PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਟਨਾ: ਆਈਸੀਯੂ ’ਚ ਦਾਖ਼ਲ ਗੈਂਗਸਟਰ ਚੰਦਨ ਮਿਸ਼ਰਾ ਦੀ ਗੋਲੀਆਂ ਮਾਰ ਕੇ ਹੱਤਿਆ

ਪਟਨਾ- ਪਟਨਾ ਦੇ ਪਾਰਸ ਹਸਪਤਾਲ ਵਿਚ ਅੱਜ ਸਵੇਰੇ ਪੰਜ ਹਥਿਆਰਬੰਦ ਵਿਅਕਤੀਆਂ ਨੇ ਗੈਂਗਸਟਰ ਚੰਦਨ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿਸ਼ਰਾ, ਜੋ ਇਸ ਵੇਲੇ ਪੈਰੋਲ ’ਤੇ ਸੀ, ਆਈਸੀਯੂ ਵਿਚ ਦਾਖ਼ਲ ਸੀ। ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹਮਲੇ ਦੀ ਫੁਟੇਜ ਨੇ ਬਿਹਾਰ ਵਿਚ ਅਮਨ ਤੇ ਕਾਨੂੰਨ ਦੀ ਵਿਗੜਦੀ ਸਥਿਤੀ ਤੇ ਲੋਕ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

ਪੁਲੀਸ ਮੁਤਾਬਕ ਹਮਲਾਵਰ ਬੜੇ ਆਰਾਮ ਨਾਲ ਹਸਪਤਾਲ ਵਿਚ ਦਾਖਲ ਹੋਏ। ਉਹ ਮਿਸ਼ਰਾ ਦੇ ਕੈਬਿਨ ਵਿਚ ਗਏ, ਗੋਲੀਆਂ ਚਲਾਈਆਂ ਤੇ ਮਿੰਟਾਂ ਵਿਚ ਮੌਕੇ ਤੋਂ ਰਫੂਚੱਕਰ ਹੋ ਗਏ। ਮਿਸ਼ਰਾ ਬਕਸਰ ਜ਼ਿਲ੍ਹੇ ਦਾ ਵਸਨੀਕ ਤੇ ਕਈ ਕੇਸਾਂ ਵਿਚ ਮੁੁਲਜ਼ਮ ਸੀ। ਉਸ ਨੂੰ ਕਈ ਗੋਲੀਆਂ ਲੱਗੀਆਂ ਤੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।ਐੱਸਐੱਸਪੀ ਕਾਰਤੀਕੇ ਸ਼ਰਮਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਸ ਪਿੱਛੇ ਚੰਦਨ ਸ਼ੇਰੂ ਗਰੋਹ ਦਾ ਹੱਥ ਲੱਗਦਾ ਹੈ। ਸ਼ਰਮਾ ਨੇ ਕਿਹਾ, ‘‘ਅਸੀਂ ਹਮਲਾਵਰਾਂ ਦੀ ਪਛਾਣ ਤੇ ਉਨ੍ਹਾਂ ਦੀ ਪੈੜ ਨੱਪਣ ਲਈ ਬਕਸਰ ਪੁਲੀਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’ ਪੁਲੀਸ ਇਹ ਜਾਂਚ ਵੀ ਕਰ ਰਹੀ ਹੈ ਕਿ ਇਸ ਹਮਲੇ ਵਿਚ ਹਸਪਤਾਲ ਸਟਾਫ ਜਾਂ ਸੁਰੱਖਿਆ ਮੁਲਾਜ਼ਮਾਂ ਦਾ ਕੋਈ ਹੱਥ ਤਾਂ ਨਹੀਂ ਸੀ।

ਇੱਕ ਨਿੱਜੀ ਹਸਪਤਾਲ ਵਿੱਚ ਦਿਨ ਦਿਹਾੜੇ ਹੋਏ ਇਸ ਕਤਲ ਨਾਲ ਲੋਕਾਂ ਵਿਚ ਰੋਸ ਹੈ ਤੇ ਉਨ੍ਹਾਂ ਸੂਬਾ ਸਰਕਾਰ ਦੇ ਅਪਰਾਧ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ਦੀ ਆਲੋਚਨਾ ਕੀਤੀ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ, ਪਟਨਾ ਵਿੱਚ ਕਈ ਹਾਈ-ਪ੍ਰੋਫਾਈਲ ਕਤਲ ਹੋਏ ਹਨ, ਜਿਨ੍ਹਾਂ ਵਿੱਚ ਕਾਰੋਬਾਰੀ ਗੋਪਾਲ ਖੇਮਕਾ, ਭਾਜਪਾ ਨੇਤਾ ਸੁਰੇਂਦਰ ਕੇਵਟ ਅਤੇ ਵਕੀਲ ਜਤਿੰਦਰ ਮਹਿਤੋ ਸ਼ਾਮਲ ਹਨ।

ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ, “ਹਥਿਆਰਬੰਦ ਵਿਅਕਤੀ ਆਈਸੀਯੂ ਵਿੱਚ ਵੜ ਗਏ ਅਤੇ ਇੱਕ ਮਰੀਜ਼ ਨੂੰ ਗੋਲੀ ਮਾਰ ਦਿੱਤੀ। ਕੀ ਅੱਜ ਬਿਹਾਰ ਵਿੱਚ ਕਿਤੇ ਵੀ ਕੋਈ ਸੁਰੱਖਿਅਤ ਹੈ? 2005 ਤੋਂ ਪਹਿਲਾਂ ਅਜਿਹੀ ਸਥਿਤੀ ਨਹੀਂ ਸੀ।”ਉਧਰ ਉਪ ਮੁੱਖ ਮੰਤਰੀ ਵਿਜੈ ਸਿਨਹਾ ਨੇ ਇਸ ਘਟਨਾ ਨੂੰ ‘ਬਹੁਤ ਹੀ ਮੰਦਭਾਗਾ’ ਦੱਸਿਆ ਅਤੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ।

Related posts

ਬੌਲੀਵੁਡ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ

On Punjab

ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ਵਿੱਚ ਚੜ੍ਹਿਆ

On Punjab

Pakistan Blast : ਪਿਸ਼ਾਵਰ ਆਤਮਘਾਤੀ ਹਮਲੇ ਦੇ ਸ਼ੱਕੀ ਹਮਲਾਵਰ ਦਾ ਕੱਟਿਆ ਹੋਇਆ ਸਿਰ ਬਰਾਮਦ, ਹੁਣ ਤਕ 93 ਲੋਕਾਂ ਦੀ ਹੋਈ ਮੌਤ

On Punjab