32.18 F
New York, US
January 22, 2026
PreetNama
ਖੇਡ-ਜਗਤ/Sports News

ਇਗੋਰ ਸਟੀਮੈਕ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਫੀਫਾ ਕੁਆਲੀਫਾਇਰ

ਭਾਰਤੀ ਫੁੱਟਬਾਲ ਟੀਮ ਇਸ ਵੇਲੇ ਕਤਰ ਵਿਚ ਫੀਫਾ ਵਰਲਡ ਕੱਪ ਕੁਆਲੀਫਾਇਰ ਤੇ ਏਸ਼ੀਅਨ ਕੁਆਲੀਫਾਇਰ ਦੀਆਂ ਤਿਆਰੀਆਂ ਕਰ ਰਹੀ ਹੈ । ਭਾਰਤ (105) ਨੇ ਕਤਰ (58) ਨਾਲ 3 ਜੂਨ, ਬੰਗਲਾਦੇਸ਼ (184) ਨਾਲ 7 ਜੂਨ ਤੇ ਅਫ਼ਗਾਨਿਸਤਾਨ (149) ਨਾਲ 15 ਜੂਨ ਨੂੰ ਮੈਚ ਖੇਡਣਾ ਹੈ। 1998 ਵਰਲਡ ਕੱਪ ਸੈਮੀਫਾਈਨਲਸਟ ਟੀਮ ਦੇ ਡਿਫੈਂਡਰ ਰਹੇ ਭਾਰਤੀ ਟੀਮ ਦੇ ਕੋਚ ਇਗੋਰ ਸਟੀਮੈਕ ਨੇ ਵਿਸ਼ਵਾਸ ਦਿਵਾਇਆ ਹੈ ਕਿ ਟੀਮ ਕਤਰ ਵਿਚ ਵਧੀਆ ਪ੍ਦਰਸ਼ਨ ਕਰੇਗੀ। ਹਾਲਾਂਕਿ ਕੁਝ ਖੇਡ ਮਾਹਰ ਸਟੀਮੈਕ ਦੀ ਗੱਲ ਨਾਲ ਇਤਫ਼ਾਕ ਨਹੀਂ ਰੱਖਦੇ। ਦੱਸ ਦੇਈਏ ਕਿ ਇਗੋਰ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਨੇ 12 ਮੈਚਾਂ ਵਿੱਚੋਂ ਸਿਰਫ਼ ਇਕ ਮੈਚ ਜਿੱਤਿਆ, 5 ਡਰਾਅ ਅਤੇ 6 ਮੈਚ ਹਾਰੇ ਹਨ। ਸਟੀਮੈਕ ਦਾ ਕਹਿਣਾ ਹੈ ਕਿ ਉਹ ਭਾਰਤੀ ਫੁੱਟਬਾਲ ਦੀ ਡਿਫੈਂਸਿਵ ਸ਼ੈਲੀ ਨੂੰ ਬਦਲ ਕੇ ਪੁਜੀਸ਼ਨ ਬੇਸਡ ਸ਼ੈਲੀ ਅਪਣਾ ਰਹੇ ਹਨ, ਜਿਸ ਕਾਰਨ ਟੀਮ ਦੇ ਨਤੀਜੇ ਚੰਗੇ ਨਹੀਂ ਆ ਰਹੇ ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਗਲੇ 4 ਸਾਲਾਂ ਵਿਚ ਭਾਰਤੀ ਟੀਮ ਏਸ਼ੀਆ ਦੀਆਂ ਟਾਪ ਟੀਮਾਂ ’ਚ ਸ਼ੁਮਾਰ ਹੋਵੇਗੀ ।ਹੁਣ ਤਕ ਦੇ ਫੀਫਾ ਕੁਆਲੀਫਾਇਰਸ ’ਤੇ ਨਜ਼ਰ ਮਾਰੀਏ ਤਾਂ ਭਾਰਤੀ ਟੀਮ ਨੇ 5 ਮੈਚਾਂ ’ਚੋਂ 3 ਡਰਾਅ ਤੇ 2 ਹਾਰੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਾਰਤੀ ਟੀਮ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਵਰਗੀਆਂ ਟੀਮਾਂ ਨੂੰ ਹਰਾਉਣ ’ਚ ਨਾਕਾਮ ਰਹੀ ਹੈ, ਜੋ ਕਿ ਰੈਂਕਿੰਗ ’ਚ ਬਹੁਤ ਪਿੱਛੇ ਹਨ। ਬੰਗਲਾਦੇਸ਼ ਨਾਲ ਕੋਲਕਾਤਾ ’ਚ ਹੋਏ ਮੈਚ ਵਿਚ ਤਾਂ ਭਾਰਤ 60 ਹਜ਼ਾਰ ਘਰੇਲੂ ਦਰਸ਼ਕਾਂ ਸਾਹਮਣੇ ਹਾਰਦੇ – ਹਾਰਦੇ ਬਚਿਆ । ਇਸ ਮਾੜੇ ਪ੍ਰਦਰਸ਼ਨ ਦੀ ਮਾਹਿਰਾਂ ਵੱਲੋਂ ਬਹੁਤ ਆਲੋਚਨਾ ਕੀਤੀ ਗਈ ਅਤੇ ਕੁਝ ਮਾਹਰਾਂ ਨੇ ਤਾਂ ਇਸ ਟੀਮ ਨੂੰ ਭਾਰਤ ਦੀ ਹੁਣ ਤਕ ਦੀ ਸਭ ਤੋਂ ਮਾੜੀ ਟੀਮ ਵੀ ਕਰਾਰ ਦਿੱਤਾ।

