75.94 F
New York, US
July 14, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਤਖ਼ਤ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ

ਸ੍ਰੀ ਆਨੰਦਪੁਰ ਸਾਹਿਬ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਮੁਲਾਕਾਤ ਕੀਤੀ ਗਈ। ਇਹਜਾਣਕਾਰੀ ਇਥੇ ਜਥੇਦਾਰ ਗੜਗੱਜ ਨੇ ਦਿੱਤੀ।

ਜਥੇਦਾਰ ਗੜਗੱਜ ਨੇ ਕਿਹਾ ਕਿ ਮੁਲਾਕਾਤ ਦੌਰਾਨ ਰਾਜਪਾਲ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਕਾਨੂੰਨ ਆਦਿ ਬਾਰੇ ਚਰਚਾ ਹੋਈ। ਇਸੇ ਤਰ੍ਹਾਂ ਚਮਕੌਰ ਸਾਹਿਬ ਦੇ ਨੇੜੇ ਪੇਪਰ ਫੈਕਟਰੀ ਅਤੇ ਮੱਤੇਵਾੜਾ ਜੰਗਲ ਨੇੜੇ ਵੱਸਦੇ ਗ਼ਰੀਬ ਪਰਿਵਾਰਾਂ ਦੇ ਉਜਾੜੇ, ਪੰਜਾਬ ਅੰਦਰ ਪੁਲੀਸ ਮੁਕਾਬਲੇ, ਧਰਮ ਪਰਿਵਰਤਨ ਆਦਿ ਜਿਹੇ ਅਹਿਮ ਮਾਮਲਿਆਂ ਉੱਤੇ ਵੀ ਵਿਚਾਰਾਂ ਹੋਈਆਂ।

ਮੀਡੀਆ ਨਾਲ ਗੱਲਬਾਦ ਕਰਦਿਆਂ ਜਥੇਦਾਰ ਗਿਆਨੀ ਗੜਗੱਜ ਨੇ ਕਿਹਾ ਕਿ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਬਹੁਤ ਸੁਖਾਵੇਂ ਮਾਹੌਲ ਵਿੱਚ ਪੂਰੀ ਗੱਲਬਾਤ ਹੋਈ, ਜਿਸ ਦੌਰਾਨ ਉਨ੍ਹਾਂ ਵੱਲੋਂ ਉਠਾਏ ਗਏ ਮਾਮਲਿਆਂ ਨੂੰ ਰਾਜਪਾਲ ਨੇ ਗੌਰ ਨਾਲ ਸੁਣਿਆ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਗੱਲ ਆਖੀ।

ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਅਜ਼ਾਦੀ ਦੇ ਸਿਧਾਂਤ ਨੂੰ ਦਰਸਾਉਂਦਿਆਂ ਚੰਗੇ ਤਰੀਕੇ ਨਾਲ ਮਨਾਈ ਜਾਣੀ ਚਾਹੀਦੀ ਹੈ। ਰਾਜਪਾਲ ਸ੍ਰੀ ਕਟਾਰੀਆ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਸ਼ਹੀਦੀ ਸ਼ਤਾਬਦੀ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ ਸਲਾਹ ਨਾਲ ਮਨਾਈ ਜਾਵੇ, ਕਿਉਂਕਿ ਇਹ ਸਿੱਖਾਂ ਦੀ ਨੁਮਾਇੰਦਾ ਕੇਂਦਰੀ ਧਾਰਮਿਕ ਸੰਸਥਾ ਹੈ।

ਜਥੇਦਾਰ ਗੜਗੱਜ ਨੇ ਦੱਸਿਆ ਕਿ ਉਨ੍ਹਾਂ ਰਾਜਪਾਲ ਕੋਲ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਲੱਗ ਰਹੀ ਪੇਪਰ ਫੈਕਟਰੀ ਦਾ ਮਾਮਲਾ ਵੀ ਉਠਾਇਆ, ਜਿਸ ਦਾ ਇਲਾਕੇ ਦੇ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੇ ਨੇੜੇ ਪ੍ਰਦੂਸ਼ਣ ਫੈਲੇਗਾ ਜੋ ਕਿ ਲੋਕਾਂ ਦੀ ਸਿਹਤ ਤੇ ਪੰਜਾਬ ਦੇ ਵਾਤਾਵਰਨ, ਹਵਾ ਤੇ ਪਾਣੀ ਲਈ ਠੀਕ ਨਹੀਂ ਹੈ।

