PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਕਾਂਗਰਸ ਭਾਜਪਾ, ਆਰਐੱਸਐੱਸ ਤੇ ਭਾਰਤ ਰਾਜ ਨਾਲ ਲੜ ਰਹੀ ਹੈ: ਰਾਹੁਲ ਗਾਂਧੀ

ਨਵੀਂ ਦਿੱਲੀ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਭਾਜਪਾ, ਆਰਐੱਸਐੱਸ ਤੇ ਭਾਰਤ ਰਾਜ’ ਨਾਲ ਲੜ ਰਹੀ ਹੈ। ਉਧਰ ਭਾਜਪਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਜੋ ਕੁਝ ਵੀ ਕਰਦੇ ਜਾਂ ਕਹਿੰਦੇ ਹਨ, ਉਹ ਭਾਰਤ ਨੂੰ ਤੋੜਨ ਤੇ ਸਮਾਜ ਵਿਚ ਵੰਡੀਆਂ ਪਾਉਣ ਵੱਲ ਸੇਧਤ ਹੈ। ਗਾਂਧੀ ਨੇ ਅੱਜ ਨਵੇਂ ਕਾਂਗਰਸ ਹੈੱਡਕੁਆਰਟਰਜ਼ ਦੇ ਉਦਘਾਟਨ ਮੌਕੇ ਮੋਹਨ ਭਾਗਵਤ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਆਰਐੱਸਐੱਸ ਮੁਖੀ ਦੀ ਇਹ ਟਿੱਪਣੀ ਕਿ ਭਾਰਤ ਨੂੰ ‘ਅਸਲ ਆਜ਼ਾਦੀ’ ਰਾਮ ਮੰਦਿਰ ਦੇ ਨਿਰਮਾਣ ਮਗਰੋਂ ਮਿਲੀ ਦੇਸ਼ਧ੍ਰੋਹ ਦੇ ਬਰਾਬਰ ਅਤੇ ਹਰੇਕ ਭਾਰਤੀ ਦਾ ਨਿਰਾਦਰ ਹੈ।

ਗਾਂਧੀ ਨੇ ਕਾਂਗਰਸ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਹ ਨਾ ਸੋਚੋ ਕਿ ਅਸੀਂ ਨਿਰਪੱਖ ਲੜਾਈ ਲੜ ਰਹੇ ਹਾਂ। ਇਸ ਵਿੱਚ ਕੋਈ ਨਿਰਪੱਖਤਾ ਨਹੀਂ ਹੈ। ਜੇ ਤੁਸੀਂ ਮੰਨਦੇ ਹੋ ਕਿ ਅਸੀਂ ਭਾਜਪਾ ਨਾਮ ਦੇ ਸਿਆਸੀ ਸੰਗਠਨ ਨਾਲ ਲੜ ਰਹੇ ਹਾਂ, ਅਸੀਂ ਆਰਐੱਸਐੱਸ ਨਾਂ ਦੇ ਸਿਆਸੀ ਸੰਗਠਨ ਨਾਲ ਲੜ ਰਹੇ ਹਾਂ, ਤਾਂ ਤੁਸੀਂ ਸਮਝ ਨਹੀਂ ਸਕੇ ਕਿ ਕੀ ਹੋ ਰਿਹਾ ਹੈ। ਭਾਜਪਾ ਤੇ ਆਰਐੱਸਐੱਸ ਨੇ ਸਾਡੇ ਦੇਸ਼ ਦੇ ਹਰੇਕ ਸੰਸਥਾਨ ’ਤੇ ਕਬਜ਼ਾ ਕਰ ਲਿਆ ਹੈ। ਅਸੀਂ ਹੁਣ ਭਾਜਪਾ, ਆਰਐਸਐਸ ਅਤੇ ਭਾਰਤੀ ਰਾਜ ਨਾਲ ਲੜ ਰਹੇ ਹਾਂ।’’

