ਚੰਡੀਗੜ੍ਹ- ਮਲੇਸ਼ੀਅਨ ਅਧਿਕਾਰੀਆਂ ਨੇ ਪਿਛਲੇ ਮਹੀਨੇ ਸੇਪਾਂਗ ਸਥਿਤ ਇੱਕ ਮੰਦਰ ਦੀ ਫੇਰੀ ਦੌਰਾਨ ਭਾਰਤੀ ਮੂਲ ਦੀ ਅਦਾਕਾਰਾ, ਮਾਡਲ ਤੇ ਟੈਲੀਵਿਜ਼ਨ ਮੇਜ਼ਬਾਨ ਲਿਸ਼ਾਲਿਨੀ ਕਨਾਰਨ (Lishalliny Kanaran) ਨਾਲ ਛੇੜਛਾੜ ਕਰਨ ਦੇ ਦੋਸ਼ੀ ਭਾਰਤੀ ਪੁਜਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਿਸ ਗ੍ਰੈਂਡ ਮਲੇਸ਼ੀਆ (Miss Grand Malaysia) 2021 ਦਾ ਖਿਤਾਬ ਜਿੱਤਣ ਵਾਲੀ ਕਨਾਰਨ ਨੇ ਇੱਕ ਜ਼ੋਦਰਾਰ ਤੇ ਲੰਬੀ-ਚੌੜੀ ਇੰਸਟਾਗ੍ਰਾਮ ਪੋਸਟ ਵਿੱਚ ਕਥਿਤ ਹਮਲੇ ਦਾ ਵੇਰਵਾ ਦਿੰਦਿਆਂ ਕਿਹਾ ਕਿ ਇਹ ਘਟਨਾ 21 ਜੂਨ ਨੂੰ ਮਲੇਸ਼ੀਆ ਦੇ ਭਾਰਤੀ ਭਾਈਚਾਰੇ ਦੇ ਬਹੁਤ ਹੀ ਸਤਿਕਾਰਤ ਮਰੀਅੰਮਾਨ ਮੰਦਰ (Mariamman Temple) ਵਿੱਚ ਵਾਪਰੀ ਸੀ।
ਉਸ ਦੇ ਅਨੁਸਾਰ, ਇਹ ਪੁਜਾਰੀ ਇੱਕ ਭਾਰਤੀ ਨਾਗਰਿਕ ਹੈ, ਜੋ ਅਸਥਾਈ ਤੌਰ ‘ਤੇ ਮੰਦਰ ਦੇ ਨਿਯਮਤ ਪੁਜਾਰੀ ਵਜੋਂ ਕੰਮ ਕਰਦਾ ਸੀ। ਉਹ ਅਸ਼ੀਰਵਾਦ ਤੇ ਵਿਸ਼ੇਸ਼ ਪੂਜਾ ਦੇ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਿਆ। ਮਾਡਲ ਨੇ ਕਿਹਾ ਕਿ ਉਹ ਧਾਰਮਿਕ ਸੋਚ ਵਾਲੀ ਨਹੀਂ ਹੈ ਤੇ ਧਾਰਮਿਕ ਅਭਿਆਸਾਂ ਤੇ ਕਿਰਿਆ-ਕਲਾਪਾਂ ਤੋਂ ਬਿਲਕੁਲ ਹੀ ਅਣਜਾਣ ਹੈ। ਪਰ ਹੁਣ ਉਸ ਨੇ ‘ਸ਼ਾਂਤੀ’ ਲਈ ਇਹ ਸਭ ਸਮਝਣ ਵਾਸਤੇ ਆਪਣੀ ਮਾਂ ਨਾਲ ਮੰਦਰ ਜਾਣਾ ਸ਼ੁਰੂ ਕੀਤਾ ਸੀ।