ਸਭ ਤੋਂ ਵੱਧ ਆਲੋਚਨਾ ਕੋਚ ਸਟੀਮੈਕ ਦੀ ਕੀਤੀ ਗਈ। ਆਲੋਚਕ ਮੰਨਦੇ ਹਨ ਕਿ ਏ. ਆਈ. ਐੱਫ. ਐੱਫ ਨੂੰ ਕੋਈ ਦੇਸੀ ਕੋਚ ਰੱਖਣਾ ਚਾਹੀਦਾ ਹੈ। ਆਲਮੀ ਕੱਪ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਕਰੋਏਸ਼ੀਆਈ ਟੀਮ ਦਾ ਡਿਫੈਂਡਰ ਹੋਣ ਕਾਰਨ ਏ .ਆਈ.ਐੱਫ .ਐੱਫ ਕੋਚ ਸਟੀਮੈਕ ਨੂੰ 26 ਹਜ਼ਾਰ ਡਾਲਰ ਪ੍ਰਤੀ ਮਹੀਨਾ ਮੋਟੀ ਫੀਸ ਦੇ ਰਹੀ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਸਿਰਫ਼ ਇਕ ਮੈਚ ਜਿੱਤ ਸਕਿਆ ਹੈ।

 

 

ਕੁਆਲੀਫਾਇਰਸ ’ਚ ਪ੍ਰਦਰਸ਼ਨ ਖ਼ਰਾਬ ਹੋਣ ਕਾਰਨ ਭਾਰਤ ਇਸ ਵੇਲੇ 5 ਟੀਮਾਂ ਦੇ ਗਰੁੱਪ ’ਚੋਂ ਚੌਥੇ ਸਥਾਨ ’ਤੇ ਹੈ ਜਦਕਿ ਗਰੁੱਪ ਦੀਆਂ ਪਹਿਲੀਆਂ ਦੋ ਟੀਮਾਂ ਹੀ ਅਗਲੇ ਦੌਰ ਲਈ ਕੁਆਲੀਫਾਈ ਕਰਨਗੀਆਂ। ਆਲੋਚਕਾਂ ਦਾ ਮੰਨਣਾ ਹੈ ਕਿ ਆਸਾਨ ਗਰੁੱਪ ਮਿਲਣ ਦੇ ਬਾਵਜੂਦ ਟੀਮ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਤੇ ਇਸ ਦਾ ਜ਼ਿੰਮੇਵਾਰ ਕਿਸੇ ਹੱਦ ਤਕ ਉਹ ਸਟੀਮੈਕ ਨੂੰ ਹੀ ਮੰਨਦੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤੀ ਟੀਮ ਤਬਦੀਲੀ ਦੇ ਦੌਰ ’ਚੋਂ ਲੰਘ ਰਹੀ ਹੈ ਅਤੇ ਖਿਡਾਰੀਆਂ ਨੂੰ ਉੱਚ ਪੱਧਰ ਤੇ ਪ੍ਰਦਰਸ਼ਨ ਕਰਨ ਲਈ ਸਮਾਂ ਲੱਗੇਗਾ ਪਰ ਸਟੀਮੈਕ ਨੂੰ ਇਹ ਵੀ ਧਿਆਨ ’ਚ ਰੱਖਣਾ ਪਵੇਗਾ ਕਿ ਤਬਦੀਲੀ ਦੇ ਚੱਕਰਾਂ ਵਿਚ ਆਪਾਂ ਹਾਰਨ ਦੀ ਆਦਤ ਹੀ ਨਾ ਬਣਾ ਲਈਏ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਟੀਮ ਤੇ ਸਟੀਮੈਕ ਆਲੋਚਕਾਂ ਨੂੰ ਕਿਸ ਤਰੀਕੇ ਦੇ ਪ੍ਰਦਰਸ਼ਨ ਨਾਲ ਸ਼ਾਂਤ ਰੱਖ ਸਕਣਗੇ ਕਿਉਂਕਿ ਮਾੜੇ ਪ੍ਰਦਰਸ਼ਨ ਦੀ ਸੂਰਤ ਵਿਚ ਸਟੀਮੈਕ ਦੀ ਛੁੱਟੀ ਹੋਣਾ ਲਗਭਗ ਤੈਅ ਹੈ।

Related posts

ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੀ ਮੇਜ਼ਬਾਨੀ ਕਰੇਗਾ ਭਾਰਤ, ਨੀਤਾ ਅੰਬਾਨੀ ਨੇ ਕੀਤੀ ਜ਼ੋਰਦਾਰ ਵਕਾਲਤ

On Punjab

ICC ਦਾ ਵੱਡਾ ਫੈਸਲਾ, T20 ਵਿਸ਼ਵ ਕੱਪ ਨੂੰ ਅੱਗੇ ਖਿਸਕਾਉਣ ਕੋਈ ਪਲਾਨ ਨਹੀਂ

On Punjab

Ind vs Eng : ਵਨਡੇ ਡੈਬਿਊ ਕੈਪ ਪਹਿਣਨਦੇ ਹੀ ਰੋਣ ਲੱਗਾ ਇਹ ਭਾਰਤੀ ਆਲਰਾਊਂਡਰ, ਪਿਤਾ ਨੂੰ ਕੀਤਾ ਯਾਦ

On Punjab