PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਿਆਨ ਤੇ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਮੀਡੀਆ ਸਾਵਧਾਨੀ ਵਰਤੇ: ਸੁਪਰੀਮ ਕੋਰਟ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੀਡੀਆ ’ਚ ਅਹਿਮ ਅਹੁਦਿਆਂ ’ਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਕੋਈ ਵੀ ਬਿਆਨ, ਖ਼ਬਰ ਜਾਂ ਵਿਚਾਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਉਂਜ ਸਿਖਰਲੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਸੁਪਰੀਮ ਹੈ। ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਕਿਹਾ ਕਿ ਲੋਕਾਂ ਦੀ ਰਾਏ ਨੂੰ ਆਕਾਰ ਦੇਣ ’ਚ ਮੀਡੀਆ ਦੀ ਭੂਮਿਕਾ ਅਹਿਮ ਹੈ ਅਤੇ ਪ੍ਰੈੱਸ ਬਹੁਤ ਤੇਜ਼ੀ ਨਾਲ ਲੋਕਾਂ ਦੀਆਂ ਭਾਵਨਾਵਾਂ ਪ੍ਰਭਾਵਿਤ ਕਰਨ ਅਤੇ ਧਾਰਨਾਵਾਂ ਬਦਲਣ ਦੀ ਸਮਰੱਥਾ ਰਖਦੀ ਹੈ। ਬੈਂਚ ਨੇ ਇਹ ਟਿੱਪਣੀ ਅੰਗਰੇਜ਼ੀ ਅਖ਼ਬਾਰ ‘ਟਾਈਮਜ਼ ਆਫ਼ ਇੰਡੀਆ’ ਦੇ ਸੰਪਾਦਕੀ ਡਾਇਰੈਕਟਰ ਅਤੇ ਹੋਰ ਪੱਤਰਕਾਰਾਂ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਖਾਰਜ ਕਰਦਿਆਂ ਕੀਤੀ, ਜਿਨ੍ਹਾਂ ’ਤੇ ‘ਬਿਡ ਐਂਡ ਹੈਮਰ-ਫਾਈਨ ਆਰਟ ਔਕਸ਼ਨੀਅਰਜ਼’ ਵੱਲੋਂ ਨਿਲਾਮ ਕੀਤੀ ਜਾਣ ਵਾਲੀਆਂ ਕੁਝ ਪੇਂਟਿੰਗਾਂ ਦੀ ਪ੍ਰਮਾਣਿਕਤਾ ਬਾਰੇ ਕਥਿਤ ਤੌਰ ’ਤੇ ਅਪਮਾਨਜਨਕ ਖ਼ਬਰਾਂ ਪ੍ਰਕਾਸ਼ਿਤ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਬੈਂਚ ਨੇ 18 ਫਰਵਰੀ ਦੇ ਆਪਣੇ ਫ਼ੈਸਲੇ ’ਚ ਕਿਹਾ, ‘‘ਅਸੀਂ ਇਸ ਗੱਲ ’ਤੇ ਜ਼ੋਰ ਦੇਣਾ ਜ਼ਰੂਰੀ ਸਮਝਦੇ ਹਾਂ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 19(1)(ਏ) ਤਹਿਤ ਮਿਲੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਸਭ ਤੋਂ ਉਪਰ ਹੈ। ਨਾਲ ਹੀ ਇਹ ਵੀ ਦੁਹਰਾਇਆ ਜਾਂਦਾ ਹੈ ਕਿ ਮੀਡੀਆ ’ਚ ਕੰਮ ਕਰਨ ਵਾਲੇ ਵਿਅਕਤੀਆਂ, ਖਾਸ ਕਰਕੇ ਅਹਿਮ ਅਹੁਦਿਆਂ ’ਤੇ ਤਾਇਨਾਤ ਵਿਅਕਤੀਆਂ, ਲੇਖਕਾਂ ਆਦਿ ਨੂੰ ਕੋਈ ਵੀ ਬਿਆਨ, ਖ਼ਬਰ ਜਾਂ ਵਿਚਾਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ।’’