ਉਧਰ ਭਾਜਪਾ ਨੇ ਗਾਂਧੀ ਦੀਆਂ ਇਨ੍ਹਾਂ ਟਿੱਪਣੀਆਂ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਕੇਂਦਰੀ ਮੰਤਰੀ ਜੇਪੀ ਨੱਢਾ ਨੇ ਕਿਹਾ ਕਿ ਕਾਂਗਰਸ ਦੇ ਆਪਣੇ ਆਗੂ ਨੇ ਇਸ ਦਾ ‘ਭੱਦਾ ਸੱਚ’ ਉਜਾਗਰ ਕਰ ਦਿੱਤਾ ਹੈ। ਨੱਢਾ ਨੇ ਐਕਸ ’ਤੇ ਇਕ ਪੋਸਟ ਵਿਚ ਦਾਅਵਾ ਕੀਤਾ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਗਾਂਧੀ ਤੇ ਉਨ੍ਹਾਂ ਦੁਆਲੇ ਚੌਗਿਰਦੇ ਦਾ ਸ਼ਹਿਰੀ ਨਕਸਲੀਆਂ ਨਾਲ ਨੇੜਲਾ ਸਬੰੰਧ ਹੈ, ਜੋ ਭਾਰਤ ਨੂੰ ‘ਬਦਨਾਮ ਕਰਨ ਦੇ ਨਾਲ ਨੀਵਾਂ ਦਿਖਾਉਣਾ ਚਾਹੁੰਦੇ ਹਨ।’ ਨੱਢਾ ਨੇ ਕਿਹਾ, ‘‘ਇਹ ਗੱਲ ਹੁਣ ਲੁਕੀ ਨਹੀਂ ਕਿ ਕਾਂਗਰਸ ਦਾ ਭੱਦਾ ਸੱਚਾ ਇਸ ਦੇ ਆਪਣੇ ਆਗੂ ਨੇ ਉਜਾਗਰ ਕਰ ਦਿੱਤਾ ਹੈ।’’ ਭਾਜਪਾ ਪ੍ਰਧਾਨ ਨੇ ਕਿਹਾ, ‘‘ਮੈਂ ਸ੍ਰੀ ਰਾਹੁਲ ਗਾਂਧੀ ਦੀ ‘ਤਾਰੀਫ਼’ ਕਰਦਾ ਹਾਂ ਕਿ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਉਹ ਕਿਹਾ ਜੋ ਦੇਸ਼ ਜਾਣਦਾ ਹੈ – ਕਿ ਉਹ ਭਾਰਤੀ ਰਾਜ ਨਾਲ ਲੜ ਰਹੇ ਹਨ!’’ ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦਾ ਭਾਰਤ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨੂੰ ਉਤਸ਼ਾਹਿਤ ਕਰਨ ਦਾ ਇਤਿਹਾਸ ਰਿਹਾ ਹੈ। ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਨਿਰਮਲਾ ਸੀਤਾਰਮਨ ਨੇ ਕਿਹਾ, ‘‘ਵਿਰੋਧੀ ਧਿਰ ਦਾ ਆਗੂ, ਜਿਸ ਨੇ ਸੰਵਿਧਾਨ ਦੀ ਸਹੁੰ ਚੁੱਕੀ ਸੀ, ਹੁਣ ਕਹਿ ਰਿਹੈ, ‘‘ਅਸੀਂ ਭਾਜਪਾ, ਆਰਐੱਸਐੱਸ ਤੇ ਭਾਰਤ ਰਾਜ ਨਾਲ ਲੜ ਰਹੇ ਹਾਂ!’’ ਰਾਹੁਲ ਗਾਂਧੀ ਜੀ ਫਿਰ ਤੁਸੀਂ ਆਪਣੇ ਹੱਥ ਵਿਚ ਸੰਵਿਧਾਨ ਦੀ ਕਾਪੀ ਕਿਉਂ ਫੜੀ ਸੀ?’’

