PreetNama
ਖਬਰਾਂ/News

ਇਨਕਲਾਬੀ ਲੋਕ ਮੋਰਚਾ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਰਨਗੇ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਕਾਨਫਰੰਸ

ਇਨਕਲਾਬੀ ਲੋਕ ਮੋਰਚਾ ਪੰਜਾਬ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 23 ਮਾਰਚ ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਹੁਸੈਨੀਵਾਲਾ ਵਿਖੇ ਕਾਨਫ਼ਰੰਸ ਕੀਤੀ ਜਾਵੇਗੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ ਮਹਿਮਾ ਅਤੇ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਲਈ ਹੁਸੈਨੀਵਾਲਾ ਵਿਖੇ ਸਿਆਸੀ ਕਾਨਫਰੰਸ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵੋਟਾਂ ਲੈਣ ਵੇਲੇ ਸ਼ਹੀਦਾਂ ਦੇ ਨਾਮ ਨੂੰ ਵਰਤਦੀਆਂ ਹਨ ਪਰ ਸੱਤਾ ਹੱਥਆਉਣ ਤੋਂ ਬਾਅਦ ਆਪਣੇ ਵਾਅਦੇ ਨੂੰ ਭੁੱਲ ਜਾਂਦੀਆਂ ਹਨ ।

ਹਰ ਸਾਲ ਸ਼ਹੀਦਾਂ ਦੀ ਸਮਾਧ ਉੱਪਰ ਸਿਆਸੀ ਨੁਮਾਇੰਦੇ ਫੁੱਲ ਮਲਾਵਾਂ ਭੇਟ ਕਰਨ ਆਉਂਦੇ ਹਨ ਪਰ ਭਗਤ ਸਿੰਘ ਦੀ ਸੋਚ ਦੇ ਉਲਟ ਕੰਮ ਕਰਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਤੋਂ ਪਹਿਲਾਂ ਖਟਕੜ ਕਲਾਂ ਤੋਂ ਮੁਹਾਲੀ ਤੱਕ ਇਸ ਗੱਲ ਲਈ ਮਾਰਚ ਕਰਦੀ ਰਹੀ ਹੈ ਕਿ ਮੁਹਾਲੀ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾਵੇ । ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਜੋ ਪਾਰਟੀ ਬਣਾਈ ਸੀ ਉਸਦੀ ਸ਼ੁਰੂਆਤ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਕੀਤੀ ਸੀ , ਪਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਹ ਅੱਜ ਪੰਜਾਬ ਦੀ ਸਰਕਾਰ ਵਿੱਚ ਬੈਠੇ ਹਨ ਤੇ ਸਰਕਾਰ ਨੇ ਇਸ ਸਾਲ ਸ਼ਹੀਦੀ ਦਿਹਾੜੇ ਤੇ ਛੁੱਟੀ ਵੀ ਨਹੀ ਕੀਤੀ ।

ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਭਗਤ ਸਿੰਘ ਨੂੰ ਹਾਲੇ ਵੀ ਅੱਤਵਾਦੀ ਕਹਿਣਾ ਅਤੇ ਇੱਕ ਪਾਸੇ ਉਸਦੇ ਬੁੱਤਾਂ ਉਪਰ ਹਾਰ ਚੜ੍ਹਾਉਣਾ ਇਹ ਭਗਤ ਸਿੰਘ ਅਤੇ ਉਸ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਨਾਲ ਸਰਾਸਰ ਧੋਖਾ ਹੈ । ਉਨ੍ਹਾਂ ਇਹ ਮੰਗ ਕੀਤੀ ਕਿ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਸ਼ਹੀਦੀ ਦਿਹਾੜੇ ਵਾਲੇ ਦਿਨ ਕੌਮੀ ਛੁੱਟੀ ਦਾ ਐਲਾਨ ਕੀਤਾ ਜਾਵੇ । ਮੁਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉੱਪਰ ਰੱਖਿਆ ਜਾਵੇ । ਆਗੂਆਂ ਨੇ ਕਿਹਾ ਕਿ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਿੰਡਾਂ ਵਿਚ ਮੀਟਿੰਗਾਂ ਅਤੇ ਫ਼ੰਡ ਮੁਹਿੰਮ ਜ਼ੋਰਾਂ ਤੇ ਚੱਲ ਰਹੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 23 ਮਾਰਚ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਵੱਲੋਂ ਕੀਤੀ ਜਾ ਰਹੀ ਸਿਆਸੀ ਕਾਨਫ਼ਰੰਸ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਵੋ ।

Related posts

ਹੋਲੀ ….

Pritpal Kaur

ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਦਫ਼ਤਰੀ ਕਾਮਿਆਂ ਨੇ ਅਰਥੀ ਫੂਕ ਮੁਜ਼ਾਹਰਾ

Pritpal Kaur

Sargun Mehta: ਜ਼ਿੰਦਗੀ ‘ਚ ਹਾਰ ਮੰਨਣ ਤੋਂ ਪਹਿਲਾਂ ਸੁਣ ਲਓ ਸਰਗੁਣ ਮਹਿਤਾ ਦੀਆਂ ਇਹ ਗੱਲਾਂ, ਮਿਲੇਗੀ ਹਿੰਮਤ, ਦੇਖੋ ਵੀਡੀਓ

On Punjab