ਪ੍ਰਾਚੀਨ ਓਲੰਪਿਕ ਖੇਡਾਂ ਬੰਦ ਹੋਣ ਤੋਂ ਬਾਅਦ 15 ਸਦੀਆਂ ਦੇ ਵਕਫੇ ਦੌਰਾਨ ਸਮੇਂ-ਸਮੇਂ ਵਿਚਾਰਾਂ ਹੁੰਦੀਆਂ ਰਹੀਆਂ ਕਿ ਇਹ ਖੇਡਾਂ ਮੁੜ ਸ਼ੁਰੂ ਕਰਵਾਈਆਂ ਜਾਣ ਪਰ ਕਿਤੇ ਵੀ ਬੂਰ ਨਹੀਂ ਪਿਆ। ਆਖਰ ਇਨਂਾਂ ਖੇਡਾਂ ਨੂੰ ਕਰਵਾਉਣ ਲਈ ਫਰਾਂਸ ਸਰਕਾਰ ਨੇ ਸਰੀਰਕ ਸਿੱਖਿਆ ਦੇ ਅਧਿਆਪਕ ਬੈਰਲ ਪੀਅਰੇ ਡੀ ਕੂਬਰਤਿਨ ਨੂੰ ਜ਼ਿੰਮਾ ਸੌਂਪਿਆ। ਕੂਬਰਤਿਨ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਓਲੰਪਿਕ ਖੇਡਾਂ ਮੁੜ ਸ਼ੁਰੂ ਕਰਵਾਉਣ ਲਈ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਹੋਈਆਂ। 1894 ’ਚ ਓਲੰਪਿਕ ਖੇਡਾਂ ਨੂੰ ਮੁੜ ਕਰਵਾਉਣ ਦੀ ਯੋਜਨਾ ਪੱਕੇ ਪੈਰੀ ਹੋਈ ਅਤੇ ਨਵੀਨ ਓਲੰਪਿਕ ਖੇਡਾਂ ਦੇ ਨਾਂ ’ਤੇ ਪਹਿਲੀਆਂ ਖੇਡਾਂ 1896 ’ਚ ਏਥਨਜ਼ (ਯੂਨਾਨ) ਅਤੇ ਦੂਜੀਆਂ ਖੇਡਾਂ 1900 ’ਚ ਪੈਰਿਸ (ਫਰਾਂਸ) ਵਿਖੇ ਕਰਵਾਉਣ ਦਾ ਫੈਸਲਾ ਹੋਇਆ। ਹਾਲਾਂਕਿ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਲਈ ਫਰਾਂਸ ਪੱਬਾਂ ਭਾਰ ਸੀ ਪਰ ਖੇਡਾਂ ਦੀ ਰਵਾਇਤ ਅਤੇ ਮੁੱਢ ਯੂਨਾਨ ਨਾਲ ਜੁੜਿਆ ਹੋਣ ਕਰਕੇ ਪਹਿਲੀਆਂ ਓਲੰਪਿਕ ਖੇਡਾਂ ਏਥਨਜ਼ ਨੂੰ ਮਿਲੀਆਂ ਅਤੇ ਫਰਾਂਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਇਨਾਮ ਵਜੋਂ ਦੂਜੀਆਂ ਖੇਡਾਂ ਪੈਰਿਸ ਨੂੰ ਮਿਲੀਆਂ। ਇਸ ਤਰ੍ਹਂਾਂ ਨਵੀਨ ਓਲੰਪਿਕ ਖੇਡਾਂ ਦਾ ਮੁੱਢ ਬੱਝ ਗਿਆ ਅਤੇ ਇਹ ਹਰ ਚਾਰ ਸਾਲਾਂ ਦੇ ਵਕਫੇ ਬਾਅਦ ਕਰਵਾਉਣ ਦਾ ਸਮਾਂ ਮਿੱਥਿਆ ਗਿਆ। ਇਨ੍ਹਾਂ ਖੇਡਾਂ ਨੂੰ ਗਰਮ ਰੁੱਤ ਦੀਆਂ ਓਲੰਪਿਕ ਖੇਡਾਂ ਵੀ ਕਿਹਾ ਜਾਂਦਾ ਹੈ ਕਿਉਂਕਿ 1920 ਵਿੱਚ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਦੀ ਵੀ ਸ਼ੁਰੂਆਤ ਹੋਈ ਸੀ ਜੋ 1992 ਤੱਕ ਲੀਪ ਵਾਲੇ ਸਾਲ ਹੀ ਹੁੰਦੀਆਂ ਰਹੀਆਂ ਪਰ 1994 ਤੋਂ ਬਾਅਦ ਬਦਲਵੇਂ ਸਾਲ ਵਿੱਚ ਕਰਵਾਈਆਂ ਜਾਣ ਲੱਗੀਆਂ। ਇਨ੍ਹਾਂ ਖੇਡਾਂ ਵਿੱਚ ਸਿਰਫ ਬਰਫ ਉਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਆਦਿ ਹੀ ਸ਼ਾਮਲ ਹੁੰਦੀਆਂ ਜਿਨ੍ਹਾਂ ਵਿੱਚ ਸਿਰਫ ਉਨ੍ਹਾਂ ਮੁਲਕਾਂ ਦੇ ਹੀ ਖਿਡਾਰੀ ਹਿੱਸਾ ਲੈਂਦੇ ਹਨ ਜਿੱਥੇ ਬਰਫ ਪੈਂਦੀ ਹੈ।


