ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਦਿਲਚਸਪ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਲ ਸਿੰਘ ਚੱਢਾ ਦਾ ਟ੍ਰੇਲਰ ਆਈਪੀਐੱਲ ਦੇ ਫਾਈਨਲ ਮੈਚ ਦੌਰਾਨ ਰਿਲੀਜ਼ ਕੀਤਾ ਜਾਵੇਗਾ। ਆਮਿਰ ਖ਼ਾਨ ਨੇ ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਬਾਰੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਅਧਿਕਾਰਤ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਆਮਿਰ ਖ਼ਾਨ ਆਪਣੀ ਗੱਲ ਕਹਿ ਰਹੇ ਹਨ, ਉਦੋਂ ਇਕ ਵਿਅਕਤੀ ਉਨ੍ਹਾਂ ਨੂੰ ਲਾਲ ਸਿੰਘ ਚੱਢਾ ਦੇ ਟ੍ਰੇਲਰ ਬਾਰੇ ਪੁੱਛਦਾ ਹੈ ਕਿ ਸਰ ਤੁਸੀਂ ਲਾਲ ਸਿੰਘ ਚੱਢਾ ਦਾ ਟ੍ਰੇਲਰ ਕਦੋਂ ਦਿਖਾਓਗੇ। ਵਿਅਕਤੀ ਦੇ ਸਵਾਲ ਦਾ ਜਵਾਬ ਦਿੰਦਿਆਂ ਸੁਪਰਸਟਾਰ ਦਾ ਕਹਿਣਾ ਹੈ ਕਿ ਫਿਲਮ ਦਾ ਟ੍ਰੇਲਰ 29 ਮਈ ਨੂੰ ਆਈਪੀਐਲ ਫਾਈਨਲ ਮੈਚ ਦੀ ਪਹਿਲੀ ਪਾਰੀ ਤੋਂ ਬਾਅਦ ਦੂਸਰੇ ਟਾਈਮ ਆਊਟ ਦੌਰਾਨ ਰਿਲੀਜ਼ ਕੀਤਾ ਜਾਵੇਗਾ। ਪ੍ਰੋਡਕਸ਼ਨ ਹਾਊਸ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸ਼ੇਅਰ ਕੀਤਾ ਅਤੇ ਲਿਖਿਆ, ‘ਲਾਲ ਸਿੰਘ ਚੱਢਾ’ ਦਾ ਟ੍ਰੇਲਰ 29 ਮਈ ਨੂੰ ਟੀ-20 ਕਿ੍ਰਕਟ ਫਾਈਨਲ ਮੈਚ ਦੀ ਪਹਿਲੀ ਪਾਰੀ ਤੋਂ ਬਾਅਦ ਦੂਸਰੇ ਟਾਈਮ ਆਊਟ ਰਿਲੀਜ਼ ਕੀਤਾ ਜਾਵੇਗਾ।
ਅਦਵੈਤ ਚੰਦਨ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ਵਿਚ ਆਮਿਰ ਖ਼ਾਨ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ, ਜਦੋਂਕਿ ਅਦਾਕਾਰਾ ਕਰੀਨਾ ਕਪੂਰ ਖ਼ਾਨ ਉਨ੍ਹਾਂ ਦੀ ਪ੍ਰੇਮਿਕਾ ਦੇ ਕਿਰਦਾਰ ’ਚ ਨਜ਼ਰ ਆਵੇਗੀ। ਫਿਲਮ ‘ਲਾਲ ਸਿੰਘ ਚੱਢਾ’ ’ਚ ਆਮਿਰ ਖ਼ਾਨ, ਕਰੀਨਾ ਤੋਂ ਇਲਾਵਾ ਸਾਊਥ ਦੇ ਅਦਾਕਾਰ ਨਾਗਾ ਚੇਤੰਨਿਆ ਅਤੇ ਮੋਨਾ ਸਿੰਘ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ।
ਫਿਲਮ ਅਗਸਤ ’ਚ ਰਿਲੀਜ਼ ਹੋਵੇਗੀ
ਜ਼ਿਕਰਯੋਗ ਹੈ ਕਿ ਆਮਿਰ ਖ਼ਾਨ ਦੀ ਇਹ ਫਿਲਮ ਇਸ ਸਾਲ 14 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣੀ ਸੀ ਪਰ ਮੰਗਲਵਾਰ ਨੂੰ ਫਿਲਮ ਨਿਰਮਾਤਾਵਾਂ ਨੇ ਇਹ ਕਹਿੰਦਿਆਂ ਫਿਲਮ ਦੀ ਰਿਲੀਜ਼ ਤਰੀਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਕਿ ਲਾਲ ਸਿੰਘ ਚੱਢਾ ਹੁਣ 11 ਅਗਸਤ, 2022 ਨੂੰ ਸਿਨੇਮਾਘਰਾਂ ’ਚ ਆਵੇਗੀ। ਇਸ ਦੇ ਨਾਲ ਹੀ ਕੋਵਿਡ-19 ਪ੍ਰੋਟੋਕੋਲ ਨੂੰ ਧਿਆਨ ’ਚ ਰੱਖਦੇ ਹੋਏ ਕਈ ਵਾਰ ਫਿਲਮ ਦੀ ਰਿਲੀਜ਼ ਡੇਟ ਨੂੰ ਟਾਲ ਦਿੱਤਾ ਗਿਆ ਸੀ।