ਕਾਬਿਲੇਗੌਰ ਹੈ ਕਿ ਕਾਂਗਰਸ ਦੇ ਨਵੇਂ ਹੈੱਡਕੁਆਰਟਰ ਇੰਦਰਾ ਗਾਂਧੀ ਭਵਨ ਵਿਖੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ, ਗਾਂਧੀ ਨੇ ਕਿਹਾ ਕਿ ਉਹ ਵਿਚਾਰਧਾਰਾਵਾਂ ਦੀ ਇਹ ਲੜਾਈ ਮੁਸ਼ਕਲ ਹਾਲਾਤਾਂ ਵਿੱਚ ਲੜ ਰਹੇ ਹਨ ਜਿੱਥੇ ਭਾਜਪਾ ਅਤੇ ਆਰਐੱਸਐੱਸ ਵੱਲੋਂ ਸੰਸਥਾਵਾਂ ਉੱਤੇ ‘ਕਬਜ਼ਾ’ ਕੀਤਾ ਗਿਆ ਹੈ ਅਤੇ ਜਾਂਚ ਏਜੰਸੀਆਂ ਨੂੰ ਵਿਰੋਧੀ ਆਗੂਆਂ ਵਿਰੁੱਧ ਵਰਤਿਆ ਜਾ ਰਿਹਾ ਹੈ। ਗਾਂਧੀ ਨੇ ਚੋਣ ਕਮਿਸ਼ਨ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਦੋਸ਼ ਲਗਾਇਆ ਕਿ ਦੇਸ਼ ਦੀ ਚੋਣ ਪ੍ਰਣਾਲੀ ਵਿੱਚ ਇੱਕ ‘ਗੰਭੀਰ ਸਮੱਸਿਆ’ ਹੈ ਅਤੇ ਚੋਣ ਸੰਸਥਾ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਚੋਣਾਂ ਵਿੱਚ ਵੋਟਰ ਸੂਚੀਆਂ ਦੇ ਮੁੱਦੇ ’ਤੇ ਸਪੱਸ਼ਟੀਕਰਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣਾ ਨਵਾਂ ਹੈੱਡਕੁਆਰਟਰ ਅਜਿਹੇ ਸਮੇਂ ਮਿਲ ਰਿਹਾ ਹੈ ਜਦੋਂ ਆਰਐੱਸਐੱਸ ਮੁਖੀ ਨੇ ਕਿਹਾ ਹੈ ਕਿ ਭਾਰਤ ਨੇ 1947 ਵਿੱਚ ਕਦੇ ਵੀ ਆਜ਼ਾਦੀ ਪ੍ਰਾਪਤ ਨਹੀਂ ਕੀਤੀ ਅਤੇ ਭਾਰਤ ਵਿੱਚ ਸੱਚੀ ਆਜ਼ਾਦੀ ਉਦੋਂ ਪ੍ਰਾਪਤ ਹੋਈ ਜਦੋਂ ਰਾਮ ਮੰਦਰ ਬਣਾਇਆ ਗਿਆ ਸੀ।

Related posts

ਪਾਕਿਸਤਾਨ ’ਚ ਨਵਾਜ਼ ਸ਼ਰੀਫ਼ ਦਾ ਜਵਾਈ ਗ੍ਰਿਫ਼ਤਾਰ

On Punjab

Let us be proud of our women by encouraging and supporting them

On Punjab

Karnataka : ਦੇਸ਼ ‘ਚ 36 ਹਜ਼ਾਰ ਮੰਦਰਾਂ ਨੂੰ ਨਸ਼ਟ ਕਰ ਕੇ ਮਸਜਿਦਾਂ ਬਣਾਉਣ ਦਾ ਨਿਰਮਾਣ, ਕਰਨਾਟਕ ਭਾਜਪਾ ਵਿਧਾਇਕ ਨੇ ਕੀਤਾ ਦਾਅਵਾ

On Punjab