PreetNama
ਸਮਾਜ/Social

ਭਾਰਤ ‘ਚ ਨਵੇਂ ਅਮਰੀਕੀ ਰਾਜਦੂਤ ਲਈ ਨਾਮਜ਼ਦ ਹੋਣ ‘ਤੇ ਲਾਸ ਐਂਜਲਸ ਦੇ ਮੇਅਰ ਨੇ ਪ੍ਰਗਟਾਈ ਖੁਸ਼ੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਲਾਸ ਏਂਜਲਸ ਦੇ ਮੇਅਰ ਏਰਿਕ ਗਾਰਸੇਟੀ ਨੂੰ ਭਾਰਤ ’ਚ ਆਪਣੇ ਦੇਸ਼ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ ਹੈ। ਜੇ ਏਰਿਕ ਦੇ ਨਾਂ ’ਤੇ ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਦੀ ਮੋਹਰ ਲੱਗ ਜਾਂਦੀ ਹੈ ਤਾਂ ਉਹ ਭਾਰਤ ’ਚ ਅਮਰੀਕੀ ਰਾਜਦੂਤ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇਣਗੇ। ਰਾਜਦੂਤ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ’ਤੇ ਏਰਿਕ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਹੈ।

ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤ ਸਮੇਤ ਕਈ ਦੇਸ਼ਾਂ ਲਈ ਨਵੇਂ ਰਾਜਦੂਤਾਂ ਦੇ ਨਾਵਾਂ ਦਾ ਐਲਾਨ ਕੀਤਾ। ਉਨ੍ਹਾਂ ਪੀਟਰ ਡੀ ਹਾਸ ਨੂੰ ਬੰਗਲਾਦੇਸ਼ ਲਈ ਰਾਜਦੂਤ ਨਾਮਜ਼ਦ ਕੀਤਾ ਹੈ ਜਦੋਂਕਿ ਡੈਨਿਸ ਕੈਂਪਬੇਲ ਬਾਓਰ ਨੂੰ ਮੋਨਾਕੋ ਤੇ ਬਰਨਾਡੇਟ ਐੱਮ ਮੀਹਾਨ ਨੂੰ ਚਿਲੀ ਲਈ ਰਾਜਦੂਤ ਨਾਮਜ਼ਦ ਕੀਤਾ। ਕੇਨੇਥ ਜਸਟਰ ਦੇ ਅਸਤੀਫ਼ੇ ਕਾਰਨ ਬੀਤੀ 20 ਜਨਵਰੀ ਤੋਂ ਭਾਰਤ ’ਚ ਅਮਰੀਕੀ ਰਾਜਦੂਤ ਦਾ ਅਹੁਦਾ ਖ਼ਾਲੀ ਹੈ। ਟਰੰਪ ਪ੍ਰਸ਼ਾਸਨ ਦੌਰਾਨ ਜਸਟਰ ਨੇ ਭਾਰਤ ’ਚ ਅਮਰੀਕੀ ਰਾਜਦੂਤ ਦੇ ਤੌਰ ’ਤੇ ਕੰਮ ਕੀਤਾ ਸੀ। ਪੂਰੇ ਸਮੇਂ ਦੇ ਰਾਜਦੂਤ ਦੀ ਨਿਯੁਕਤੀ ਨਾਲ ਹੋਣ ’ਤੇ ਅਮਰੀਕਾ ਦੇ ਅੰਤ੍ਰਿਮ ਰਾਜਦੂਤ ਦੇ ਤੌਰ ’ਤੇ ਡੈਨੀਅਲ ਸਮਿਥ ਨੂੰ ਭਾਰਤ ਭੇਜਿਆ ਗਿਆ ਹੈ। ਏਰਿਕ ਨੇ ਇਕ ਬਿਆਨ ’ਚ ਕਿਹਾ, ‘ਅੱਜ ਰਾਸ਼ਟਰਪਤੀ ਨੇ ਭਾਰਤ ’ਚ ਅਮਰੀਕੀ ਰਾਜਦੂਤ ਦੇ ਤੌਰ ’ਤੇ ਸੇਵਾ ਦੇਣ ਲਈ ਮੇਰੇ ਨਾਂ ਦਾ ਐਲਾਨ ਕੀਤਾ। ਨਵੀਂ ਭੂਮਿਕਾ ਲਈ ਨਾਮਜ਼ਦ ਪ੍ਰਸਤਾਵ ਨੂੰ ਸਵੀਕਾਰ ਕਰ ਕੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’ ਅਮਰੀਕੀ ਮੀਡੀਆ ’ਚ ਭਾਰਤ ਲਈ ਨਵੇਂ ਰਾਜਦੂਤ ਦੇ ਤੌਰ ’ਤੇ ਏਰਿਕ ਦੇ ਨਾਂ ਦੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ।

