ਹਰਦੋਈ: ਇੱਥੇ ਅੱਜ ਇੱਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਹਰਦੌਲ ਮਊ ਪਿੰਡ ਨੇੜੇ ਵਾਪਰੀ ਜਦੋਂ ਇੱਕ ਆਟੋਰਿਕਸ਼ਾ ਨੂੰ ਡੰਪਰ ਟਰੱਕ ਨੇ ਟੱਕਰ ਮਾਰ ਦਿੱਤੀ। ਆਟੋਰਿਕਸ਼ਾ ਬਾਂਗਰਮੌ ਤੋਂ ਸੰਦੀਲਾ ਜਾ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਸਾਰੇ ਪੀੜਤਾਂ ਨੂੰ ਸੰਦੀਲਾ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਛੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਤਿੰਨ ਨੂੰ ਅਗਲੇਰੇ ਇਲਾਜ ਲਈ ਲਖਨਊ ਦੇ ਟਰੌਮਾ ਸੈਂਟਰ ਵਿੱਚ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ‘ਚ ਇਕ ਬੱਚਾ ਵੀ ਸ਼ਾਮਲ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਆਟੋ ਰਿਕਸ਼ਾ ਚਾਲਕ ਦੀ ਪਛਾਣ ਰਣਜੀਤ ਵਜੋਂ ਹੋਈ ਹੈ ਅਤੇ ਸਵਾਰੀਆਂ ਦੀ ਪਛਾਣ ਅੰਕਿਤ ਕੁਮਾਰ, ਅਰਵਿੰਦ, ਫੂਲ ਜਹਾਂ, ਨਿਸਾਰ ਅਤੇ ਇੱਕ ਅਣਪਛਾਤੀ ਔਰਤ ਵਜੋਂ ਹੋਈ ਹੈ। ਪੁਲੀਸ ਸੁਪਰਡੈਂਟ ਨੀਰਜ ਕੁਮਾਰ ਜਾਦੌਨ ਨੇ ਕਿਹਾ ਕਿ ਇਸ ਟੱਕਰ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮੌਕੇ ਪੀੜਤਾਂ ਦੇ ਰਿਸ਼ਤੇਦਾਰ ਹਸਪਤਾਲ ਦੇ ਬਾਹਰ ਇਕੱਠੇ ਹੋਏ ਤੇ ਇਸ ਮਾਮਲੇ ’ਚ ਡਰਾਈਵਰ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।