PreetNama
ਖਾਸ-ਖਬਰਾਂ/Important News

ਚੀਨ ਤੇ ਅਮਰੀਕਾ ਦੀਆਂ ਜੰਗੀ ਬੜ੍ਹਕਾਂ, ਫੌਜਾਂ ਦਾ ਯੁੱਧ ਅਭਿਆਸ

ਬੈਂਕਾਕ: ਅਮਰੀਕਾ ਦੀ ਅੱਖ ਹੁਣ ਏਸ਼ੀਆ ‘ਤੇ ਹੈ। ਚੀਨ ਨਾਲ ਲਗਾਤਾਰ ਵਧਦੇ ਤਣਾਅ ਕਰਕੇ ਅਮਰੀਕਾ ਕੁਝ ਏਸ਼ਿਆਈ ਮੁਲਕਾਂ ਨਾਲ ਮਿਲ ਕੇ ਇਸ ਖਿੱਤੇ ਵਿੱਚ ਆਪਣੀ ਤਾਕਤ ਵਧਾਉਣ ਲਈ ਚਾਰਾ ਮਾਰ ਰਿਹਾ ਹੈ। ਦਿਲਚਸਪ ਗੱਲ ਹੈ ਕਿ ਵਪਾਰਕ ਵਿਰੋਧ ਹੋਣ ਦੇ ਬਾਵਜੂਦ ਅਮਰੀਕਾ ਦੀ ਨੇੜਤਾ ਭਾਰਤ ਨਾਲ ਬਰਕਰਾਰ ਹੈ ਪਰ ਗੁਆਂਢੀ ਮੁਲਕ ਪਾਕਿਸਤਾਨ ਦਾ ਚੀਨ ਵੱਲ ਝੁਕਾਅ ਹੋ ਰਿਹਾ ਹੈ।

ਚੀਨ ਨੂੰ ਆਪਣੀ ਤਾਕਤ ਵਿਖਾਉਣ ਲਈ ਅਮਰੀਕਾ ਤੇ 10 ਦੱਖਣ-ਪੂਰਬੀ ਏਸ਼ਿਆਈ ਮੁਲਕ ਸਤੰਬਰ ਵਿੱਚ ਆਪਣਾ ਪਹਿਲਾ ਸਾਂਝਾ ਜਲ ਸੈਨਾ ਜੰਗੀ ਅਭਿਆਸ ਕਰਨਗੇ। ਸੂਤਰਾਂ ਦਾ ਕਹਿਣਾ ਹੈ ਕਿ ਇਸ ਅਭਿਆਸ ਦਾ ਮਕਸਦ ਕਿਸੇ ਮੁਲਕ ਨੂੰ ਗਲਤ ਕਦਮ ਚੁੱਕਣ ਤੋਂ ਵਰਜਣਾ ਹੈ। ਸਪਸ਼ਟ ਹੈ ਕਿ ਅਮਰੀਕਾ ਤੇ ਚੀਨ ਖਿੱਤੇ ਵਿੱਚ ਆਪਣਾ ਰਸੂਖ਼ ਕਾਇਮ ਕਰਨ ਲਈ ਜੂਝ ਰਹੇ ਹਨ। ਇਸ ਲਈ ਹੀ ਇਹ ਜੰਗੀ ਬੜ੍ਹਕਾਂ ਮਾਰੀਆਂ ਜਾ ਰਹੀਆਂ ਹਨ।

ਇਹ ਵੀ ਸੱਚ ਹੈ ਕਿ ਰਵਾਇਤੀ ਤੌਰ ’ਤੇ ਅਮਰੀਕਾ ਦਾ ਹੀ ਦੱਖਣ-ਪੂਰਬੀ ਖਿੱਤੇ ਵਿੱਚ ਦਬਦਬਾ ਰਿਹਾ ਹੈ। ਹੁਣ ਮੁੜ ਇਸ ਵੱਲੋਂ ਗਤੀਵਿਧੀਆਂ ਵਧਾਉਣੀਆਂ ਚੀਨ ਨਾਲ ਵਧੀ ਵਪਾਰਕ ਜੰਗ ਦਾ ਸਿੱਟਾ ਮੰਨਿਆ ਜਾ ਰਿਹਾ ਹੈ ਕਿਉਂਕਿ ਦੋਵੇਂ ਮੁਲਕ ਆਲਮੀ ਆਰਥਿਕਤਾ ’ਤੇ ਸ਼ਿਕੰਜਾ ਕੱਸਣ ਲਈ ਕਮਰਕੱਸੇ ਕਰ ਰਹੇ ਹਨ।

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇਸੇ ਮਹੀਨੇ ਦੇ ਸ਼ੁਰੂ ਵਿਚ ਹੀ 10 ਮੁਲਕਾਂ ਦੇ ਸੰਗਠਨ ‘ਆਸੀਆਨ’ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਸੀ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ‘ਹਿੰਦ-ਪ੍ਰਸ਼ਾਂਤ’ ਰਣਨੀਤੀ ਦਾ ਨਾਂ ਦਿੱਤਾ ਹੈ। ਚੀਨ ਵੱਲੋਂ ਦੱਖਣੀ ਚੀਨੀ ਸਮੁੰਦਰੀ ਖਿੱਤੇ ’ਤੇ ਜਤਾਇਆ ਜਾ ਰਿਹਾ ਹੱਕ ਵੀ ਇਸ ਟਕਰਾਅ ਨੂੰ ਸ਼ਹਿ ਦੇ ਰਿਹਾ ਹੈ।

ਦੱਖਣੀ ਚੀਨੀ ਸਮੁੰਦਰੀ ਖਿੱਤੇ ’ਚ ਖਣਿਜ ਪਦਾਰਥਾਂ ਦੀ ਭਰਮਾਰ ਹੈ। ਇਹ ਦੁਨੀਆ ਦੇ ਕੁਝ ਇਕ ਸਭ ਤੋਂ ਅਹਿਮ ਸਮੁੰਦਰੀ ਲਾਂਘਿਆਂ ਵਿੱਚੋਂ ਇੱਕ ਹੈ। ਚੀਨ ਦੇ ਇਸ ਮੁੱਦੇ ’ਤੇ ਚਾਰ ਆਸੀਆਨ ਮੁਲਕਾਂ ਨਾਲ ਵਖ਼ਰੇਵੇਂ ਹਨ ਪਰ ਇਸ ਦੇ ਬਾਵਜੂਦ ਉਸ ਨੇ ਲੰਘੇ ਵਰ੍ਹੇ ਇਸ ਖੇਤਰੀ ਬਲਾਕ ਨਾਲ ਸਾਂਝਾ ਜਲ ਸੈਨਾ ਜੰਗੀ ਅਭਿਆਸ ਕੀਤਾ ਹੈ। ਇਸ ਤਰ੍ਹਾਂ ਦਾ ਜੰਗੀ ਅਭਿਆਸ ਹੁਣ ਅਮਰੀਕਾ ਤੇ ਆਸੀਆਨ ਮੁਲਕਾਂ ਦੀ ਜਲ ਸੈਨਾ ਦੋ ਸਤੰਬਰ ਨੂੰ ਕਰੇਗੀ।

Related posts

ਤੇਜ਼ ਰਫ਼ਤਾਰ ਮਰਸਿਡੀਜ਼ ਨੇ ਦੋ ਨੌਜਵਾਨਾਂ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ

On Punjab

ਸੇਵਾਦਾਰ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਮਸ਼ਹੂਰ ਗੁਰਦੁਆਰਾ ਕੀਤਾ ਬੰਦ

On Punjab

ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਏ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ

Pritpal Kaur