ਫਰੀਦਕੋਟ- ਫਰੀਦਕੋਟ ਵਿਖੇ ਸੁਤੰਤਰਤਾ ਦਿਵਸ ਤੇ ਸੂਬਾ ਪੱਧਰੀ ਸਮਾਗਮ ਵਿੱਚ ਜ਼ਿਲ੍ਹਾ ਪੁਲੀਸ ਨੇ ਇੱਕ ਅਜਿਹੇ ਪੁਲੀਸ ਮੁਲਾਜ਼ਮ ਦਾ ਨਾਮ ਸਨਮਾਨ ਲਈ ਮੁੱਖ ਮੰਤਰੀ ਨੂੰ ਭੇਜਿਆ ਹੋਇਆ ਹੈ ਜਿਸ ’ਤੇ ਕਥਿਤ ਤੌਰ ਤੇ ਨਸ਼ੇ ਅਤੇ ਅਸਲਾ ਤਸਕਰੀ ਦੇ ਕੰਮ ਕਰਨ ਵਾਲੇ ਗਰੋਹ ਨਾਲ ਸਬੰਧ ਸਬੰਧ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਡੀਜੀਪੀ ਪੰਜਾਬ ਨੇ ਪੱਤਰ ਨੰਬਰ 1167 ਜਾਰੀ ਕਰਕੇ ਜ਼ਿਲ੍ਹਾ ਪੁਲੀਸ ਨੂੰ ਸੂਚਿਤ ਕੀਤਾ ਸੀ ਕਿ ਉਸ ਦੀ ਖੁਫੀਆ ਜਾ ਰਿਪੋਰਟ ਅਨੁਸਾਰ ਫਰੀਦਕੋਟ ਦੇ ਸੀਆਈਏ ਸਟਾਫ ਵਿੱਚ ਤੈਨਾਤ ਸੀਨੀਅਰ ਸਿਪਾਹੀ ਕਥਿਤ ਤੌਰ ’ਤੇ ਹੈਰੋਇਨ ਅਤੇ ਅਸਲੇ ਦੀ ਤਸਕਰੀ ਕਰ ਰਹੇ ਅਮਰਜੀਤ ਸਿੰਘ ਅਤੇ ਰਮਨਦੀਪ ਸਿੰਘ ਨਾਲ ਨਜ਼ਦੀਕੀ ਸਬੰਧ ਹਨ ਅਤੇ ਇਸ ਉੱਪਰ ਕਰੜੀ ਨਜ਼ਰ ਰੱਖੀ ਜਾਵੇ।
ਪ੍ਰੰਤੂ ਜ਼ਿਲ੍ਹਾ ਪੁਲੀਸ ਨੇ ਡੀਜੀਪੀ ਦੀ ਇਹ ਸੂਚਨਾ ਨੂੰ ਦਰਕਿਨਾਰ ਕਰਦਿਆਂ ਸੀਆਈਏ ਸਟਾਫ ਵਿੱਚ ਤਾਇਨਾਤ ਆਪਣੇ ਸੀਨੀਅਰ ਸਿਪਾਹੀ ਨੂੰ 15 ਅਗਸਤ ਮੌਕੇ ਸਨਮਾਨਿਤ ਕਰਨ ਲਈ ਉਸ ਦਾ ਨਾਮ ਲਿਸਟ ਵਿੱਚ ਪਾਇਆ ਹੈ ਅਤੇ ਇਸ ਲਿਸਟ ਨੂੰ ਫਾਈਨਲ ਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 15 ਅਗਸਤ ਨੂੰ ਫਰੀਦਕੋਟ ਵਿਖੇ ਸੁਤੰਤਰਤਾ ਦਿਵਸ ਦੇ ਸੂਬਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਲਈ ਆ ਰਹੇ ਹਨ। ਜ਼ਿਲ੍ਹਾ ਪੁਲੀਸ ਮੁਖੀ ਪ੍ਰਗਿਆ ਜੈਨ ਨੇ ਇਸ ਮਾਮਲੇ ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।