78.42 F
New York, US
July 29, 2025
PreetNama
ਖੇਡ-ਜਗਤ/Sports News

ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ‘ਚ ਭਾਰਤ ਨੂੰ ਦਿਵਾਇਆ 5ਵਾਂ ਗੋਲਡ, ਬੈਡਮਿੰਟਨ ‘ਚ ਕੀਤਾ ਕਮਾਲ

ਟੋਕੀਓ ਪੈਰਾਲੰਪਿਕਸ ‘ਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਐਤਵਾਰ ਦੀ ਸ਼ੁਰੂਆਤ ਸਿਲਵਰ ਮੈਡਲ ਦੇ ਨਾਲ ਹੋਈ ਤੇ ਤਾਜ਼ਾ ਖ਼ਬਰ ਇਹ ਹੈ ਕਿ ਭਾਰਤ ਦੇ ਖਾਤੇ ‘ਚ ਇਕ ਹੋਰ ਗੋਲਡ ਆਇਆ ਹੈ। ਬੈਡਮਿੰਟਨ ਪੁਰਸ਼ ਏਕਲ SH6 ‘ਚ ਕ੍ਰਿਸ਼ਨਾ ਨਾਗਰ ਨੇ ਕਾਈ ਮਾਨ ਚੂ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਇਹ ਟੋਕੀਓ ਪੈਰਾਲੰਪਿਕਸ ‘ਚ ਭਾਰਤ ਦਾ ਕੁੱਲ 19ਵਾਂ ਮੈਡਲ ਹੈ ਤੇ ਇਸ ਵਿਚ 5 ਗੋਲਡ ਹਨ। ਫਾਈਨਲ ਮੁਕਾਬਲੇ ਦੇ ਪਹਿਲੇ ਦੌਰ ਦੀ ਖੇਡ ‘ਚ ਕ੍ਰਿਸ਼ਨਾ ਨੇ ਕਾਈ ਮਾਨ ਚੂ ਨੂੰ 21-17 ਨਾਲ ਹਰਾਇਆ। ਹਾਲਾਂਕਿ, ਦੂਸਰੀ ਗੇਮ ‘ਚ ਹਾਂਗਕਾਂਗ ਦੇ ਖਿਡਾਰੀ ਨੇ ਵਾਪਸੀ ਕੀਤੀ ਤੇ ਮੁਕਾਬਲਾ 21-16 ਨਾਲ ਆਪਣੇ ਨਾਂ ਕੀਤਾ, ਪਰ ਤੀਸਰੇ ਰਾਊਂਡ ‘ਚ ਭਾਰਤੀ ਪੈਰਾ ਸ਼ਟਲਰ ਕ੍ਰਿਸ਼ਨਾ ਨਾਗਰ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ 21-17 ਨਾਲ ਜਿੱਤ ਹਾਸਲ ਕੀਤੀ ਤੇ ਮੁਕਾਬਲਾ 2-1 ਨਾਲ ਜਿੱਤ ਕੇ ਗੋਲਡ ਮੈਡਲ ‘ਤੇ ਕਬਜ਼ਾ ਕੀਤਾ

ਇਸ ਤੋਂ ਪਹਿਲਾਂ ਬੈਡਮਿੰਟਨ ਪੁਰਸ਼ ਏਕਲ SL4 ‘ਚ ਨੋਇਡਾ ਦੇ ਡੀਐੱਮ ਸੁਹਾਸ ਐੱਲ ਯਤੀਰਾਜ ਨੇ ਦੇਸ਼ ਨੂੰ ਸਿਲਵਰ ਮੈਡਲ ਦਿਵਾਇਆ ਹੈ। ਇਹ ਭਾਰਤ ਦਾ 18ਵਾਂ ਮੈਡਲ ਸੀ।