ਜਥੇਦਾਰ ਗੜਗੱਜ ਨੇ ਮੱਤੇਵਾੜਾ ਜੰਗਲ ਦੇ ਨੇੜੇ ਵੱਸਦੇ ਗ਼ਰੀਬ ਪਰਿਵਾਰਾਂ ਦੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਜਾੜੇ ਦਾ ਮਾਮਲਾ ਵੀ ਰਾਜਪਾਲ ਪੰਜਾਬ ਦੇ ਕੋਲ ਉਠਾਇਆ, ਕਿਉਂਕਿ ਇਹ ਪਰਿਵਾਰ ਲੰਮੇ ਸਮੇਂ ਤੋਂ ਉੱਥੇ ਵੱਸੇ ਹੋਏ ਹਨ, ਜਿਸ ਕਾਰਨ ਉਨ੍ਹਾਂ ਨੂੰ ਉਜਾੜਨਾ ਵਾਜਬ ਨਹੀਂ।

ਬੇਅਦਬੀਆਂ ਸਬੰਧੀ ਕਾਨੂੰਨ ਵਿੱਚ ਕੀਤੀਆਂ ਜਾ ਰਹੀਆਂ ਸੋਧਾਂ ਬਾਰੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਹਨ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਹੈ, ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ।

ਜਥੇਦਾਰ ਗੜਗੱਜ ਨੇ ਰਾਜਪਾਲ ਕੋਲ ਪਿਛਲੇ ਸੱਤ ਮਹੀਨਿਆਂ ਅੰਦਰ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਮੁਕਾਬਲਿਆਂ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਅੰਦਰ ਲੋਕਾਂ ਨੂੰ ਨਿਆਂ ਦੇਣ ਲਈ ਅਦਾਲਤਾਂ ਹਨ ਤਾਂ ਫਿਰ ਸਜ਼ਾ ਵੀ ਅਦਾਲਤ ਨੂੰ ਹੀ ਦੇਣੀ ਚਾਹੀਦੀ ਹੈ ਅਤੇ ਮੁਕਾਬਲਿਆਂ ਵਿੱਚ ਕਿਸੇ ਨੂੰ ਸਜ਼ਾ ਦੇਣਾ ਗਲਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਬੋਹਰ ਅੰਦਰ ਹੋਇਆ ਵਪਾਰੀ ਦਾ ਕਤਲ ਬੇਹੱਦ ਮੰਦਭਾਗਾ ਹੈ ਤੇ ਅਮਨ ਕਾਨੂੰਨ ਨੂੰ ਦੇਖਣਾ ਸਰਕਾਰ ਦਾ ਕੰਮ ਹੈ।

ਉਨ੍ਹਾਂ ਕਿਹਾ ਕਿ ਅਬੋਹਰ ਮਾਮਲੇ ਨਾਲ ਸਬੰਧਤ ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪੁਲੀਸ ਮੁਕਾਬਲਿਆਂ ਨੂੰ ਝੂਠਾ ਕਿਹਾ ਜਾ ਰਿਹਾ ਹੈ ਅਤੇ ਉਹ ਇਨਸਾਫ਼ ਲਈ ਅਵਾਜ਼ ਉਠਾ ਰਹੇ ਹਨ। ਇਸ ਦਾ ਸੱਚ ਅਤੇ ਝੂਠ ਤਾਂ ਸਮੇਂ ਨਾਲ ਸਾਹਮਣੇ ਆਵੇਗਾ ਪਰ ਅਜਿਹੇ ਵਰਤਾਰੇ ਨੂੰ ਠੱਲ੍ਹ ਪੈਣੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਪੰਜਾਬ ਪੁਲੀਸ ਰਾਜ ਬਣਨ ਵੱਲ ਨਹੀਂ ਵਧਣਾ ਚਾਹੀਦਾ ਹੈ।

Related posts

ਰਾਜੇ’ ਨੂੰ ਮੌੜ ਦੀ ‘ਪਰਜਾ’ ਨੇ ਪੁੱਛੇ ਸਵਾਲ, ਵੜਿੰਗ ਨੂੰ ਛੱਡਣਾ ਪਿਆ ਮੰਚ

On Punjab

H3N2 ਵਾਇਰਸ ਦੇ ਖਤਰੇ ਦੌਰਾਨ ਅੱਜ ਹੋਵੇਗੀ ਸਰਕਾਰੀ ਬੈਠਕ, ਦੋ ਲੋਕਾਂ ਦੀ ਮੌਤ

On Punjab

ਵਿਧਾਨ ਸਭਾ ‘ਚ ਹੰਗਾਮੇ ‘ਤੇ ਭਗਵੰਤ ਮਾਨ ਕਾਂਗਰਸ ‘ਤੇ ਹੋਏ ਹਮਲਾਵਰ, ਕਿਹਾ- ਸਦਨ ਦਾ ਕੀਮਤੀ ਸਮਾਂ ਬਰਬਾਦ ਕਰ ਰਹੇ

On Punjab