36.12 F
New York, US
January 22, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ’ਚ ਸੀਤ ਲਹਿਰ ਤੇ ਧੁੰਦ ਨੇ ਕੰਬਣੀ ਛੇੜੀ

ਚੰਡੀਗੜ੍ਹ-ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਸਾਲ ਦੇ ਆਖਰੀ ਦਿਨ ਵੀ ਸੰਘਣੀ ਧੁੰਤ ਦੇ ਸੀਤ ਲਹਿਰ ਕਰਕੇ ਠੰਢ ਦਾ ਕਹਿਰ ਜਾਰੀ ਰਿਹਾ ਹੈ, ਜਿਸ ਕਾਰਨ ਦਿਨ ਸਮੇਂ ਵੀ ਲੋਕਾਂ ਨੂੰ ਕੰਬਣੀ ਛਿੜੀ ਰਹੀ। ਠੰਢ ਕਾਰਨ ਬਹੁਤੇ ਲੋਕ ਆਪਣੇ ਘਰਾਂ ’ਚ ਹੀ ਰਹੇ ਜਦਕਿ ਰਾਹਗੀਰਾਂ ਨੂੰ ਠੰਢੀਆਂ ਹਵਾਵਾਂ ਕਰਕੇ ਵਾਹਨ ਚਲਾਉਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਪੰਜਾਬ ਦਾ ਬਠਿੰਡਾ ਅਤੇ ਅੱਜ ਸਵੇਰੇ ਬੱਲੋਵਾਲ ਸੂਬੇ ਦਾ ਸਭ ਤੋਂ ਠੰਢੇ ਸ਼ਹਿਰ ਰਿਹਾ। ਬੱਲੋਵਾਲ ਵਿੱਚ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਤੇ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਨਵੇਂ ਸਾਲ ਮੌਕੇ 1 ਜਨਵਰੀ ਨੂੰ ਵੀ ਸੀਤ ਲਹਿਰਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਦੌਰਾਨ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਪੰਜਾਬ ਵਿੱਚ ਸਵੇਰ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਠੰਢ ਵਧਣ ਦੇ ਨਾਲ ਹੀ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਵੱਧ ਗਈ ਹੈ।

ਅੰਮ੍ਰਿਤਸਰ ਦਾ ਤਾਪਮਾਨ 13 ਡਿਗਰੀ ਦਰਜ-ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ ਦਾ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਹੋਇਆ। ਇਸ ਦੌਰਾਨ ਲੁਧਿਆਣਾ ਦਾ ਤਾਪਮਾਨ 14.2 ਡਿਗਰੀ, ਪਟਿਆਲਾ ਦਾ 13.1, ਪਠਾਨਕੋਟ ਦਾ 11.2, ਬਠਿੰਡਾ ਦਾ 14.4, ਗੁਰਦਾਸਪੁਰ ਦਾ 15, ਬਰਨਾਲਾ ’ਚ 13.3, ਫਤਹਿਗੜ੍ਹ ਸਾਹਿਬ ਵਿੱਚ 11.7, ਫਿਰੋਜ਼ਪੁਰ ਵਿੱਚ 13.8, ਮੋਗਾ ਦਾ 12.4, ਮੁਹਾਲੀ ਦਾ 12.1 ਡਿਗਰੀ ਅਤੇ ਜਲੰਧਰ ਦਾ ਤਾਪਮਾਨ 12.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਕਸ਼ਮੀਰ: ਨਵੇਂ ਵਰ੍ਹੇ ਦੇ ਪਹਿਲੇ ਦਿਨ ਹੋ ਸਕਦੀ ਹੈ ਬਰਫ਼ਬਾਰੀ-ਕਸ਼ਮੀਰ ਵਿੱਚ ਅੱਜ ਸੀਤ ਲਹਿਰ ਹੋਰ ਤੇਜ਼ ਹੋ ਗਈ ਅਤੇ ਮੌਸਮ ਵਿਭਾਗ ਨੇ ਅਗਲੇ ਹਫਤੇ ਵਾਦੀ ’ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਮਨਫੀ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਨਾਲੋਂ ਡੇਢ ਡਿਗਰੀ ਘੱਟ ਹੈ। ਇਸੇ ਤਰ੍ਹਾਂ ਕਸ਼ਮੀਰ ’ਚ ਸਾਲਾਨਾ ਅਮਰਨਾਥ ਯਾਤਰਾ ਦੇ ਬੇਸ ਕੈਂਪ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਮਨਫੀ 8.4 ਡਿਗਰੀ ਸੈਲਸੀਅਸ ਰਿਹਾ, ਜਦਕਿ ਪਿਛਲੀ ਰਾਤ ਇਹ ਮਨਫੀ 9.2 ਡਿਗਰੀ ਸੈਲਸੀਅਸ ਸੀ। ਸ੍ਰੀਨਗਰ ਵਿੱਚ ਰਾਤ ਦਾ ਤਾਪਮਾਨ ਮਨਫ਼ੀ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਇਹ ਪਿਛਲੀ ਰਾਤ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਕਸ਼ਮੀਰ ਦੇ ਪ੍ਰਵੇਸ਼ ਦੁਆਰ ਕਾਜ਼ੀਗੁੰਡ ਅਤੇ ਪੰਪੋਰ ਸ਼ਹਿਰ ਦੇ ਕੋਨੀਬਲ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰੀ ਕਸ਼ਮੀਰ ਦੇ ਕੁਪਵਾੜਾ ’ਚ ਘੱਟੋ-ਘੱਟ ਤਾਪਮਾਨ 0.1, ਜਦਕਿ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ ਮਨਫ਼ੀ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਾਦੀ ਵਿੱਚ ਸਿਰਫ ਕੁਪਵਾੜਾ ’ਚ ਘੱਟੋ-ਘੱਟ ਤਾਪਮਾਨ ਮਨਫੀ ਤੋਂ ਉਪਰ ਹੈ। ਮੌਸਮ ਵਿਭਾਗ ਨੇ ਨਵੇਂ ਸਾਲ ਦੇ ਪਹਿਲੇ ਦਿਨ ਹਲਕੀ ਬਰਫਬਾਰੀ ਅਤੇ ਅਗਲੇ ਹਫਤੇ ਦਰਮਿਆਨੀ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ।  