‘ਲੇਖ ਜਾਂ ਰਿਪੋਰਟ ਕਾਰਨ ਲੋਕਾਂ ਦੇ ਮਾਣ-ਸਨਮਾਨ ਨੂੰ ਪਹੁੰਚ ਸਕਦੀ ਹੈ ਠੇਸ’-ਸਿਖਰਲੀ ਅਦਾਲਤ ਨੇ ਬ੍ਰਿਟਿਸ਼ ਲੇਖਕ ਬੁਲਵਰ ਲਿਟਨ ਦਾ ਹਵਾਲਾ ਦਿੰਦਿਆਂ ਕਿਹਾ, ‘‘ਕਲਮ ਤਲਵਾਰ ਤੋਂ ਵੀ ਵੱਧ ਤਾਕਤਵਰ ਹੈ।’’ ਬੈਂਚ ਨੇ ਕਿਹਾ ਕਿ ਮੀਡੀਆ ਦੀ ਵਿਆਪਕ ਪਹੁੰਚ ਨੂੰ ਦੇਖਦਿਆਂ ਕੋਈ ਲੇਖ ਜਾਂ ਰਿਪੋਰਟ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਉਨ੍ਹਾਂ ਦੇ ਫ਼ੈਸਲੇ ਨੂੰ ਆਕਾਰ ਦੇ ਸਕਦੀ ਹੈ। ਕਿਸੇ ਮੀਡੀਆ ਰਿਪੋਰਟ ਜਾਂ ਲੇਖ ਨਾਲ ਸਬੰਧਤ ਲੋਕਾਂ ਦੇ ਮਾਣ-ਸਨਮਾਨ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ ਜਿਸ ਦੇ ਸਿੱਟੇ ਸਥਾਈ ਹੋ ਸਕਦੇ ਹਨ। ਬੈਂਚ ਨੇ ਕਿਹਾ, ‘‘ਇਹ ਮੀਡੀਆ ਰਿਪੋਰਟਿੰਗ ’ਚ ਸਟੀਕਤਾ ਅਤੇ ਨਿਰਪੱਖਤਾ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ, ਖਾਸ ਕਰਕੇ ਅਜਿਹੇ ਮਾਮਲਿਆਂ ਨਾਲ ਸਿੱਝਣ ’ਚ, ਜੋ ਵਿਅਕਤੀਆਂ ਜਾਂ ਅਦਾਰਿਆਂ ਦੀ ਇਮਾਨਦਾਰੀ ਨੂੰ ਅਸਰਅੰਦਾਜ਼ ਕਰਨ ਦੀ ਸਮਰੱਥਾ ਰਖਦੇ ਹਨ। ਇਨ੍ਹਾਂ ਤੱਥਾਂ ਨੂੰ ਧਿਆਨ ’ਚ ਰਖਦਿਆਂ ਲੇਖਾਂ ਦਾ ਪ੍ਰਕਾਸ਼ਨ ਲੋਕਾਂ ਦੇ ਹਿੱਤ ਅਤੇ ਚੰਗੀ ਭਾਵਨਾ ਨਾਲ ਕੀਤਾ ਜਾਣਾ ਚਾਹੀਦਾ ਹੈ।’’

Related posts

ਅਮਰਨਾਥ ਯਾਤਰਾ ਲਈ ਆਨਲਾਇਨ ਰਜਿਸਟ੍ਰੇਸ਼ਨ ਸ਼ੁਰੂ

On Punjab

US Election Results 2020: ਬਾਇਡਨ ਤੇ ਕਮਲ ਹੈਰਿਸ ਦੀ ਜਿੱਤ ਦਾ ਭਾਰਤ ‘ਤੇ ਪਏਗੀ ਕੀ ਅਸਰ?

On Punjab

ਸਵੈ ਕਥਨ

Pritpal Kaur