ਕਨਾਰਨ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਘਟਨਾ ਦੇ ਸਮੇਂ ਉਸ ਦੀ ਮਾਤਾ ਭਾਰਤ ਗਈ ਹੋਈ ਸੀ, ਜਿਸ ਕਾਰਨ ਉਹ ਇਕੱਲੀ ਹੀ ਮੰਦਰ ਚਲੀ ਗਈ, ਜਦੋਂ ਉਸ ਨਾਲ ਇਹ ਮੰਦਭਾਗੀ ਘਟਨਾ ਵਾਪਰੀ। ਉਸ ਨੇ ਕਿਹਾ, “ਪੁਜਾਰੀ ਨੇ ਕਿਹਾ ਕਿ ਉਸ ਕੋਲ ਭਾਰਤ ਤੋਂ ਲਿਆਂਦਾ ਪਵਿੱਤਰ ਜਨ ਅਤੇ ਹੋਰ ਪਵਿੱਤਰ ਚੀਜ਼ਾਂ ਹਨ। ਉਸ ਨੇ ਮੈਨੂੰ ਪ੍ਰਾਰਥਨਾ ਤੋਂ ਬਾਅਦ ਉਸਨੂੰ ਮਿਲਣ ਲਈ ਕਿਹਾ।”
ਉਸਨੇ ਦਾਅਵਾ ਕੀਤਾ ਕਿ ਪੁਜਾਰੀ ਉਸ ਨੂੰ ਆਪਣੇ ਨਿੱਜੀ ਦਫ਼ਤਰ ਵਿੱਚ ਲੈ ਗਿਆ। ਉਸਨੇ ਦੋਸ਼ ਲਗਾਇਆ ਕਿ ਪੁਜਾਰੀ ਨੇ ਉਸ ‘ਤੇ “ਤੇਜ਼ ਬਦਬੂਦਾਰ ਤਰਲ” ਛਿੜਕਿਆ ਜਿਸ ਨਾਲ ਉਸਦੀਆਂ ਅੱਖਾਂ ਵਿੱਚ ਜਲਣ ਹੋਈ ਅਤੇ ਫਿਰ ਉਸ ਨੂੰ ਗ਼ਲਤ ਢੰਗ ਨਾਲ ਛੂਹਿਆ ਤੇ ਛੇੜਖ਼ਾਨੀ ਕੀਤੀ। ਉਸ ਨੇ ਕਥਿਤ ਤੌਰ ‘ਤੇ ਉਸ ਨੂੰ ਆਪਣਾ ਪੰਜਾਬੀ ਸੂਟ ਲਾਹੁਣ ਲਈ ਕਿਹਾ ਤੇ ਦਾਅਵਾ ਕੀਤਾ ਕਿ ਉਹ ਅਜਿਹਾ ਉਸ (ਮਾਡਲ) ਦੀ ‘ਭਲਾਈ ਲਈ’ ਕਰ ਰਿਹਾ ਸੀ।
ਉਸ ਨੇ ਕਿਹਾ ਕਿ ਇਸ ‘ਧੋਖੇ’ ਨੇ ਉਸ ਨੂੰ ਅੰਦਰ ਤੱਕ ਸੱਟ ਮਾਰੀ ਹੈ। ਉਸ ਨੇ ਇਹ ਵੀ ਕਿਹਾ, “ਇਹ ਸਭ ਇੱਕ ਮੰਦਰ ਵਿੱਚ ਹੋਇਆ, ਇੱਕ ਅਜਿਹੀ ਜਗ੍ਹਾ ਜਿੱਥੇ ਮੈਂ ਸ਼ਾਂਤੀ ਲੱਭਣ ਗਈ ਸੀ।” ਉਸ ਨੇ ਕਿਹਾ ਕਿ ਉਹ ਦੁਨੀਆਂ ਭਰ ਵਿਚ ਇਕੱਲੀ ਘੁੰਮੀ ਹੈ ਪਰ ਉਸ ਨਾਲ ਕਦੇ ਕੋਈ ਮਾੜੀ ਘਟਨਾ ਨਹੀਂ ਵਾਪਰੀ।
ਕਨਾਰਨ ਨੇ ਕਿਹਾ ਕਿ ਉਸਨੇ 4 ਜੁਲਾਈ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਸੇਪਾਂਗ ਜ਼ਿਲ੍ਹਾ ਪੁਲਿਸ ਮੁਖੀ ਏਸੀਪੀ ਨੋਰਹਿਜ਼ਮ ਬਹਾਮਨ ਨੇ ਕਿਹਾ ਕਿ ਪੁਜਾਰੀ ਨੇ ਕਥਿਤ ਹਮਲਾ ਕਰਨ ਲਈ ਧਾਰਮਿਕ ਰਸਮਾਂ ਦੀ ਵਰਤੋਂ ਕੀਤੀ। ਪੁਲੀਸ ਇਸ ਵੇਲੇ ਸ਼ੱਕੀ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੀ ਭਾਲ ਜਾਰੀ ਹੈ।