50 ਸਾਲਾ ਏਰਿਕ ਨੇ ਬੀਤੇ ਸਾਲ ਨਵੰਬਰ ’ਚ ਹੋਏ ਰਾਸ਼ਟਰਪਤੀ ਚੋਣਾਂ ਦੌਰਾਨ ਬਾਇਡਨ ਦੀ ਪ੍ਰਚਾਰ ਮੁਹਿੰਮ ’ਚ ਸਹਿ-ਪ੍ਰਧਾਨ ਦੇ ਤੌਰ ’ਤੇ ਕੰਮ ਕੀਤਾ ਸੀ। ਉਹ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੇ ਮੈਂਬਰ ਹੋਣ ਦੇ ਨਾਲ 2013 ਤੋਂ ਲਾਸ ਏਂਜਲਸ ਸ਼ਹਿਰ ਦੇ ਮੇਅਰ ਹਨ। ਉਹ ਇਸ ਸ਼ਹਿਰ ਦੇ ਪਹਿਲੇ ਚੁਣੇ ਗਏ ਯਹੂਦੀ ਮੇਅਰ ਹਨ। ਪਹਿਲਾਂ ਇਹ ਚਰਚਾ ਸੀ ਕਿ ਏਰਿਕ ਨੂੰ ਕੈਬਨਿਟ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਉਹ ਬਾਇਡਨ ਦੇ ਕਰੀਬੀ ਹੋਣ ਦੇ ਨਾਲ ਹੀ ਨੇਵੀ ਦੇ ਖ਼ੁਫ਼ੀਆ ਅਧਿਕਾਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਹਿੰਦ-ਪ੍ਰਸ਼ਾਂਤ ਖੇਤਰ ਦੀ ਚੰਗੀ ਸਮਝ ਹੈ।

ਭਾਰਤੀਵੰਸ਼ੀਆਂ ਨੇ ਕੀਤਾ ਸਵਾਗਤ

ਏਰਿਕ ਨੂੰ ਰਾਜਦੂਤ ਨਾਮਜ਼ਦ ਕੀਤੇ ਜਾਣ ਦਾ ਅਮਰੀਕਾ ਦੇ ਕਈ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਤੇ ਭਾਰਤੀ ਮੂਲ ਦੇ ਲੋਕਾਂ ਨੇ ਸਵਾਗਤ ਕੀਤਾ ਹੈ। ਸੈਨੇਟਰ ਡਿਆਨ ਫੇਨਸਟੀਨ ਨੇ ਕਿਹਾ, ‘ਭਾਰਤ ’ਚ ਅਮਰੀਕੀ ਰਾਜਦੂਤ ਦੇ ਤੌਰ ’ਤੇ ਮੇਅਰ ਏਰਿਕ ਬਿਹਤਰੀਨ ਪਸੰਦ ਹਨ।’ ਜਦੋਂਕਿ ਭਾਰਤੀ ਮੂਲ ਦੇ ਕਾਰੋਬਾਰੀ ਐੱਮਆਰ ਰੰਗਾਸਵਾਮੀ ਨੇ ਕਿਹਾ ਕਿ ਏਰਿਕ ਨੂੰ ਨਾਮਜ਼ਦ ਕੀਤੇ ਜਾਣ ਤੋਂ ਜ਼ਾਹਿਰ ਹੁੰਦਾ ਹੈ ਕਿ ਬਾਇਡਨ ਪ੍ਰਸ਼ਾਸਨ ਭਾਰਤ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਇੱਛੁਕ ਹੈ।

Related posts

Parliament Candeen Subsidy : ਸੰਸਦ ਦੀ ਕੰਟੀਨ ‘ਚ ਹੁਣ ਨਹੀਂ ਮਿਲੇਗਾ ਸਬਸਿਡੀ ਵਾਲਾ ਖਾਣਾ

On Punjab

ਸੁਰੱਖਿਆ ਏਜੰਸੀਆਂ ਨੇ ਇਮਰਾਨ ਖਾਨ ਦੇ ‘ਕਤਲ ਦੀ ਕੋਸ਼ਿਸ਼’ ਮਾਮਲੇ ‘ਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

On Punjab

ਚੀਨੀ ਮੀਡੀਆ ਦਾ ਦਾਅਵਾ, ਗਲਵਾਨ ‘ਚ ਝੜਪ ਤੋਂ ਪਹਿਲਾਂ ਇੰਝ ਸੈਨਿਕਾਂ ਨੂੰ ਬਣਾਇਆ ਸੀ ਫੁਰਤੀਲਾ

On Punjab