ਹਿਮਾਚਲ ਦੀਆਂ ਬਹੁਤੀਆਂ ਥਾਵਾਂ ’ਤੇ ਨਿਕਲੀ ਧੁੱਪ-ਨਵੇਂ ਸਾਲ ਦਾ ਨਿੱਘਾ ਸਵਾਗਤ ਕਰਨ ਲਈ ਵੱਡੀ ਗਿਣਤੀ ਲੋਕ ਹਿਮਚਾਲ ਪ੍ਰਦੇਸ਼ ਦੇ ਪਹਾੜਾਂ ਵੱਲ ਜਾ ਰਹੇ ਹਨ। ਅੱਜ ਹਿਮਾਚਲ ਦੀਆਂ ਬਹੁਤੀਆਂ ਥਾਵਾਂ ’ਤੇ ਧੁੱਪ ਨਿਕਲੀ ਅਤੇ ਮੌਸਮ ਵਿਭਾਗ ਅਨੁਸਾਰ ਪਹਾੜੀ ਰਾਜ ਵਿੱਚ 3 ਜਨਵਰੀ ਤੱਕ ਇਸੇ ਤਰ੍ਹਾਂ ਧੁੱਪ ਨਿਕਲਦੀ ਰਹੇਗੀ ਪਰ ਇਸ ਤੋਂ ਬਾਅਦ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਸ਼ਿਮਲਾ, ਕਸੌਲੀ, ਚੈਲ, ਕੁਫਰੀ, ਨਾਰਕੰਡਾ, ਧਰਮਸ਼ਾਲਾ, ਪਾਲਮਪੁਰ ਅਤੇ ਮਨਾਲੀ ਵਰਗੇ ਪਹਾੜੀ ਇਲਾਕਿਆਂ ਵਿੱਚ ਮੌਸਮ ਨਿੱਘਾ ਹੈ ਅਤੇ ਮੈਦਾਨੀ ਇਲਾਕਿਆਂ ਦੀ ਠੰਢ ਤੋਂ ਛੁਟਕਾਰਾ ਪਾਉਣ ਲਈ ਬਿਲਕੁਲ ਸਹੀ ਜਾਪ ਰਿਹਾ ਹੈ। ਮਨਾਲੀ, ਕੁਫਰੀ ਅਤੇ ਨਾਰਕੰਡਾ ਨੇੜੇ ਪਹਾੜੀਆਂ ਹਾਲੇ ਵੀ ਬਰਫ ਦੀ ਚਿੱਟੀ ਚਾਦਰ ਨਾਲ ਢਕੀਆਂ ਹੋਈਆਂ ਹਨ। ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ 6.4 ਜਦਕਿ ਵੱਧ ਤੋਂ ਵੱਧ ਤਾਪਮਾਨ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.7 ਡਿਗਰੀ ਸੈਲਸੀਅਸ ਵੱਧ ਹੈ। ਇਸੇ ਤਰ੍ਹਾਂ ਤਾਬੋ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 17.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Related posts

ਖੂਨੀ ਟਕਰਾਅ ’ਚ ਬਦਲਿਆ ਸਕੂਲੀ ਵਿਦਿਆਰਥੀਆਂ ਦਾ ਝਗੜਾ; ਰਾਜੀਨਾਮਾ ਕਰਨ ਗਏ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ

On Punjab

Covid 19 In India: ਫਿਰ ਡਰਾ ਰਿਹੈ ਕੋਰੋਨਾ! ਚਾਰ ਮਹੀਨਿਆਂ ਬਾਅਦ ਆਏ ਸਭ ਤੋਂ ਵੱਧ ਮਾਮਲੇ, ਕੇਂਦਰ ਨੇ ਇਨ੍ਹਾਂ 6 ਸੂਬਿਆਂ ਨੂੰ ਜਾਰੀ ਕੀਤਾ ਅਲਰਟ

On Punjab

ਕਿਰਤੀ ਕਿਸਾਨ ਯੂਨੀਅਨ ਵੱਲੋਂ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਜੋਂ 25 ਮਾਰਚ ਨੂੰ ਲੁਧਿਆਣੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਪਿੰਡਾਂ ਚ ਮੀਟਿੰਗਾਂ

Pritpal Kaur