70.11 F
New York, US
August 4, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਨਾਲ ਜੁੜਿਆ ਹੈ ਆਟੋਮੋਬਾਈਲ ਖੇਤਰ ਦਾ ਭਵਿੱਖ: ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਟੋਮੋਬਾਈਲ ਖੇਤਰ ਦਾ ਭਵਿੱਖ ਭਾਰਤ ਨਾਲ ਜੁੜਿਆ ਹੋਇਆ ਹੈ। ਪਿਛਲੇ ਇੱਕ ਸਾਲ ਵਿੱਚ ਢਾਈ ਕਰੋੜ ਵਾਹਨਾਂ ਦੀ ਵਿਕਰੀ ਅਤੇ ਚਾਰ ਸਾਲਾਂ ਵਿੱਚ 36 ਅਰਬ ਡਾਲਰ ਦੇ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਇੱਥੇ ‘ਭਾਰਤ ਮੰਡਪਮ’ ਵਿੱਚ ਆਲਮੀ ਵਾਹਨ ਪ੍ਰਦਰਸ਼ਨੀ ‘ਭਾਰਤ ਮੋਬੀਲਿਟੀ ਗਲੋਬਲ ਐਕਸਪੋ-2025’ ਦਾ ਉਦਘਾਟਨ ਕੀਤਾ। ਇਸ ਮਗਰੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਟੋਮੋਬਾਈਲ ਖੇਤਰ ਵਿੱਚ ਅੱਗੇ ਵਧਣ ਅਤੇ ਭਵਿੱਖ ਬਣਾਉਣ ਦੇ ਇੱਛੁਕ ਨਿਵੇਸ਼ਕਾਂ ਲਈ ਅਹਿਮ ਮੰਜ਼ਿਲ ਹੈ।

ਇਸ ਸਾਲ ਪੰਜ ਦਿਨ (17 ਤੋਂ 22 ਜਨਵਰੀ) ਤੱਕ ਚੱਲਣ ਵਾਲੀ ਪ੍ਰਦਰਸ਼ਨੀ ਦਿੱਲੀ ਦੇ ਭਾਰਤ ਮੰਡਪਮ ਤੇ ਯਸ਼ੋਭੂਮੀ ਅਤੇ ਗ੍ਰੇਟਰ ਨੋਇਡਾ ਵਿੱਚ ਹੋ ਰਹੀ। ਪ੍ਰਦਰਸ਼ਨੀ ਵਿੱਚ ਆਟੋਮੋਬਾਈਲ, ਪੁਰਜ਼ਿਆਂ ਅਤੇ ਤਕਨਾਲੋਜੀਆਂ ਨਾਲ ਸਬੰਧਤ 100 ਤੋਂ ਵੱਧ ਨਵੇਂ ਉਤਪਾਦ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਮੋਦੀ ਨੇ ਕਿਹਾ ਕਿ ਮੋਟਰ ਵਾਹਨ ਉਦਯੋਗ ਨਵੀਨਤਾ ਅਤੇ ਤਕਨਾਲੋਜੀ ਤੋਂ ਪ੍ਰੇਰਿਤ ਹੈ ਅਤੇ ਇਸ ਖੇਤਰ ਦਾ ਭਵਿੱਖ ਪੂਰਬ, ਏਸ਼ੀਆ ਅਤੇ ਭਾਰਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਮੇਕ ਇਨ ਇੰਡੀਆ’ ਪਹਿਲ ਨੇ ਆਟੋਮੋਬਾਈਲ ਉਦਯੋਗ ਦੇ ਵਿਕਾਸ ਵਿੱਚ ਕਾਫ਼ੀ ਅਹਿਮ ਭੂਮਿਕਾ ਨਿਭਾਈ ਹੈ। ‘ਮੇਕ ਇਨ ਇੰਡੀਆ’ ਪਹਿਲ ਨੂੰ ਪੀਐੱਲਆਈ (ਉਤਪਾਦਨ ਸਬੰਧੀ ਹੁਲਾਰਾ) ਸਕੀਮ ਕਾਰਨ ਵੀ ਹੁਲਾਰਾ ਮਿਲਿਆ। ਇਸ ਯੋਜਨਾ ਨੇ ਆਟੋਮੋਬਾਈਲ ਖੇਤਰ ਵਿੱਚ ਸਿੱਧੇ ਤੌਰ ’ਤੇ ਡੇਢ ਲੱਖ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ। ਇਸ ਮੌਕੇ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਮਨੋਹਰ ਲਾਲ ਖੱਟਰ, ਐੱਚਡੀ ਕੁਮਾਰਸਵਾਮੀ, ਜੀਤਨ ਰਾਮ ਮਾਂਝੀ ਅਤੇ ਹਰਦੀਪ ਸਿੰਘ ਪੁਰੀ ਮੌਜੂਦ ਸਨ।

ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 640 ਗੁਣਾਂ ਵਧਣ ਦਾ ਦਾਅਵਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਇਲੈਕਟ੍ਰਿਕ ਵਾਹਨ ਤੇਜ਼ੀ ਨਾਲ ਵਧੇ ਹਨ ਅਤੇ ਪਿਛਲੇ ਇੱਕ ਦਹਾਕੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 640 ਗੁਣਾ ਵਧੀ ਹੈ। ਉਨ੍ਹਾਂ ਕਿਹਾ ਕਿ ਦਸ ਸਾਲ ਪਹਿਲਾਂ ਜਿੱਥੇ ਹਰ ਸਾਲ ਸਿਰਫ਼ 2,600 ਇਲੈਕਟ੍ਰਿਕ ਵਾਹਨ ਵੇਚੇ ਜਾਂਦੇ ਸਨ, ਉਥੇ 2024 ਵਿੱਚ 16.8 ਲੱਖ ਤੋਂ ਵੱਧ ਇਲੈਕਟ੍ਰਿਕ ਵਾਹਨ ਵੇਚੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਹਾਕੇ ਦੇ ਅੰਤ ਤੱਕ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਅੱਠ ਗੁਣਾ ਹੋ ਸਕਦੀ ਹੈ, ਜੋ ਕਿ ਇਸ ਖੇਤਰ ਵਿੱਚ ਅਪਾਰ ਸੰਭਾਵਨਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਰਤਨ ਟਾਟਾ ਅਤੇ ਓਸਾਮੂ ਸੁਜ਼ੂਕੀ ਨੂੰ ਵੀ ਯਾਦ ਕੀਤਾ।

 

Related posts

ਸੜਕ ਹਾਦਸੇ ‘ਚ ਜਥੇਦਾਰ ਤੋਤਾ ਸਿੰਘ ਦੇ ਪੀਏ ਤੇ ਉਸ ਦੀ ਮਾਂ ਦੀ ਮੌਤ, ਪਤਨੀ ਤੇ ਬੇਟੀ ਸਣੇ ਚਾਰ ਜ਼ਖ਼ਮੀ

On Punjab

ਅਫ਼ਗਾਨਿਸਤਾਨ ਦੇ ਇਸ ਹਵਾਈ ਅੱਡੇ ‘ਤੇ ਲਗਪਗ 2 ਦਹਾਕਿਆਂ ਬਾਅਦ ਸ਼ੁਰੂ ਹੋਈਆਂ ਸਿਵਲ ਉਡਾਣਾਂ, ਜਾਣੋ ਕਿਉਂ ਕਰ ਦਿੱਤੀਆਂ ਸਨ ਬੰਦ

On Punjab

ਪਰਾਲੀ ਸਾੜਨ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਖਿਲਾਫ਼ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਭਾਜਪਾ: ਕੰਗ

On Punjab