ਟੋਕੀਓ ‘ਚ ਜਾਰੀ ਪੈਰਾਲੰਪਿਕ ਖੇਡਾਂ ਆਪਣੇ ਆਖਰੀ ਪੜਾਅ ‘ਚ ਹਨ ਤੇ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਹੁਣ ਤਕ ਦਮਦਾਰ ਰਿਹਾ ਹੈ। ਭਾਰਤ ਨੇ ਪੰਜ ਗੋਲਡ ਮੈਡਲ, 8 ਸਿਲਵਰ ਮੈਡਲ ਤੇ 6 ਕਾਂਸੀ ਮੈਡਲ ਜਿੱਤੇ ਹਨ। ਪੈਰਾਲੰਪਿਕ ਖੇਡਾਂ ਦੇ ਇਤਿਹਾਸ ‘ਚ ਭਾਰਤ ਲਈ ਇਹ ਟੂਰਨਾਮੈਂਟ ਇਤਿਹਾਸਕ ਰਿਹਾ ਹੈ, ਕਿਉਂਕਿ ਭਾਰਤ ਨੇ ਹੁਣ ਤਕ ਸਿਰਫ਼ 12 ਮੈਡਲ ਹੀ ਇਨ੍ਹਾਂ ਖੇਡਾਂ ‘ਚ ਜਿੱਤੇ ਸਨ, ਪਰ ਹੁਣ ਇੱਕੋ ਪੈਰਾਲੰਪਿਕ ‘ਚ ਭਾਰਤ ਨੇ ਡੇਢ ਦਰਜਨ ਤੋਂ ਜ਼ਿਆਦਾ ਮੈਡਲਾਂ ‘ਤੇ ਕਬਜ਼ਾ ਜਮਾਇਆ ਹੈ।

ਰਾਜਸਥਾਨ ਦੇ ਕ੍ਰਿਸ਼ਨਾ ਨਾਗਰ ਫਿਲਹਾਲ ਮਹਿਜ਼ 22 ਸਾਲ ਦੇ ਹਨ ਤੇ ਉਨ੍ਹਾਂ ਪੈਰਾਲੰਪਿਕ ‘ਚ ਗੋਲਡ ਮੈਡਲ ਜਿੱਤਣ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤੇ ਕਾਂਸੀ ਮੈਡਲ ਜਿੱਤਿਆ ਹੋਇਆ ਹੈ। ਇਸ ਤੋਂ ਇਲਾਵਾ ਪੈਰਾ ਏਸ਼ੀਅਨ ਗੇਮਜ਼ ‘ਚ ਵੀ ਕਾਂਸੀ ਮੈਡਲ ਆਪਣੇ ਨਾਂ ਕਰ ਚੁੱਕੇ ਹਨ। ਆਪਣੀ ਕੈਟਾਗਰੀ “ਚ ਉਹ ਇਸ ਵੇਲੇ ਦੁਨੀਆ ਦੇ ਦੂਸਰੇ ਨੰਬਰ ਦੇ ਖਿਡਾਰੀ ਹਨ। ਮੌਜੂਦਾ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਉਹ ਜਲਦ ਨੰਬਰ ਇਕ ‘ਤੇ ਵੀ ਕਾਬਜ਼ ਹੋ ਸਕਦੇ ਹਨ।

Related posts

ਕ੍ਰਿਕਟ ਖਿਡਾਰੀ ਮੀਆਂਦਾਦ ਸਰਹੱਦ ‘ਤੇ ਲਾਉਣਗੇ ਸ਼ਾਂਤੀ ਦੇ ‘ਛੱਕੇ’

On Punjab

ਪੈਰ ਗੁਆਉਣ ‘ਤੇ ਨਹੀਂ ਮੰਨੀ ਹਾਰ, ਬਣੇ ਨੇਜ਼ਾ ਸੁੱਟ ਖਿਡਾਰੀ, ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਪੈਰਾਲੰਪਿਕ ਖਿਡਾਰੀ ਸੁਮਿਤ ਆਂਤਿਲ ਦੀ ਕਹਾਣੀ

On Punjab

ਸ਼ੋਇਬ ਅਖਤਰ ਨੇ ਪਾਕਿਸਤਾਨ ‘ਚ ਹਿੰਦੂ ਲੜਕੀ ਦੀ ਹੱਤਿਆ ‘ਤੇ ਮੰਗਿਆ ਇਨਸਾਫ਼

On Punjab