ ਸਰਵਣ ਸਿੰਘ ਨੂੰ ਸਨਮਾਨ ਵਿੱਚ ਮਿਲੀ ਨਕਦ ਰਾਸ਼ੀ ਉਨ੍ਹਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਐਲਾਨ ਦਿੱਤੀ। ਉਨ੍ਹਾਂ ਸਨਮਾਨ ਚਿੰਨ ਤੇ ਸ਼ਾਲ ਹੀ ਆਪਣੇ ਕੋਲ ਰੱਖਿਆ। ਇਸ ਮੌਕੇ ਕਿਰਪਾਲ ਸਿੰਘ ਪੰਨੂ, ਪ੍ਰੋਫੈਸਰ ਰਾਮ ਸਿੰਘ, ਸਤਪਾਲ ਜੌਹਲ, ਇੰਦਰਜੀਤ ਬੱਲ, ਸੁਖਵਿੰਦਰ ਸਿੰਘ, ਦਲਬੀਰ ਸਿੰਘ ਕਥੂਰੀਆ, ਪਿਆਰਾ ਸਿੰਘ ਕੁਦੋਵਾਲ, ਪ੍ਰੋ. ਜਗੀਰ ਸਿੰਘ ਕਾਹਲੋਂ, ਹਰਜੀਤ ਸਿੰਘ ਬਾਜਵਾ, ਪਰਮਜੀਤ ਕੌਰ ਦਿਓਲ, ਕੁਲਵਿੰਦਰ ਸਿੰਘ ਮੰਡ, ਡਾ. ਬਲਵਿੰਦਰ ਸਿੰਘ ਧਾਲੀਵਾਲ, ਰੂਪ ਕੌਰ ਕਾਹਲੋਂ, ਸੁਰਜੀਤ ਕੌਰ ਕੁਦੋਵਾਲ, ਜਸਵਿੰਦਰ ਸਿੰਘ ਬਿਟਾ, ਕਰਨੈਲ ਮਰਵਾਹਾ, ਬਲਵੀਰ ਕੌਰ ਰਾਏਕੋਟੀ, ਰਿੰਟੂ ਭਾਟੀਆ ਆਦਿ ਨੇ ਸਰਵਣ ਸਿੰਘ ਦੀ ਸ਼ਖ਼ਸੀਅਤ ਬਾਰੇ ਅਤੇ ਝੀਤਾ ਦੀ ਪੁਸਤਕ ਬਾਰੇ ਉਸਾਰੂ ਚਰਚਾ ਕੀਤੀ।
ਵੀਡੀਓ ਸੁਨੇਹੇ ਰਾਹੀਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਤੋਂ ਡਾ. ਹਰਪ੍ਰੀਤ ਕੌਰ ਬਦੇਸ਼ਾ ਅਤੇ ਸੰਦੀਪ ਕੌਰ ਸੇਖੋਂ ਨੇ ਪ੍ਰਿੰਸੀਪਲ ਸਰਵਣ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਯਾਦਗਾਰੀ ਪੁਰਸਕਾਰ ਮਿਲਣ ’ਤੇ ਉਚੇਚੇ ਤੌਰ ਤੇ ਵਧਾਈ ਦਿੱਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਿਆਰਾ ਸਿੰਘ ਕੁਦੋਵਾਲ ਨੇ ਬਾਖੂਬੀ ਨਿਭਾਈ। ਅਖੀਰ ਵਿੱਚ ਹਰਦਿਆਲ ਸਿੰਘ ਝੀਤਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

